ਅਦਾਲਤ ਤੋਂ ''ਭਗੌੜਾ'' ਕਰਾਰ ਲੁਧਿਆਣਾ ਦੇ ਬੈਂਕ ''ਚ ਕਰ ਰਿਹੈ ਮੈਨੇਜਰ ਦੀ ਨੌਕਰੀ

Tuesday, Apr 30, 2019 - 01:16 PM (IST)

ਅੰਮ੍ਰਿਤਸਰ (ਸਫਰ)—ਜੇਕਰ ਤੁਹਾਨੂੰ ਕੋਈ ਕਹੇ ਕਿ ਅੰਮ੍ਰਿਤਸਰ ਦੀ ਅਦਾਲਤ ਤੋਂ 'ਭਗੌੜਾ' ਲੁਧਿਆਣਾ ਦੀ ਨਾਮੀ ਬੈਂਕ 'ਚ ਬਤੌਰ ਪ੍ਰਬੰਧਕ ਨੌਕਰੀ ਕਰ ਰਿਹਾ ਹੈ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ। ਗੱਲ ਹੀ ਕੁੱਝ ਅਜਿਹੀ ਹੈ। ਅੰਮ੍ਰਿਤਸਰ ਦੀ ਅਦਾਲਤ 'ਚ 22 ਸਤੰਬਰ 2016 ਨੂੰ ਧੋਖਾਦੇਹੀ ਦੇ ਮਾਮਲੇ 'ਚ 'ਭਗੌੜਾ' ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਪੰਜਾਬ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਕਰੀਬ ਤਿੰਨ ਸਾਲ ਹੋ ਗਏ ਹਨ। ਉੱਧਰ, ਅਦਾਲਤ ਦਾ ਭਗੌੜਾ ਉਕਤ ਵਿਅਕਤੀ ਰੋਜ਼ ਬੈਂਕ ਜਾਂਦਾ ਹੈ, ਹਾਜ਼ਰੀ ਲਾਉਂਦਾ ਹੈ ਤੇ ਡਿਊਟੀ ਕਰਦਾ ਹੈ।

ਪੁਲਸ ਭਗੌੜੇ ਤੱਕ ਪਹੁੰਚ ਨਹੀਂ ਸਕੀ ਜਾਂ ਫਿਰ ਪੁਲਸ ਨੂੰ ਹੁਣ ਤੱਕ ਉਸਦਾ ਦਾ ਪਤਾ ਹੀ ਨਹੀਂ ਲੱਗਾ। ਮਾਮਲਾ 2012 'ਚ ਥਾਣਾ ਸਦਰ 'ਚ ਦਰਜ ਐੱਫ.ਆਈ.ਆਰ. 74 ਨਾਲ ਜੁੜਿਆ ਹੈ। ਧੋਖਾਦੇਹੀ ਮਾਮਲੇ 'ਚ ਭਗੌੜੇ ਨੂੰ ਨਾਮਜ਼ਦ ਕੀਤਾ ਗਿਆ ਸੀ। 22 ਅਗਸਤ 2016 ਨੂੰ ਭਗੌੜਾ ਕਰਾਰ ਦਿੱਤਾ ਗਿਆ, ਉਦੋਂ ਤੋਂ ਉਸ ਦੀ ਤਲਾਸ਼ ਜਾਰੀ ਹੈ।

ਜਗ ਬਾਣੀ ਦੀ ਇਸ ਖਾਸ ਸਟੋਰੀ 'ਚ ਨਵਾਂ ਪਹਿਲੂ ਤੱਦ ਆਇਆ ਜਦੋਂ ਅਦਾਲਤ ਤੋਂ ਭਗੌੜਾ ਹੋਏ ਵਿਅਕਤੀ ਤੋਂ ਫੋਨ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਆਨ ਡਿਊਟੀ ਬੈਂਕ 'ਚ ਬਤੌਰ ਪ੍ਰਬੰਧਕ ਕੰਮ ਕਰ ਰਿਹਾ ਹੈ। ਜਿਸ ਵਿਅਕਤੀ ਨੂੰ ਪੁਲਸ ਪਿਛਲੇ 3 ਸਾਲਾਂ ਤੋਂ ਲੱਭ ਰਹੀ ਸੀ, ਉਸ ਨੂੰ ਜਗ ਬਾਣੀ ਦੇ ਪੱਤਰਕਾਰ ਨੇ ਉਸ ਦੇ ਵਿਜ਼ਿਟਿੰਗ ਕਾਰਡ ਤੋਂ ਲੱਭਿਆ। ਪੇਸ਼ ਹੈ ਅੰਮ੍ਰਿਤਸਰ ਦੇ ਐੱਸ.ਜੀ. ਐਨਕਲੇਵ 'ਚ ਰਹਿ ਰਹੇ ਉਕਤ ਭਗੌੜੇ ਬਾਰੇ 'ਜਗ ਬਾਣੀ' ਦੀ ਇਹ ਇਨਵੇਸਟੀਗੇਸ਼ਨ ਰਿਪੋਰਟ।

