ਦੋ ਨਾਬਾਲਗ ਵਿਦਿਆਰਥਣਾਂ ਨਾਲ ਰੇਪ ਕਰਨ ਵਾਲੇ ਦੋਵੇਂ ਮੁਲਜ਼ਮ 1 ਦਿਨ ਦੇ ਪੁਲਸ ਰਿਮਾਂਡ ''ਤੇ
Saturday, Jan 18, 2020 - 05:14 PM (IST)
ਮੋਹਾਲੀ (ਰਾਣਾ) : ਪਿੰਡ ਦਾਊਂ 'ਚ ਪੈਂਦੇ ਰਾਮਗੜ੍ਹ 'ਚ ਦੋ ਨਾਬਾਲਗ ਵਿਦਿਆਰਥਣਾਂ ਨਾਲ ਰੇਪ ਕਰਨ ਦੇ ਮਾਮਲੇ 'ਚ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਦੋਵਾਂ ਮੁਲਜ਼ਮਾਂ ਦੀ ਪਛਾਣ ਗੋਬਿੰਦ ਅਤੇ ਅਰੁਣ ਦੇ ਰੂਪ 'ਚ ਹੋਈ ਹੈ। ਉਥੇ ਹੀ ਪੁਲਸ ਨੇ ਦੱਸਿਆ ਕਿ ਦੋਵਾਂ ਵਿਦਿਆਰਥਣਾਂ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਫੜੇ ਗਏ ਦੋਵੇਂ ਮੁਲਜ਼ਮ ਸਕੇ ਭਰਾ ਹਨ।
ਜ਼ਬਰਦਸਤੀ ਲੈ ਗਏ ਖਿੱਚ ਕੇ ਝੌਂਪੜੀ 'ਚ
ਪਿੰਡ ਦਾਊਂ ਦੇ ਸਰਪੰਚ ਅਜਮੇਰ ਸਿੰਘ ਮੁਤਾਬਕ ਉਸ ਕੋਲ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਰਾਮਗੜ੍ਹ ਦੇ ਇਕ ਨਿੱਜੀ ਸਕੂਲ 'ਚ ਪਹੁੰਚਿਆ, ਜਿੱਥੇ ਜਾ ਕੇ ਪਤਾ ਲੱਗਾ ਕਿ ਸਕੂਲ ਦੀਆਂ ਦੋ ਵਿਦਿਆਰਥਣਾਂ ਸਕੂਲ ਤੋਂ ਕਾਫ਼ੀ ਦੇਰ ਤੋਂ ਗਾਇਬ ਹਨ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਜਿਵੇਂ ਹੀ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ ਗਿਆ ਤਾਂ ਉਸੇ ਦੌਰਾਨ ਦੋਵੇਂ ਵਿਦਿਆਰਥਣਾਂ ਸਕੂਲ 'ਚ ਹੀ ਆ ਰਹੀਆਂ ਸਨ, ਜਿਸ ਤੋਂ ਬਾਅਦ ਸਕੂਲ ਟੀਚਰ ਨੇ ਦੋਵਾਂ ਵਿਦਿਆਰਥਣਾਂ ਤੋਂ ਇਕੱਲੇ 'ਚ ਲਿਜਾ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਮਗੜ੍ਹ 'ਚ ਹੀ ਦੋ ਲੜਕੇ ਰਹਿੰਦੇ ਹਨ, ਜੋ ਜ਼ਬਰਦਸਤੀ ਉਨ੍ਹਾਂ ਨੂੰ ਖਿੱਚ ਕੇ ਇਕ ਝੌਂਪੜੀ 'ਚ ਲੈ ਗਏ, ਜਿੱਥੇ ਉਨ੍ਹਾਂ ਨਾਲ ਰੇਪ ਕੀਤਾ ਗਿਆ।
ਦੋਵਾਂ ਨੂੰ ਕੀਤਾ ਪੁਲਸ ਦੇ ਹਵਾਲੇ
ਜਿਉਂ ਹੀ ਸਰਪੰਚ ਨੂੰ ਘਟਨਾ ਦਾ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਉਹ ਉਨ੍ਹਾਂ ਦੋਵਾਂ ਲੜਕਿਆਂ ਨੂੰ ਝੌਂਪੜੀ ਤੋਂ ਫੜ ਕੇ ਲਿਆਏ ਅਤੇ ਉਨ੍ਹਾਂ ਨੂੰ ਵਿਦਿਆਰਥਣਾਂ ਨਾਲ ਰੇਪ ਕਰਨ ਸਬੰਧੀ ਪੁੱਛਿਆ ਤਾਂ ਉਹ ਇਨਕਾਰ ਕਰਦੇ ਰਹੇ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨਾਲ ਸਖ਼ਤੀ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਹੀ ਵਿਦਿਆਰਥਣਾਂ ਨਾਲ ਰੇਪ ਕੀਤਾ ਹੈ, ਜਿਸ ਤੋਂ ਬਾਅਦ ਤੁਰੰਤ ਬਲੌਂਗੀ ਥਾਣਾ ਪੁਲਸ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ, ਜਿਸ ਮਗਰੋਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ।