ਗਾਂ ਦਾ ਦੁੱਧ ਪੀਣ ਨਾਲ ਖਰਾਬ ਹੋ ਸਕਦੀਆਂ ਹਨ ਬੱਚਿਆਂ ਦੀਆਂ ਕਿਡਨੀਆਂ
Friday, Dec 27, 2019 - 08:26 PM (IST)
ਜਲੰਧਰ (ਸੋਮਨਾਥ)- ਬੱਚਿਆਂ ਦੇ ਵਿਕਾਸ ਵਿਚ ਮਾਂ ਦਾ ਦੁੱਧ ਸਭ ਤੋਂ ਉੱਤਮ ਆਹਾਰ ਮੰਨਿਆ ਗਿਆ ਹੈ। ਮਾਂ ਵਲੋਂ ਬੱਚਿਆਂ ਨੂੰ ਦੁੱਧ ਨਾ ਚੁੰਘਾਉਣ ਅਤੇ 6 ਮਹੀਨੇ ਦੇ ਨਵਜੰਮੇ ਬੱਚੇ ਨੂੰ ਅਕਸਰ ਗਾਂ ਦਾ ਦੁੱਧ ਦੇਣ ਦੀ ਸਲਾਹ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਗਾਂ ਦਾ ਦੁੱਧ ਮੱਝ ਦੇ ਦੁੱਧ ਤੋਂ ਪਤਲਾ ਹੁੰਦਾ ਹੈ। ਇਹ ਵੀ ਮੰਨਿਆ ਗਿਆ ਹੈ ਕਿ ਨਵਜੰਮੇ ਬੱਚੇ ਨੂੰ ਗਾਂ ਦਾ ਦੁੱਧ ਜਲਦੀ ਪਚ ਜਾਂਦਾ ਹੈ ਪਰ ਸਿਨਰਜਿਸਟਕ ਇੰਟੈਗ੍ਰੇਟਿਵ ਹੈਲਥ ਦੇ ਅਧਿਐਨ ਮੁਤਾਬਕ ਗਾਂ ਦਾ ਦੁੱਧ ਬੱਚਿਆਂ ਲਈ ਹਾਨੀਕਾਰਕ ਹੋ ਸਕਦਾ ਹੈ। ਇਹੀ ਨਹੀਂ ਕਈ ਹੋਰ ਅਧਿਐਨਾਂ ਦਾ ਵੀ ਮੰਨਣਾ ਹੈ ਕਿ ਇਹ ਨਵਜੰਮੇ ਬੱਚਿਆਂ ਲਈ ਖਤਰਨਾਕ ਹੈ।
ਕਿਵੇਂ ਖਤਰਨਾਕ ਹੈ ਦੁੱਧ?
ਰਿਸਰਚ ਮੁਤਾਬਕ ਗਾਂ ਦੇ ਦੁੱਧ ਵਿਚ ਦੂਸਰੇ ਜਾਨਵਰਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਪ੍ਰੋਟੀਨ ਹੁੰਦੀ ਹੈ। ਬੱਚਿਆਂ ਨੂੰ ਓਨੀ ਹੀ ਪ੍ਰੋਟੀਨ ਦਿੱਤੀ ਜਾਣੀ ਚਾਹੀਦੀ ਹੈ, ਜਿੰਨੀ ਕਿ ਬੱਚੇ ਨੂੰ ਲੋੜ ਹੁੰਦੀ ਹੈ। ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਬੱਚਿਆਂ ਦੀਆਂ ਕਿਡਨੀਆਂ ’ਤੇ ਅਸਰ ਕਰਦੀ ਹੈ। ਕਿਡਨੀਆਂ ਦੀ ਇਕ ਹੱਦ ਤੱਕ ਹੀ ਪ੍ਰੋਟੀਨ ਫਿਲਟਰ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਤੋਂ ਅੱਗੇ ਕਿਡਨੀਆਂ ਵਿਚ ਸਟੋਨ ਬਣਨ ਦੀ ਸ਼ਿਕਾਇਤ ਹੋ ਸਕਦੀ ਹੈ।
ਜ਼ਿਆਦਾ ਕੈਲਸ਼ੀਅਮ ਨਾਲ ਇਨਫਲਾਮੇਸ਼ਨ