ਫੋਨ 'ਤੇ ਬੋਲਿਆ ਭਗੌੜਾ! ਮੈਂ ਆਨ ਡਿਊਟੀ ਹਾਂ
ਪ੍ਰਸ਼ਨ-ਤੁਸੀਂ ਲੁਧਿਆਣਾ 'ਚ ਇਕ ਬੈਂਕ 'ਚ ਚੀਫ ਮੈਨੇਜਰ ਦੀ ਨੌਕਰੀ ਕਰ ਰਹੇ ਹੋ?
ਉੱਤਰ-ਜੀ, ਮੈਂ ਚੀਫ ਮੈਨੇਜਰ ਦੀ ਨੌਕਰੀ ਬੈਂਕ 'ਚ ਕਰ ਰਿਹਾ ਹਾਂ, ਤੁਸੀਂ ਦੱਸੋ ਕੀ ਕੰਮ ਹੈ ਤੁਹਾਨੂੰ?
ਪ੍ਰਸ਼ਨ-ਤੁਸੀਂ ਆਨ ਡਿਊਟੀ ਹੋ ਜਾਂ ਆਫ ਡਿਊਟੀ?
ਉੱਤਰ-ਦੱਸੋ, ਤੁਹਾਨੂੰ ਕੰਮ ਕੀ ਹੈ?
ਪ੍ਰਸ਼ਨ-ਬੈਂਕ ਨਾਲ ਜੁੜਿਆ ਕੰਮ ਹੈ, ਤੁਸੀਂ ਆਨ ਡਿਊਟੀ ਹੋ ਤਾਂ ਦੱਸੋ?
ਉੱਤਰ-ਮੈਂ ਆਨ ਡਿਊਟੀ ਹਾਂ, ਦੱਸੋ ਕੀ ਕੰਮ ਹੈ?
ਪ੍ਰਸ਼ਨ-ਮੈਂ ਜਗ ਬਾਣੀ ਤੋਂ ਗੱਲ ਕਰ ਰਿਹਾ ਹਾਂ, ਤੁਸੀਂ ਅੰਮ੍ਰਿਤਸਰ ਦੀ ਅਦਾਲਤ ਵਿਚ ਭਗੌੜਾ ਹੋ, ਪੁਲਸ ਤੁਹਾਡੀ ਤਲਾਸ਼ ਕਰ ਰਹੀ ਹੈ, ਤੁਸੀਂ ਮਿਲ ਨਹੀਂ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਤੁਸੀਂ?
ਉੱਤਰ-ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ (ਇੰਨਾ ਕਹਿ ਕੇ ਫੋਨ ਕੱਟ ਦਿੱਤਾ) ।
ਭਗੌੜੇ ਕਰਾਰ ਦਿੱਤੇ ਗਏ ਚੀਫ ਮੈਨੇਜਰ ਦਾ ਵਿਜ਼ਿਟਿੰਗ ਕਾਰਡ ਉੱਪਰ ਛਪੇ ਮੋਬਾਇਲ ਨੰਬਰ ਤਾਂ ਲਿਖਿਆ ਹੈ ਪਰ ਬ੍ਰਾਂਚ ਤੇ ਸ਼ਹਿਰ ਨਹੀਂ ਪਰ ਕਾਰਡ ਉੱਪਰ 0161 ਐੱਸ.ਟੀ.ਡੀ. ਕੋਡ ਨੰਬਰ ਨੇ ਸਰਲ ਅਰੋੜਾ ਦੀ ਪੋਲ ਖੋਲ੍ਹ ਦਿੱਤੀ।

ਅੰਮ੍ਰਿਤਸਰ ਤੇ ਲੁਧਿਆਣਾ ਪੁਲਸ ਕੀ ਬੋਲੀ
ਲੁਧਿਆਣਾ ਦੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਕਹਿੰਦੇ ਹਨ ਕਿ ਮੈਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ। ਜੇਕਰ ਅੰਮ੍ਰਿਤਸਰ ਪੁਲਸ ਇਸ ਮਾਮਲੇ ਵਿਚ ਸਾਡੇ ਨਾਲ ਸੰਪਰਕ ਕਰਦੀ ਹੈ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ। ਉੱਧਰ,ਅੰਮ੍ਰਿਤਸਰ ਦੇ ਡੀ.ਸੀ.ਪੀ. ਇੰਵੈਸਟੀਗੇਸ਼ਨ ਮੁਖਵਿੰਦਰ ਸਿੰਘ ਕਹਿੰਦੇ ਹਨ ਕਿ ਅਦਾਲਤ ਤੋਂ ਜਿੰਨੇ 'ਭਗੌੜੇ' ਐਲਾਨ ਹੁੰਦੇ ਹਨ ਉਨ੍ਹਾਂ ਦੀ ਲਿਸਟ ਪੰਜਾਬ ਦੇ ਹਰ ਥਾਣੇ ਵਿਚ ਭੇਜੀ ਜਾਂਦੀ ਹੈ।


Shyna

Content Editor

Related News