ਅੱਜ ਤੋਂ 1 ਜਨਵਰੀ ਤੱਕ ਅਦਾਲਤਾਂ ਰਹਿਣਗੀਆਂ ਬੰਦ, ਨਹੀਂ ਹੋਵੇਗੀ ਇਨ੍ਹਾਂ ਮਾਮਲਿਆਂ ਦੀ ਸੁਣਵਾਈ
Saturday, Dec 23, 2023 - 10:55 AM (IST)
ਲੁਧਿਆਣਾ (ਮਹਿਰਾ) : ਜ਼ਿਲ੍ਹਾ ਕੋਰਟ ਕੰਪਲੈਕਸ ’ਚ 23 ਦਸੰਬਰ ਤੋਂ 1 ਜਨਵਰੀ ਤੱਕ ਹੋਣ ਵਾਲੀਆਂ ਸਰਦੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਨੇ ਇਸ ਦੌਰਾਨ ਸੈਸ਼ਨ ’ਤੇ ਆਉਣ ਵਾਲੇ ਜ਼ਰੂਰੀ ਦੀਵਾਨੀ ਅਤੇ ਫੌਜ਼ਦਾਰੀ ਮਾਮਲਿਆਂ ਦੀ ਸੁਣਵਾਈ ਸਬੰਧੀ ਵਧੀਕ ਸੈਸ਼ਨ ਜੱਜਾਂ ਦੀ ਡਿਊਟੀ ਲਗਾ ਦਿੱਤੀ ਹੈ।
ਉਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਸੰਘ ਦੇ ਪ੍ਰਧਾਨ ਚੇਤਨ ਵਰਮਾ, ਸੈਕਟਰੀ ਪਰਮਿੰਦਰਪਾਲ ਸਿੰਘ ਲਾਡੀ ਅਤੇ ਐਡ. ਨਿਤਿਨ ਕਪਿਲਾ ਨੇ ਦੱਸਿਆ ਕਿ 23 ਦਸੰਬਰ ਤੋਂ 1 ਜਨਵਰੀ 2024 ਤੱਕ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ’ਚ ਰੈਗੂਲਰ ਸਿਵਲ ਅਤੇ ਫੌਜ਼ਦਾਰੀ ਕੰਮ ਵੀ ਨਹੀਂ ਹੋਵੇਗਾ ਅਤੇ ਅਦਾਲਤਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਇਸ ਦੇ ਨਾਲ ਹੀ ਸੈਸ਼ਨ ਜੱਜ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਮੁਤਾਬਕ ਸੈਸ਼ਨ ਕੋਰਟ ਅਤੇ ਹੇਠਲੀਆਂ ਅਦਾਲਤਾਂ ਦੇ ਜੱਜ ਅਤਿ-ਮਹੱਤਵਪੂਰਨ ਸਿਵਲ ਅਤੇ ਫੌਜ਼ਦਾਰੀ ਮਾਮਲਿਆਂ, ਸਟੇਅ ਅਤੇ ਜ਼ਮਾਨਤਾਂ ਆਦਿ ਦੀ ਸੁਣਵਾਈ ਕਰਨ ਲਈ ਅਦਾਲਤਾਂ ’ਚ ਰਹਿਣਗੇ।