ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ
Wednesday, Aug 05, 2026 - 02:51 PM (IST)
ਮੋਹਾਲੀ (ਜੱਸੀ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ’ਚ ਮੋਹਾਲੀ ਐੱਨ. ਆਰ. ਆਈ. ਥਾਣਾ ਪੁਲਸ ਨੇ ਪਟਿਆਲਾ ਵਾਸੀ ਇਕ ਟ੍ਰੈਵਲ ਏਜੰਟ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮੁਲਜ਼ਮ ’ਤੇ ਯੂਰਪ ਭੇਜਣ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ਲੈਣ ਤੇ ਬਾਅਦ ’ਚ ਥਾਈਲੈਂਡ ਦੀ ਟਿਕਟ ਫੜ੍ਹਾਉਣ ਅਤੇ ਫਰਜ਼ੀ ਦਸਤਾਵੇਜ਼ਾਂ ਨਾਲ ਏਅਰਪੋਰਟ ਭੇਜਣ ਦਾ ਦੋਸ਼ ਹੈ। ਸ਼ਿਕਾਇਤਕਰਤਾ ਗੁਰਮੁੱਖ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਹ ਏ. ਸੀ. ਮਕੈਨਿਕ ਹੈ ਅਤੇ ਵਿਦੇਸ਼ ਜਾ ਕੇ ਰੁਜ਼ਗਾਰ ਕਰਨਾ ਚਾਹੁੰਦਾ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਪਟਿਆਲਾ ਵਾਸੀ ਮੁਲਜ਼ਮ ਟ੍ਰੈਵਲ ਏਜੰਟ ਨਾਲ ਹੋਈ, ਜਿਸ ਨੇ ਯੂਰਪ ਭੇਜਣ ਦਾ ਭਰੋਸਾ ਦਿਵਾਇਆ।
ਮੁਲਜ਼ਮ ਨੇ ਪਾਸਪੋਰਟ ਤੇ 70 ਹਜ਼ਾਰ ਰੁਪਏ ਲੈਣ ਤੋਂ ਬਾਅਦ ਥਾਈਲੈਂਡ ਦੀ ਟਿਕਟ ਬਣਵਾ ਦਿੱਤੀ। ਏਅਰਪੋਰਟ ’ਤੇ ਜਾਂਚ ਦੌਰਾਨ ਟਿਕਟ ਅਤੇ ਵੀਜ਼ਾ ਫਰਜ਼ੀ ਪਾਏ ਗਏ, ਜਿਸ ਤੋਂ ਬਾਅਦ ਅਧਿਕਾਰੀਆਂ ਉਸ ਨੂੰ ਬਾਹਰ ਕੱਢ ਦਿੱਤਾ। ਇਸ ਸ਼ਿਕਾਇਤ ਦੇ ਆਧਾਰ 'ਤੇ ਏ.ਡੀ.ਜੀ.ਪੀ, ਐੱਨ. ਆਰ. ਆਈ. ਵਿੰਗ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦਾ ਦੋਸ਼ ਹੈ ਕਿ ਏਅਰਪੋਰਟ ਤੋਂ ਪਰਤਣ ਤੋਂ ਬਾਅਦ ਮੁਲਜ਼ਮ ਨੇ ਬੈਂਕ ਖਾਤੇ ਰਾਹੀਂ ਪੈਸੇ ਅਤੇ ਯਾਤਰਾ 'ਤੇ ਹੋਇਆ ਖ਼ਰਚਾ ਮੋੜਨ ਦਾ ਭਰੋਸਾ ਦਿੱਤਾ, ਪਰ ਕਈ ਮਹੀਨਿਆਂ ਤੱਕ ਰਕਮ ਵਾਪਸ ਨਹੀਂ ਕੀਤੀ। ਜਨਵਰੀ ਤੋਂ ਲਗਾਤਾਰ ਪੈਸੇ ਮੰਗਣ 'ਤੇ ਮੁਲਜ਼ਮ ਨੇ ਭੁਗਤਾਨ ਕਰਨ ਦੀ ਬਜਾਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸ਼ਿਕਾਇਤਕਰਤਾ ਨੇ ਪੁਲਸ ਨੂੰ ਗੂਗਲ ਪੇਅ ਰਾਹੀਂ ਕੀਤੇ ਗਏ ਭੁਗਤਾਨ ਦਾ ਰਿਕਾਰਡ, ਕਾਲ ਰਿਕਾਰਡਿੰਗ, ਵਟਸਐਪ ਚੈਟ ਅਤੇ ਹੋਰ ਦਸਤਾਵੇਜ਼ ਸੌਂਪੇ। ਮੁੱਢਲੀ ਜਾਂਚ ਤੋਂ ਬਾਅਦ ਏ. ਡੀ. ਜੀ. ਪੀ, ਐੱਨ. ਆਰ. ਆਈ. ਵਿੰਗ ਦੀ ਮਨਜ਼ੂਰੀ ਮਿਲਣ 'ਤੇ ਐੱਨ. ਆਰ. ਆਈ. ਥਾਣਾ ਮੋਹਾਲੀ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
