ਚੰਡੀਗੜ੍ਹ ਪ੍ਰਸ਼ਾਸਨ ਦਾ ਐਲਾਨ, 30 ਨਵੰਬਰ ਤੱਕ ਜਾਰੀ ਰਹਿਣਗੇ ਅਨਲਾਕ ਦੇ ਦਿਸ਼ਾ-ਨਿਰਦੇਸ਼

Thursday, Oct 29, 2020 - 10:54 AM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਅਨਲਾਕ 5.0 ਦੇ ਦਿਸ਼ਾ-ਨਿਰਦੇਸ਼ਾਂ ਨੂੰ 30 ਨਵੰਬਰ ਤੱਕ ਪ੍ਰਭਾਵੀ ਰੱਖਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਇਸ ਸਬੰਧੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਹਾਲਾਂਕਿ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਹੁਣ 30 ਨਵੰਬਰ ਤੱਕ ਕੰਟੇਨਮੈਂਟ ਜ਼ੋਨ 'ਚ ਸਖ਼ਤੀ ਬਰਕਰਾਰ ਰੱਖੀ ਜਾਵੇਗੀ।

ਅਨਲਾਕ 5.0 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੁਣ 30 ਨਵੰਬਰ ਤੱਕ 50 ਫ਼ੀਸਦੀ ਸੀਟਾਂ ਦੇ ਨਾਲ ਸਿਨੇਮਾ, ਥਿਏਟਰ ਅਤੇ ਮਲਟੀਪਲੈਕਸ ਖੁੱਲ੍ਹੇ ਰਹਿਣਗੇ। ਕੰਟੇਨਮੈਂਟ ਜ਼ੋਨ ਦੇ ਬਾਹਰ 100 ਲੋਕਾਂ ਤੋਂ ਜ਼ਿਆਦਾ ਗਿਣਤੀ ਦੇ ਨਾਲ ਸਭਾਵਾਂ ਨੂੰ ਸ਼ਰਤਾਂ ਦੇ ਨਾਲ ਮਨਜ਼ੂਰੀ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਸ਼ਹਿਰ 'ਚ ਜਾਂ ਸ਼ਹਿਰ ਤੋਂ ਵਸਤਾਂ ਅਤੇ ਲੋਕਾਂ ਦੀ ਆਵਾਜਾਈ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਹੋਵੇਗੀ। ਇਨ੍ਹਾਂ ਕੰਮਾਂ ਲਈ ਕਿਸੇ ਤਰ੍ਹਾਂ ਦੀ ਵਿਸ਼ੇਸ਼ ਮਨਜ਼ੂਰੀ ਜਾਂ ਫਿਰ ਈ-ਪਰਮਿਟ ਦੀ ਲੋੜ ਨਹੀਂ ਹੋਵੇਗੀ, ਉੱਥੇ ਹੀ ਖਿਡਾਰੀਆਂ ਦੇ ਅਭਿਆਸ ਲਈ ਸਵੀਮਿੰਗ ਪੂਲ ਅਤੇ ਸਭਾਵਾਂ 'ਚ ਪਾਬੰਦੀਆਂ ਨੂੰ ਹੁਣ 30 ਨਵੰਬਰ ਤੱਕ ਮੰਨਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਅਨਲਾਕ 5.0 ਦਿਸ਼ਾ-ਨਿਰਦੇਸ਼ਾਂ ਦਾ ਐਲਾਨ 30 ਸਤੰਬਰ ਨੂੰ ਕਰ ਦਿੱਤਾ ਗਿਆ ਸੀ। ਉਹ ਦਿਸ਼ਾ-ਨਿਰਦੇਸ਼ 1 ਅਕਤੂਬਰ ਤੋਂ ਲਾਗੂ ਹੋਏ ਸਨ, ਜੋ ਹੁਣ 30 ਨਵੰਬਰ ਤੱਕ ਚੱਲਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਖੋਲ੍ਹੇ ਜਾਣ ਦੀ ਮਨਜ਼ੂਰੀ ਕੇਂਦਰ ਸਰਕਾਰ ਵਲੋਂ ਦਿੱਤੀ ਗਈ ਹੈ। ਸਕੂਲਾਂ ਵੱਲੋਂ ਆਨਲਾਈਨ ਜਮਾਤਾਂ ਦਾ ਆਯੋਜਨ ਹਾਲੇ ਜਾਰੀ ਰਹੇਗਾ ਅਤੇ ਕੋਈ ਵੀ ਸਕੂਲ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਦਬਾਅ ਨਹੀਂ ਬਣਾ ਸਕਦਾ।
 


Babita

Content Editor

Related News