1 ਕਿਲੋ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ, ਸਪਲਾਈ ਦੇਣ ਆਇਆ ਚੌਥਾ ਮੁਲਜ਼ਮ ਵੀ ਗ੍ਰਿਫ਼ਤਾਰ
Wednesday, Sep 30, 2026 - 05:32 PM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਦੇ ਸੀਆਈਏ ਸਟਾਫ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਨੇ ਨਸ਼ੇ ਦੀ ਸਪਲਾਈ ਲਈ ਵਰਤਿਆ ਜਾ ਰਿਹਾ ਇਕ ਟਰੈਕਟਰ ਵੀ ਕਬਜ਼ੇ ਵਿਚ ਲਿਆ ਹੈ। ਤਿੰਨ ਮੁਲਜ਼ਮਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ, ਜਦਕਿ ਚੌਥੇ ਮੁਲਜ਼ਮ ਨੂੰ ਜਾਂਚ ਦੌਰਾਨ ਬਾਅਦ ਵਿਚ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਸਪੀ ਮੋਗਾ ਸਰਤਾਜ ਸਿੰਘ ਚਾਹਲ, ਆਈਪੀਐੱਸ ਨੇ ਦੱਸਿਆ ਕਿ 25 ਸਤੰਬਰ ਨੂੰ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਡਲੇਵਾ ਵਾਸੀ ਹਰਪਾਲ ਸਿੰਘ ਉਰਫ਼ ਬੱਬੂ, ਉਸ ਦੇ ਪਿਤਾ ਜਰਨੈਲ ਸਿੰਘ, ਬਲਰਾਮ ਕੁਮਾਰ ਉਰਫ਼ ਬੱਬਲੂ ਅਤੇ ਹੀਰਾ ਲਾਲ ਉਰਫ਼ ਹੀਰਾ ਮਿਲ ਕੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੈਰੋਇਨ ਦੀ ਸਪਲਾਈ ਕਰਦੇ ਹਨ। ਸੂਚਨਾ ਅਨੁਸਾਰ ਹਰਪਾਲ ਸਿੰਘ ਨੇ ਆਪਣੇ ਪਿਤਾ ਜਰਨੈਲ ਸਿੰਘ, ਬਲਰਾਮ ਕੁਮਾਰ ਅਤੇ ਹੀਰਾ ਲਾਲ ਨੂੰ ਮੋਗਾ ਸ਼ਹਿਰ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਭੇਜਿਆ ਸੀ।
ਪੁਲਸ ਮੁਤਾਬਕ ਤਿੰਨੇ ਮੁਲਜ਼ਮ ਸਵਰਾਜ 855 ਟਰੈਕਟਰ, ਰੰਗ ਲਾਲ, ਨੰਬਰ PB-31-Z-310 ’ਤੇ ਸਵਾਰ ਹੋ ਕੇ ਨਵੀਂ ਦਾਣਾ ਮੰਡੀ ਮੋਗਾ ਵਿੱਚ ਬੀਐਨਐਸਐਲ ਟੈਲੀਕਾਮ ਐਕਸਚੇਂਜ ਦੇ ਸਾਹਮਣੇ ਹੈਰੋਇਨ ਦੀ ਸਪਲਾਈ ਦੇਣ ਲਈ ਕਿਸੇ ਦੀ ਉਡੀਕ ਕਰ ਰਹੇ ਸਨ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਕਾਬੂ ਕਰ ਲਿਆ।
ਟਰੈਕਟਰ ਦੀ ਤਲਾਸ਼ੀ ਲੈਣ ’ਤੇ ਉਸ ਦੀ ਛੱਤਰੀ ’ਤੇ ਲੱਗੇ ਸਪੀਕਰ ਦੇ ਬਾਕਸ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫ਼ਾਫ਼ੇ ਵਿੱਚੋਂ 1 ਕਿਲੋ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪੁਲਸ ਨੇ ਹਰਪਾਲ ਸਿੰਘ ਉਰਫ਼ ਬੱਬੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮਾਂ ਤੋਂ ਬਰਾਮਦ ਹੈਰੋਇਨ ਦੇ ਸਰੋਤ ਅਤੇ ਇਸ ਨਾਲ ਜੁੜੇ ਨੈੱਟਵਰਕ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਮਾਮਲੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