ਬੱਚਿਆਂ ਨੂੰ ਦੁੱਧ ਦਿੱਤੇ ਜਾਣ ਦੇ ਪਿੱਛੇ ਧਾਰਨਾ ਇਹ ਹੈ ਕਿ ਦੁੱਧ ਵਿਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ ਅਤੇ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਲਈ ਦੁੱਧ ਦਿੱਤਾ ਜਾਂਦਾ ਹੈ ਪਰ ਜ਼ਿਆਦਾ ਮਾਤਰਾ ਵਿਚ ਕੈਲਸ਼ੀਅਮ ਨਾਲ ਹੱਡੀਆਂ ਵਿਚ ਇਨਫਲਾਮੇਸ਼ਨ (ਸੋਜ) ਹੋ ਸਕਦੀ ਹੈ, ਜਿਸ ਨਾਲ ਹੱਡੀਆਂ ਵਿਚ ਦਰਦ ਦੀ ਸ਼ਿਕਾਇਤ ਹੁੰਦੀ ਹੈ।
ਆਸਟਿਓਪੋਰੋਸਿਸ ਦੇ ਜ਼ਿਆਦਾ ਕੇਸ
ਹੱਡੀਆਂ ਦੀ ਮਜ਼ਬੂਤੀ ਲਈ ਡੇਅਰੀ ਪ੍ਰੋਡਕਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਦਿ ਫੈਲਸੀ ਆਫ 'ਮਿਲਕ ਡਜ਼ ਦਿ ਬਾਡੀ ਗੁੱਡ' ਲੇਖ ਮੁਤਾਬਕ ਅਮਰੀਕਾ ਵਿਚ ਰਹਿਣ ਵਾਲੇ ਲੋਕ ਸਭ ਤੋਂ ਜ਼ਿਆਦਾ ਡੇਅਰੀ ਪ੍ਰੋਡਕਟ ਖਾਂਦੇ ਹਨ ਤੇ ਆਸਟਿਓਪੋਰੋਸਿਸ ਦੇ ਮਾਮਲੇ ਵੀ ਇਥੇ ਜ਼ਿਆਦਾ ਸਾਹਮਣੇ ਆਉਂਦੇ ਹਨ।
ਦੁੱਧ ਵਿਚ ਪੈਸਟੀਸਾਈਡ
ਅੱਜਕਲ ਖੇਤਾਂ ਵਿਚ ਫਸਲ ਦੀ ਜ਼ਿਆਦਾ ਪੈਦਾਵਾਰ ਲੈਣ ਲਈ ਖਾਦਾਂ ਦੀ ਵਰਤੋਂ ਦੇ ਨਾਲ-ਨਾਲ ਕੀੜੇ-ਪਤੰਗੇ ਆਦਿ ਤੋਂ ਬਚਣ ਲਈ ਫਸਲਾਂ ਵਿਚ ਅੰਨ੍ਹੇਵਾਹ ਪੈਸਟੀਸਾਈਡ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਖੇਤਾਂ ’ਚੋਂ ਪਸ਼ੂਆਂ ਲਈ ਜੋ ਚਾਰਾ ਆਉਂਦਾ ਹੈ, ਉਸ ਵਿਚ ਵੀ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ ਹੈ ਅਤੇ ਇਹ ਪੈਸਟੀਸਾਈਡ ਪਹਿਲਾਂ ਪਸ਼ੂਆਂ ਦੇ ਖੂਨ ਵਿਚ ਫਿਰ ਦੁੱਧ ਵਿਚ ਮਿਕਸ ਹੋ ਜਾਂਦੇ ਹਨ। ਪੈਸਟੀਸਾਈਡ ਬੱਚਿਆਂ ਵਿਚ ਪੇਟ ਖਰਾਬ (ਗੈਸਟ੍ਰਿਕ ਕੋਲਿਕ ਜਾਂ ਕੋਲਿਕ ਪੇਨ) ਹੋਣ ਦੀ ਸ਼ਿਕਾਇਤ ਹੋ ਸਕਦੀ ਹੈ। ਕਈ ਵਾਰ ਤਾਂ ਇਸ ਨਾਲ ਅੰਤੜੀਆਂ ਵੀ ਖਰਾਬ ਹੋ ਸਕਦੀਆਂ ਹਨ।