ਕੋਰੋਨਾ ਪੀੜਤਾਂ ਦੇ ਇਲਾਕਿਆਂ ’ਚ ਜਾ ਕੇ ਲਏ ਜਾ ਰਹੇ ਹਨ ਕੋਵਿਡ ਟੈਸਟ ਦੇ ਨਮੂਨੇ : ਡੀ. ਸੀ.

07/22/2020 11:08:44 PM

ਅੰਮ੍ਰਿਤਸਰ, (ਦਲਜੀਤ)- ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਨਾਲ ਮਿਲ ਕੇ ਮੋਬਾਇਲ ਟੈਸਟਿੰਗ ਵੈਨ ਦੀ ਜੋ ਸ਼ੁਰੂਆਤ ਕੀਤੀ ਹੈ, ਉਹ ਰੋਜ਼ਾਨਾ ਵੱਖ-ਵੱਖ ਖੇਤਰਾਂ, ਖਾਸ ਕਰ ਕੇ ਉਹ ਇਲਾਕੇ ਜਿੱਥੋਂ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ, ਵਿਚ ਪਹੁੰਚ ਕੇ ਇਲਾਕਾ ਵਾਸੀਆਂ ਦੇ ਨਮੂਨੇ ਲੈ ਰਹੀ ਹੈ। ਇਸ ਤਰ੍ਹਾਂ ਬਿਨਾਂ ਕਿਸੇ ਖੱਜ਼ਲ-ਖੁਆਰੀ ਤੋਂ ਲੋਕਾਂ ਦੇ ਕੋਵਿਡ ਟੈਸਟ ਕਰਨੇ ਸੰਭਵ ਹੋ ਰਹੇ ਹਨ। ਸਿਹਤ ਵਿਭਾਗ ਦੀ ਟੀਮ ਹੇਠ ਕੰਮ ਕਰਦੀ ਇਹ ਵੈਨ ਰੋਜ਼ਾਨਾ 50 ਤੋਂ 150 ਲੋਕਾਂ ਦੇ ਨਮੂਨੇ ਲੈ ਰਹੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵੀ ਇਲਾਕੇ ਵਿਚ ਇਹ ਵੈਨ ਜਾਂਦੀ ਹੈ, ਟੀਮ ਉੱਥੋਂ ਦੇ ਕੌਂਸਲਰਾਂ ਅਤੇ ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਟੈਸਟਿੰਗ ਵਾਸਤੇ ਕੰਮ ਕਰਦੀ ਹੈ ਪਰ ਕਈ ਵਾਰ ਲੋਕ ਖੁੱਲ ਕੇ ਟੈਸਟਿੰਗ ਲਈ ਸਾਹਮਣੇ ਨਹੀਂ ਆਉਂਦੇ, ਜਿਸ ਕਾਰਣ ਵਿਭਾਗ ਦੀ ਕੋਸ਼ਿਸ਼ ਵੀ ਬੇਕਾਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਵਿਡ ਦੇ ਸ਼ੱਕੀ ਮਰੀਜ਼ ਦਾ ਟੈਸਟ ਹੋ ਜਾਵੇ ਤਾਂ ਉਸ ਨੂੰ ਸਮੇਂ ਸਿਰ ਇਕਾਂਤਵਾਸ ਕਰ ਕੇ ਜਿੱਥੇ ਉਸ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਉੱਥੇ ਹੀ ਸਮੁੱਚੇ ਇਲਾਕੇ ਅਤੇ ਉਸ ਦੇ ਪਰਿਵਾਰ ਨੂੰ ਕੋਵਿਡ ਤੋਂ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ ਆਪਣੇ ਟੈਸਟ ਕਰਵਾਉਣ ਲਈ ਅੱਗੇ ਆਉਣ, ਤਾਂ ਜੋ ਜ਼ਿਲੇ ਨੂੰ ਕੋਵਿਡ-19 ਤੋਂ ਮੁਕਤ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਟੈਸਟਿੰਗ ਵੈਨ ਵੱਲੋਂ ਬੀਤੀ ਦਿਨ ਕੋਟ ਖਾਲਸਾ ਵਿਖੇ ਲੋਕਾਂ ਦੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸੈਂਪਲ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।


Bharat Thapa

Content Editor

Related News