ਕਾਊਂਟਰ ਇੰਟੈਲੀਜੈਂਸੀ ਨੇ ਹਥਿਆਰ ਤੇ ਸਿਮ ਸਮੇਤ 2 ਸਮੱਗਲਰ ਦਬੋਚੇ
Thursday, Dec 13, 2018 - 04:19 PM (IST)
ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ 'ਚ ਕਾਊਂਟਰ ਇੰਟੈਲੀਜੈਂਸੀ ਦੇ ਮੁਲਾਜ਼ਮਾਂ ਨੇ ਸਰਹੱਦ ਨੇੜੇ ਸਤਲਾਣੀ ਸਾਹਿਬ ਖੇਤਰ ਤੋਂ 4.2 ਕਿਲੋ ਹੈਰੋਇਨ ਸਮੇਤ 2 ਤਸਕਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿੰਨਾਂ ਤੋਂ ਹੈਰੋਇਨ ਸਮੇਤ ਇਕ ਪਿਸਤੌਲ ਅਤੇ 2 ਪਾਕਿ ਸਿਮ ਬਰਾਮਦ ਹੋਏ ਹਨ। ਕਾਬੂ ਕੀਤੇ ਦੋਸ਼ੀਆਂ ਪਛਾਣ ਬਸਤ ਸਿੰਘ ਅਤੇ ਮਨਜਿੰਦਰ ਸਿੰਘ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਰਹਿਣ ਵਾਲੇ ਹਨ। ਉਕਤ ਦੋਸ਼ੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕਾਊਂਟਰ ਇੰਟੈਲੀਜੈਂਸੀ ਦੇ ਏ. ਜੀ. ਆਈ. ਅਮਰਜੀਤ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਦੋਵਾਂ ਸਮੱਗਲਰਾਂ ਅਤੇ ਪੁਲਸ ਵਿਚਕਾਰ ਉਸ ਸਮੇਂ ਗੋਲੀ ਵੀ ਚਲੀ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਦੋਵੇਂ ਤਸਕਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ। ਮੁੱਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਸਮੱਗਲਰਾਂ ਦੇ ਸਬੰਧ ਪਾਕਿ 'ਚ ਬੈਠੇ ਸਮੱਗਲਰ ਹਰੂਨ ਮਸੀ ਵਾਸੀ ਮਲਿਆਣਾ ਲਾਹੌਰ ਪਾਕਿ ਨਾਲ ਹਨ। ਪੁਲਸ ਅਧਿਕਾਰੀਆਂ ਮੁਤਾਬਕ ਉਕਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ, ਜਿਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।