ਬੱਚੇ ਖਿੜਦੇ ਹੋਏ ਕਚਨਾਰ, ਇਨ੍ਹਾਂ ਨੂੰ ਫੁੱਲ ਬਣਨ ਦਾ ਪੂਰਾ ਹੱਕ : ਅਦਾਲਤ
Thursday, Apr 10, 2025 - 01:04 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਨਾਬਾਲਗ ਬੱਚੀ ਨਾਲ ਛੇੜਛਾੜ ਦੇ ਮਾਮਲੇ ’ਚ ਅਦਾਲਤ ਨੇ ਮਤਰੇਏ ਪਿਤਾ ਨੂੰ ਮੁਲਜ਼ਮ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਬੱਚੇ ਖਿੜਦੇ ਹੋਏ ਕਚਨਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਫੁੱਲ ਬਣਨ ਦਾ ਪੂਰਾ ਅਧਿਕਾਰ ਹੈ, ਜੋ ਵੀ ਇਨ੍ਹਾਂ ਨੂੰ ਤੋੜਨ ਦੀ ਜਾਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਅਪਰਾਧਿਕ ਨਿਆਂ ਦੀ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਮੌਜੂਦਾ ਮਾਮਲੇ ’ਚ ਮੁਲਜ਼ਮ ਨੇ ਆਪਣੀ ਨਾਬਾਲਗ ਮਤਰੇਈ ਧੀ, ਜੋ 16 ਸਾਲ ਤੋਂ ਘੱਟ ਉਮਰ ਦੀ ਸੀ, ਉਸ ਦਾ ਜਿਣਸੀ ਸ਼ੋਸ਼ਣ ਕਰ ਕੇ ਆਪਣੀ ਦੁਸ਼ਟਤਾ ਦਾ ਸਬੂਤ ਦਿੱਤਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਅਜਿਹੇ ਮਾਮਲਿਆਂ ਵਿਚ ਨਿਆਂ ਦੇ ਹੱਥ ਨੂੰ ਨਰਮ ਕਰਨ ਦੀ ਲੋੜ ਨਹੀਂ ਹੈ। ਅਦਾਲਤ ਨੇ ਮਾਮਲੇ ਵਿਚ ਅੱਗੇ ਕਿਹਾ ਕਿ ਸਮਾਜ ਦੇ ਕਿਸੇ ਵੀ ਵਰਗ ਦੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦਾ ਸਿਰਫ਼ ਪਾਲਣ-ਪੋਸ਼ਣ ਤੇ ਵਿਕਾਸ ਹੀ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਦੇਸ਼ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਦੀ ਸੁਰੱਖਿਆ ਵੀ ਬੇਹੱਦ ਜ਼ਰੂਰੀ ਹੈ। ਜਦੋਂ ਬੱਚਿਆਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ ਤਾਂ ਇਹ ਨਾ ਸਿਰਫ਼ ਪੀੜਤ ਬੱਚੇ ਦੇ ਮਨ ਵਿਚ ਡਰ ਅਤੇ ਸਦਮਾ ਪੈਦਾ ਕਰਦਾ ਹੈ, ਸਗੋਂ ਉਸ ਦੇ ਆਲੇ-ਦੁਆਲੇ ਦੇ ਦੂਜੇ ਬੱਚਿਆਂ ਵਿਚ ਵੀ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰਦਾ ਹੈ।
ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸਮੇਂ ਦੀ ਮੰਗ ਹੈ ਤਾਂ ਜੋ ਬੁਰੇ ਤੇ ਅਪਰਾਧਿਕ ਪ੍ਰਵਿਰਤੀਆਂ ਵਾਲੇ ਲੋਕਾਂ ਲਈ ਇਹ ਇਕ ਸਖ਼ਤ ਸੰਦੇਸ਼ ਬਣੇ ਅਤੇ ਨਾਲ ਹੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨਾਂ ਵਿਚ ਸੁਰੱਖਿਆ ਦਾ ਅਹਿਸਾਸ ਵੀ ਪੈਦਾ ਹੋਵੇ। ਦਾਇਰ ਮਾਮਲੇ ਤਹਿਤ ਸੈਕਟਰ-31 ਥਾਣਾ ਪੁਲਸ ਨੇ ਕਰੀਬ 3 ਸਾਲ ਪਹਿਲਾਂ 2022 ’ਚ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਪੋਕਸੋ ਐਕਟ ਅਤੇ ਛੇੜਛਾੜ ਦੀ ਧਾਰਾ 354 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਮਤਰੇਏ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਸੀ।