ਭ੍ਰਿਸ਼ਟਾਚਾਰ ਦਾ ਮਾਮਲਾ : ਸਾਬਕਾ ਜੱਜ ਨੂੰ 4 ਸਾਲ ਕੈਦ
Friday, Dec 22, 2017 - 09:04 AM (IST)
ਚੰਡੀਗੜ੍ਹ, (ਸੰਦੀਪ)- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਸਿਵਲ ਜੱਜ ਐੱਮ. ਐੱਸ. ਵਾਲੀਆ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਦੋਸ਼ੀ ਪਾਉਂਦਿਆਂ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 1 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। 19 ਸਾਲ ਪੁਰਾਣੇ ਮਾਮਲੇ ਵਿਚ 205 ਸੁਣਵਾਈਆਂ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਦੇ 309 ਪੰਨਿਆਂ ਦੇ ਹੁਕਮਾਂ ਤਹਿਤ ਵਾਲੀਆ ਨੂੰ ਆਮਦਨ ਤੋਂ ਵੱਧ ਸਾਧਨਾਂ ਰਾਹੀਂ 52.40 ਲੱਖ ਜੁਟਾਏ ਜਾਣ ਦਾ ਦੋਸ਼ੀ ਪਾਇਆ ਹੈ।
ਅਦਾਲਤ ਨੇ ਵਾਲੀਆ ਦੀ 7 ਜੂਨ 2006 ਵਿਚ ਅਦਾਲਤ ਦੇ ਹੁਕਮਾਂ 'ਤੇ ਸੀਜ਼ ਕੀਤੀ ਗਈ ਸੈਕਟਰ-9 ਸਥਿਤ ਕੋਠੀ ਦਾ ਅੱਧਾ ਹਿੱਸਾ (ਜਿਸ ਨੂੰ ਵਾਲੀਆ ਨੇ ਖਰੀਦਿਆ ਸੀ), ਵਾਲੀਆ ਤੇ ਪਤਨੀ ਦੇ ਨਾਲ ਸਾਂਝਾ ਬੈਂਕ ਖਾਤਾ, ਜਿਸ ਵਿਚ 2.15 ਲੱਖ ਰੁਪਏ ਸਨ, 'ਚੋਂ ਯੂ. ਟੀ. ਪ੍ਰਸ਼ਾਸਨ ਨੂੰ ਰਿਕਵਰੀ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਬਾਕੀ ਦੇ ਪੈਸੇ ਦੋਸ਼ੀ ਦੀ ਚੱਲ ਤੇ ਅਚੱਲ ਜਾਇਦਾਦ ਤੋਂ ਰਿਕਵਰ ਕਰਨ ਦੇ ਹੁਕਮ ਦਿੱਤੇ ਗਏ ਹਨ। ਵਾਲੀਆ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟ੍ਰਾਰ ਦੀ ਸ਼ਿਕਾਇਤ 'ਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਹੋਇਆ ਸੀ। ਪਹਿਲਾਂ ਸੈਕਟਰ-3 ਥਾਣਾ ਪੁਲਸ ਨੇ ਵਾਲੀਆ ਖਿਲਾਫ਼ ਕੇ ਦਰਜ ਕੀਤਾ ਸੀ। ਹਾਈਕੋਰਟ 'ਚ ਦਾਇਰ ਪਟੀਸ਼ਨ ਹੋ ਗਈ ਸੀ ਖਾਰਜ
ਕੇਸ ਦਰਜ ਹੋਣ 'ਤੇ ਵਾਲੀਆ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਕੇ ਜਾਂਚ ਸੀ. ਬੀ. ਆਈ. ਨੂੰ ਟ੍ਰਾਂਸਫਰ ਕਰਨ ਦੇ ਹੁਕਮ ਦਿੱਤੇ ਗਏ ਸਨ। ਹੁਕਮ 'ਤੇ ਚੰਡੀਗੜ੍ਹ ਸੀ. ਬੀ. ਆਈ. ਨੇ 3 ਫਰਵਰੀ, 1998 ਨੂੰ ਵਾਲੀਆ ਖਿਲਾਫ ਕੇਸ ਦਰਜ ਕੀਤਾ ਸੀ। ਸੀ. ਬੀ. ਆਈ. ਵਲੋਂ ਇਸ ਕੇਸ ਵਿਚ ਵਾਲੀਆ ਖਿਲਾਫ਼ 107 ਗਵਾਹ ਬਣਾਏ ਗਏ ਸਨ। ਫਰਵਰੀ, 1998 ਵਿਚ ਸੀ. ਬੀ. ਆਈ. ਵਿਚ ਦਰਜ ਕੇਸ ਅਨੁਸਾਰ ਉਸ ਸਮੇਂ ਖਰੜ ਵਿਚ ਤਾਇਨਾਤ ਸਿਵਲ ਜੱਜ ਸੀਨੀਅਰ ਡਵੀਜ਼ਨ ਐੱਮ. ਐੱਸ. ਵਾਲੀਆ ਨੇ 1 ਮਾਰਚ, 1988 ਤੋਂ ਲੈ ਕੇ 12 ਫਰਵਰੀ, 1998 ਤਕ ਵੱਖ-ਵੱਖ ਥਾਵਾਂ 'ਤੇ ਤਾਇਨਾਤੀ ਦੌਰਾਨ ਆਮਦਨ ਤੋਂ ਵੱਧ ਸਾਧਨਾਂ ਰਾਹੀਂ ਲੱਖਾਂ ਦੀ ਕਮਾਈ ਕੀਤੀ। ਇਸ ਨਾਲ ਉਨ੍ਹਾਂ ਨੇ ਕਈ ਥਾਵਾਂ 'ਤੇ ਬੇਨਾਮੀਆਂ ਜਾਇਦਾਦਾਂ ਵੀ ਖਰੀਦੀਆਂ ਸਨ।
