ਪੁਲਸ ਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 22 ਕਿੱਲੋ ਅਫੀਮ ਸਮੇਤ 2 ਕੀਤੇ ਕਾਬੂ
Saturday, Oct 01, 2022 - 06:05 PM (IST)

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਮਾਲੇਰਕੋਟਲਾ ਜ਼ਿਲ੍ਹਾ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਕੈਂਟਰ ਗੱਡੀ ਚਾਲਕ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 22 ਕਿੱਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਐੱਸ.ਪੀ. ਅਮਰਗੜ੍ਹ ਗੁਰਇਕਬਾਲ ਸਿੰਘ, ਐੱਸ.ਆਈ. ਹਰਪ੍ਰੀਤ ਸਿੰਘ ਇੰਚਾਰਜ ਕਾਊਂਟਰ ਇੰਟੈਲੀਜੈਂਸ ਮਾਲੇਰਕੋਟਲਾ ਅਤੇ ਐੱਸ.ਆਈ. ਵਿਨਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਅਮਰਗੜ੍ਹ ਵੱਲੋਂ ਸਾਂਝਾ ਆਪ੍ਰੇਸ਼ਨ ਕਰਦਿਆਂ ਇਲਾਕੇ ’ਚ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲ਼ ਸੂਆ ਬਾਗੜੀਆਂ ਛੀਟਾਂਵਾਲਾ ਰੋਡ ਬਾ-ਹੱਦ ਪਿੰਡ ਭੱਟੀਆਂ ਕਲਾਂ ਵਿਖੇ ਨਾਕਾ ਲਾ ਕੇ ਜਦੋਂ ਪੁਲਸ ਪਾਰਟੀ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਛੀਟਾਂਵਾਲੀ ਸਾਈਡ ਤੋਂ ਆਉਂਦੇ ਲਾਲ ਰੰਗ ਦੇ ਕੈਂਟਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਉਕਤ ਕੈਂਟਰ ’ਚ ਸਵਾਰ ਡਰਾਈਵਰ ਅਤੇ ਕੰਡਕਟਰ ਸਾਈਡ ਤੋਂ ਉੱਤਰ ਕੇ ਭੱਜਣ ਲੱਗੇ ਤਾਂ ਸਹਾਇਕ ਥਾਣੇਦਾਰ ਅਨੈਤ ਖਾਂ ਨੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁਲਸ ਮੁਤਾਬਕ ਡਰਾਈਵਰ ਦੀ ਸ਼ਨਾਖਤ ਇੰਦਰਪਾਲ ਸਿੰਘ ਵਾਸੀ ਪਿੰਡ ਸਿਕੰਦਰਪੁਰਾ ਅਤੇ ਕਡੰਕਟਰ ਦੀ ਸੁਖਵਿੰਦਰ ਸਿੰਘ ਵਾਸੀ ਪਿੰਡ ਸਿਕੰਦਰਪੁਰਾ ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਵੱਲੋਂ ਅਸਾਮ ਤੋਂ ਚਾਹ ਪੱਤੀ ਲੋਡ ਕਰਕੇ ਲਿਆਂਦੇ ਗਏ ਕੈਂਟਰ ਦੇ ਕੈਬਿਨ ਦੀ ਜਦੋਂ ਚੈਕਿੰਗ ਕੀਤੀ ਤਾਂ ਡਰਾਈਵਰ ਸੀਟ ਦੀ ਪਿਛਲੀ ਸੀਟ ਚੁੱਕਣ ’ਤੇ ਉਸਦੇ ਹੇਠੋਂ ਪਲਾਸਟਿਕ ਦੇ ਥੈਲੇ ’ਚ ਪੈਕਿੰਗ ਕੀਤੀ ਹੋਈ 22 ਕਿਲੋ ਅਫੀਮ ਬਰਾਮਦ ਹੋਈ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਦੋਵਾਂ ਵਿਅਕਤੀਆਂ ਖ਼ਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਨੰਬਰ 191 ਦਰਜ ਕਰਕੇ ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਜਿਨ੍ਹਾਂ ਤੋਂ ਹੋਰ ਬਾਰੀਕੀ ਨਾਲ ਕੀਤੀ ਜਾ ਰਹੀ ਪੁੱਛ-ਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।