ਪੰਜਾਬ ਸਰਕਾਰ ਨੇ ਕੋਵਿਡ-19 ਬਾਰੇ ਹਰ ਜਾਣਕਾਰੀ ਲਈ ''ਵਟਸਐਪ ਬੋਟ'' ਤੇ ਫੇਸਬੁੱਕ ਚੈਟ ਬੋਟ'' ਕੀਤੀ ਲਾਂਚ

Monday, Apr 20, 2020 - 09:49 PM (IST)

ਪੰਜਾਬ ਸਰਕਾਰ ਨੇ ਕੋਵਿਡ-19 ਬਾਰੇ ਹਰ ਜਾਣਕਾਰੀ ਲਈ ''ਵਟਸਐਪ ਬੋਟ'' ਤੇ ਫੇਸਬੁੱਕ ਚੈਟ ਬੋਟ'' ਕੀਤੀ ਲਾਂਚ

ਚੰਡੀਗੜ੍ਹ (ਬਿਊਰੋ) : ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਪਹੁੰਚਾਣ ਲਈ ਇਕ ਨਿਵੇਕਲਾ ਉਪਰਾਲਾ ਕਰਦਿਆਂ ਫੇਸਬੁੱਕ ਦੇ ਸਹਿਯੋਗ ਨਾਲ 'ਵਟਸਐਪ ਬੋਟ' ਤੇ ਫੇਸਬੁੱਕ 'ਚੈਟ ਬੋਟ' ਦੀ ਸ਼ੁਰੂਆਤ ਕੀਤੀ ਹੈ। ਇਹ ਖੁਲਾਸਾ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨਿਵੇਕਲੀ ਪਹਿਲ ਜ਼ਰੀਏ ਕੋਈ ਵੀ ਨਾਗਰਿਕ ਕੋਵਿਡ-19 ਬਾਰੇ ਆਪਣੀ ਇੱਛਾ ਅਨੁਸਾਰ ਕੋਈ ਵੀ ਜਾਣਕਾਰੀ ਲੈ ਸਕਦਾ ਹੈ। ਸਰਕਾਰੀ ਬੁਲਾਰੇ ਨੇ 'ਵੱਟਸਐਪ ਬੋਟ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਫਾਇਦਾ ਉਠਾਉਣ ਲਈ ਨਾਗਰਿਕ ਨੂੰ ਆਪਣੇ ਫੋਨ 'ਤੇ ਪੰਜਾਬ ਕੋਵਿਡ ਹੈਲਪਲਾਈਨ ਨੰਬਰ (73801-73801) ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਫਿਰ ਵਟਸਐਪ ਵਿਚ ਜਾ ਕੇ ਇਸੇ ਨੰਬਰ 'ਤੇ ਹੀ 'ਹਾਏ' ਲਿਖ ਕੇ ਭੇਜਣਾ ਹੋਵੇਗਾ। ਉਸ ਤੋਂ ਬਾਅਦ ਜੋ ਆਪਸ਼ਨ ਦਿਖਾਈ ਜਾਵੇਗੀ। ਇਸ ਨੂੰ ਧਿਆਨ ਨਾਲ ਪੜ੍ਹਦਿਆਂ ਭਾਸ਼ਾ ਬਦਲਣ ਲਈ 5 ਨੰਬਰ ਦੱਬ ਕੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚੋਂ ਕੋਈ ਇਕ ਭਾਸ਼ਾ ਚੁਣਨੀ ਹੋਵੇਗੀ। ਇਸ ਤੋਂ ਬਾਅਦ ਇਸੇ ਤਰ੍ਹਾਂ ਆਪਣੇ ਸਵਾਲ ਦੇ ਨਾਲ ਰਲਦਾ ਮਿਲਦਾ ਆਪਸ਼ਨ ਚੁਣ ਕੇ ਜਵਾਬ ਹਾਸਲ ਕੀਤਾ ਜਾ ਸਕਦਾ ਹੈ। ਵਾਪਸ ਮੁੱਖ ਸਕਰੀਨ 'ਤੇ ਆਉਣ ਲਈ ਜ਼ੀਰੋ ਦੱਬਣੀ ਪਵੇਗੀ।

ਇਸੇ ਤਰ੍ਹਾਂ 'ਫੇਸਬੁੱਕ ਚੈਟ ਬੋਟ' ਰਾਹੀਂ ਵੀ ਤੁਸੀ ਕੋਵਿਡ-19 ਬਾਰੇ ਜਾਣਕਾਰੀ ਹਾਸਲ ਕਰ ਸਕੋਗੇ। ਇਸ ਸੰਬੰਧੀ ਲਈ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਫੇਸਬੁੱਕ 'ਤੇ ਪੰਜਾਬ ਸਰਕਾਰ ਦਾ ਪੇਜ਼ ਖੋਲ੍ਹ ਕੇ ਉਸ ਨੂੰ ਲਾਈਕ ਕਰਨਾ ਪਵੇਗਾ ਜਿਸ ਨਾਲ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਹਾਸਲ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਫਿਰ ਸੈਂਡ ਮੈਸੇਜ ਬਟਨ 'ਤੇ ਕਲਿੱਕ ਕਰ ਕੇ ਸਿੱਧਾ ਮੈਸੈਂਜਰ 'ਤੇ ਪਹੁੰਚ ਜਾਓਗੇ। ਆਪਸ਼ਨਾਂ ਨੂੰ ਧਿਆਨ ਨਾਲ ਦੇਖ ਕੇ ਆਪਣੀ ਪਸੰਦ ਦੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚੋਂ ਕੋਈ ਇਕ ਭਾਸ਼ਾ ਚੁਣਨੀ ਹੋਵੇਗੀ। ਕੋਵਿਡ-19 ਸਬੰਧੀ ਜਾਣਕਾਰੀ ਲਈ ਉਥੇ ਦਿੱਤੀ ਆਪਸ਼ਨ ਕੋਵਿਡ-19 ਇਨਫੋ ਕਲਿੱਕ ਕਰਨੀ ਪਵੇਗੀ। ਜੇਕਰ ਆਪਣੀ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਜ਼ਰੂਰੀ ਦੁਕਾਨਾਂ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਕੋਵਿਡ-19 ਨਾਲ ਸਬੰਧਤ ਕੁੱਲ 21 ਆਪਸ਼ਨਾਂ ਹਨ।

ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਜੇ ਇਕ ਤੋਂ ਵੱਧ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਵਾਪਸ ਜਾਣ ਵਾਲਾ (ਗੋ ਬੈਕ) ਬਟਨ ਦਬਨਾ ਪਵੇਗਾ। ਫੇਰ ਆਪਣੀ ਇੱਛਾ ਦੀ ਆਪਸ਼ਨ ਚੁਣਨੀ ਹੋਵੇਗੀ। ਜੇ ਪਸੰਦ ਦੀ ਕੋਈ ਆਪਸ਼ਨ ਨਹੀਂ ਮਿਲਦੀ ਤਾਂ ਮੋਰ ਆਪਸ਼ਨ ਉਤੇ ਕਲਿੱਕ ਕਰਨਾ ਪਵੇਗਾ। ਜੇ ਇਸ ਵਿੱਚ ਸਬੰਧਤ ਜ਼ਿਲਾ ਨਹੀਂ ਲੱਭ ਰਿਹਾ ਹੋਵੇ ਤਾਂ ਮੋਰ ਆਪਸ਼ਨ ਉਤੇ ਕਲਿੱਕ ਕਰਕੇ ਸਬੰਧਤ ਜ਼ਿਲੇ ਦੇ ਨਾਮ 'ਤੇ ਕਲਿੱਕ ਕਰਨਾ ਪਵੇਗਾ। ਫਿਰ ਸਬੰਧਤ ਜ਼ਿਲੇ ਦੇ ਸਾਰੇ ਜ਼ਰੂਰੀ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੀ ਸੂਚੀ ਡਾਊਨਲੋਡ ਕੀਤੀ ਜਾ ਸਕੇਗੀ।


author

Gurminder Singh

Content Editor

Related News