ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ: 1 ਸੇਲਜ਼ਮੈਨ ਤੇ 3 ਸਕੱਤਰ ਮੁਅੱਤਲ

07/14/2019 10:57:29 AM

ਮਲੋਟ (ਜੁਨੇਜਾ) - ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ 4 ਵੱਖ-ਵੱਖ ਪਿੰਡਾਂ ਅੰਦਰ ਬਹੁਮੰਤਵੀ ਸਹਿਕਾਰੀ ਸੋਸਾਇਟੀਆਂ 'ਚ ਭ੍ਰਿਸ਼ਟਾਚਾਰ 'ਚ ਗੜੁੱਚ 1 ਸੇਲਜ਼ਮੈਨ ਅਤੇ 3 ਸਕੱਤਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਲੋਟ ਦੇ ਏ. ਆਰ. ਸੁਨੀਲ ਕੁਮਾਰ ਠਾਕੁਰ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਿਕਾਸ ਗਰਗ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਔਲਖ ਦੇ ਸੇਲਜ਼ਮੈਨ ਨੂੰ ਮੁਅੱਤਲ ਕਰਕੇ ਉਸ ਕੋਲੋਂ ਭ੍ਰਿਸ਼ਟਾਚਾਰ ਨਾਲ ਇਕੱਤਰ ਕੀਤੇ 8 ਲੱਖ ਰੁਪਏ ਰਿਕਵਰ ਕੀਤੇ ਗਏ।ਇਸੇ ਤਰ੍ਹਾਂ ਨਿਉਂ ਬਾਮ ਬਹੁਮੰਤਵੀ ਸਹਿਕਾਰੀ ਸਭਾ ਲਿਮ. ਦੇ ਸਕੱਤਰ ਨੂੰ ਮੁਅੱਤਲ ਕਰਕੇ ਉਸ ਕੋਲੋਂ 10 ਲੱਖ ਦੀ ਵਸੂਲੀ ਕਰਨ ਲਈ ਉਸ ਦੀ ਜ਼ਮੀਨ ਸਭਾ ਦੇ ਨਾਂ ਅਟੈਚ ਕਰ ਦਿੱਤੀ। ਛਾਪਿਆਂਵਾਲੀ ਬਹੁਮੰਤਵੀ ਸਹਿਕਾਰੀ ਸਭਾ ਲਿਮ. ਦੇ ਸਕੱਤਰ ਵਿਰੁੱਧ ਬੇਨਿਯਮੀਆਂ ਪਾਏ ਜਾਣ 'ਤੇ ਉਸ ਨੂੰ ਡਿਸਮਿਸ ਕੀਤਾ ਗਿਆ ਅਤੇ ਉਸ ਦੀ ਜ਼ਮੀਨ ਅਟੈਚ ਕਰ ਕੇ ਵਸੂਲੀ ਕੀਤੀ ਗਈ।

ਸ਼ਾਮ ਖੇੜਾ ਬਹੁਮੰਤਵੀ ਸਹਿਕਾਰੀ ਸਭਾ ਲਿਮ. ਦੇ ਸਕੱਤਰ ਵਲੋਂ ਸਟਾਕ 'ਚ ਕੀਤੀਆਂ ਬੇਨਿਯਮੀਆਂ ਕਰਕੇ ਉਸ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਏ. ਆਰ. ਨੇ ਸਹਿਕਾਰੀ ਸਭਾ ਦੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਕੰਮਕਾਜ ਨੂੰ ਈਮਾਨਦਾਰੀ ਨਾਲ ਕਰਨ ਅਤੇ ਕੋਈ ਭ੍ਰਿਸ਼ਟਾਚਾਰ ਫੈਲਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਉਧਰ, ਵਿਭਾਗ ਦੀ ਕਾਰਵਾਈ 'ਤੇ ਤਸੱਲੀ ਪ੍ਰਗਟਾਉਂਦਿਆਂ ਕੁਝ ਈਮਾਨਦਾਰ ਕਰਮਚਾਰੀਆਂ ਨੇ ਦੱਸਿਆ ਕਿ ਵਿਭਾਗ ਦੀ ਕਾਰਵਾਈ ਈਮਾਨਦਾਰ ਕਰਮਚਾਰੀਆਂ ਦਾ ਹੌਸਲਾ ਵਧਾਏਗੀ ਪਰ ਅਜੇ ਵੀ ਇਸ ਵਿਭਾਗ ਅੰਦਰ ਵੱਡੇ ਮਗਰਮੱਛ ਹਨ, ਜਿਨ੍ਹਾਂ ਨੇ ਕਰੋੜਾਂ ਰੁਪਏ ਭ੍ਰਿਸ਼ਟਾਚਾਰ ਜ਼ਰੀਏ ਇਕੱਤਰ ਕੀਤੇ ਹਨ ਅਤੇ ਇਨ੍ਹਾਂ ਵਿਰੁੱਧ ਵਿਜੀਲੈਂਸ ਵਿਭਾਗ ਦੀਆਂ ਜਾਂਚਾਂ ਜਾਂ ਤਾਂ ਹੋ ਗਈਆਂ ਹਨ ਜਾਂ ਕਰਨ ਦੀ ਮੰਗ ਕੀਤੀ ਹੋਈ ਹੈ।


rajwinder kaur

Content Editor

Related News