ਘਰੋਂ ਭੱਜੇ ਪ੍ਰੇਮੀ ਜੋੜੇ ਦਾ ਮਾਪਿਆਂ ਵਲੋਂ ਕੁਟਾਪਾ

06/11/2018 2:26:03 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੁਝ ਦਿਨ ਪਹਿਲਾਂ ਘਰੋਂ ਭੱਜੇ ਪ੍ਰੇਮੀ ਜੋੜੇ ਨੂੰ ਮਾਪਿਆਂ ਵਲੋਂ ਲੱਭ ਕੇ ਪਹਿਲਾਂ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ ਗਿਆ ਤੇ ਜਦੋਂ ਇਸ ਸਬੰਧੀ ਕਿਸੇ ਨੇ ਮਾਛੀਵਾੜਾ ਥਾਣੇ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਪ੍ਰੇਮੀ ਜੋੜੇ ਨੂੰ ਮਾਛੀਵਾੜਾ ਥਾਣੇ ਲੈ ਆਈ। ਜਾਣਕਾਰੀ ਅਨੁਸਾਰ ਮੀਨਾ ਰਾਣੀ (ਕਾਲਪਨਿਕ ਨਾਂ) ਦੇ ਮਾਛੀਵਾੜਾ ਦੇ ਰਹਿਣ ਵਾਲੇ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ। ਇਹ ਬਾਲਗ ਪ੍ਰੇਮੀ ਜੋੜਾ ਲੰਘੀ 31 ਮਈ ਨੂੰ ਘਰੋਂ ਫ਼ਰਾਰ ਹੋ ਗਿਆ ਤੇ ਦੋਵਾਂ ਹੀ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਸ ਨੂੰ ਤਾਂ ਕੋਈ ਸੂਚਿਤ ਨਹੀਂ ਕੀਤਾ ਪਰ ਆਪਣੇ ਤੌਰ 'ਤੇ ਭਾਲ ਜਾਰੀ ਰੱਖੀ। ਘਰੋਂ ਭੱਜਾ ਇਹ ਜੋੜਾ ਕੁਹਾੜਾ ਰੋਡ 'ਤੇ ਸਥਿਤ ਇਕ ਫੈਕਟਰੀ ਵਿਚ ਨੌਕਰੀ ਕਰਨ ਲਗ ਪਿਆ ਤੇ ਉਥੇ ਨੇੜੇ ਹੀ ਇਕ ਪਿੰਡ ਵਿਚ ਕੁਆਰਟਰ ਲੈ ਕੇ ਕਿਰਾਏ 'ਤੇ ਰਹਿਣ ਲਗ ਪਿਆ।
ਪ੍ਰੇਮੀ ਜੋੜੇ ਨੂੰ ਲੱਭਦੇ-ਲੱਭਦੇ ਪਰਿਵਾਰਕ ਮੈਂਬਰ ਵੀ ਉਸ ਪਿੰਡ ਵਿਚ ਪਹੁੰਚ ਗਏ ਤੇ ਉਥੋਂ ਦੋਵਾਂ ਨੂੰ ਘਰ ਲਿਆ ਕੇ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ ਤੇ ਮੁਹੱਲੇ ਵਿਚ ਰੌਲਾ ਪੈਣ 'ਤੇ ਕਿਸੇ ਨੇ ਇਸ ਸਬੰਧੀ ਮਾਛੀਵਾੜਾ ਪੁਲਸ ਨੂੰ ਸੂਚਿਤ ਕਰ ਦਿੱਤਾ। ਮਾਛੀਵਾੜਾ ਪੁਲਸ ਇਸ ਪ੍ਰੇਮੀ ਜੋੜੇ ਨੂੰ ਥਾਣੇ ਲੈ ਆਈ ਤੇ ਫਿਰ ਇਨ੍ਹਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ। 
ਪ੍ਰੇਮਿਕਾ ਥਾਣੇ ਵਿਚ ਅੜ ਗਈ ਕਿ ਉਹ ਬਾਲਗ ਹੈ ਤੇ ਆਪਣੇ ਮਾਪਿਆਂ ਨਾਲ ਜਾਣ ਦੀ ਬਜਾਏ ਆਪਣੇ ਪ੍ਰੇਮੀ ਨਾਲ ਹੀ ਜਾਵੇਗੀ ਤੇ ਪ੍ਰੇਮੀ ਵੀ ਉਸ ਨਾਲ ਵਿਆਹ ਕਰਵਾਉਣ ਲਈ ਬਜ਼ਿੱਦ ਦਿਖਾਈ ਦਿੱਤਾ। ਪੁਲਸ ਨੇ ਪ੍ਰੇਮੀ ਜੋੜਾ ਬਾਲਗ ਹੋਣ ਕਾਰਨ ਉਨ੍ਹਾਂ 'ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਬਣਦੀ ਹੋਣ ਕਾਰਨ ਮਾਪਿਆਂ ਨੂੰ ਆਪਣੇ ਹੀ ਤੌਰ 'ਤੇ ਇਹ ਮਸਲਾ ਸੁਲਝਾਉਣ ਲਈ ਕਿਹਾ। ਅਖੀਰ ਦੇਰ ਰਾਤ ਥਾਣੇ ਦੇ ਬਾਹਰ ਇਹ ਫੈਸਲਾ ਹੋਇਆ ਕਿ ਤਿੰਨ ਮਹੀਨਿਆਂ 'ਚ ਦੋਵਾਂ ਦਾ ਆਪਸ 'ਚ ਵਿਆਹ ਕਰ ਦਿੱਤਾ ਜਾਵੇਗਾ, ਜਿਸ 'ਤੇ ਪੁਲਸ ਨੇ ਲਿਖਤੀ ਰੂਪ 'ਚ ਲੜਕੀ ਨੂੰ ਉਸਦੇ ਮਾਪਿਆਂ ਹਵਾਲੇ ਤੇ ਲੜਕੇ ਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ।


Related News