ਭ੍ਰਿਸ਼ਟਾਚਾਰ ਦੇ ਦੋਸ਼ ''ਚ ਪਟਵਾਰੀ ਨੂੰ 4 ਸਾਲ ਦੀ ਸਜ਼ਾ

10/24/2017 6:36:03 PM

ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਮਾਨਸਾ ਦੀ ਇਕ ਅਦਾਲਤ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਸਿੱਧ ਹੋਣ 'ਤੇ ਹਲਕਾ ਰਣਜੀਤਗੜ੍ਹ ਬਾਂਦਰਾ ਦੇ ਉਸ ਸਮੇਂ ਦੇ ਮਾਲ ਪਟਵਾਰੀ ਨੂੰ ਚਾਰ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲੋਹਗੜ੍ਹ ਵਾਸੀ ਜਸਵੰਤ ਸਿੰਘ (ਸਾਬਕਾ ਸਰਪੰਚ) ਪੁੱਤਰ ਬਚਨ ਸਿੰਘ ਨੇ ਸਾਲ 2014 'ਚ ਆਪਣੇ ਚਚੇਰੇ ਭਰਾ ਨਿਰੰਜਨ ਸਿੰਘ ਪੁੱਤਰ ਅਰਜਨ ਸਿੰਘ ਨਾਲ 2 ਕਨਾਲ 8 ਮਰਲੇ ਜ਼ਮੀਨ ਦਾ ਤਬਾਦਲਾ ਕੀਤਾ ਸੀ, ਜਿਸ ਦਾ ਇੰਤਕਾਲ ਕਰਵਾਉਣ ਲਈ ਜਦ ਜਸਵੰਤ ਸਿੰਘ ਨੇ ਹਲਕਾ ਰਣਜੀਤਗੜ੍ਹ ਬਾਂਦਰਾ ਦੇ ਪਟਵਾਰੀ ਦਰਸ਼ਨ ਸਿੰਘ ਵਾਸੀ ਸਰਦੂਲਗੜ੍ਹ ਨਾਲ ਗੱਲਬਾਤ ਕੀਤੀ ਤਾਂ ਉਸ ਵੱਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਅਤੇ ਸੌਦਾ 10 ਹਜ਼ਾਰ ਰੁਪਏ 'ਚ ਤੈਅ ਹੋ ਗਿਆ।
ਇਸ ਉਪਰੰਤ ਜਸਵੰਤ ਸਿੰਘ ਨੇ ਉਸ ਸਮੇਂ ਦੇ ਡੀ. ਐੱਸ. ਪੀ. ਵਿਜੀਲੈਂਸ ਮਾਨਸਾ ਪਰਮਜੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਅਤੇ ਸਾਰੀ ਗੱਲ ਦੱਸੀ। ਵਿਜੀਲੈਂਸ ਵਿਭਾਗ ਮਾਨਸਾ ਵੱਲੋਂ 16 ਜੁਲਾਈ 2014 ਨੂੰ ਪਹਿਲਾਂ ਉਕਤ ਪਟਵਾਰੀ ਖਿਲਾਫ਼ ਵਿਜੀਲੈਂਸ ਵਿਭਾਗ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਨੰਬਰ 9 ਦਰਜ ਕਰਵਾਇਆ ਗਿਆ ਅਤੇ ਫਿਰ ਉਕਤ ਪਟਵਾਰੀ ਨੂੰ ਝੁਨੀਰ ਦਫ਼ਤਰ ਵਿਖੇ ਜਸਵੰਤ ਸਿੰਘ ਵੱਲੋਂ ਦਿੱਤੀ ਗਈ 10 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਉਪਰੰਤ ਚੌਕਸੀ ਵਿਭਾਗ ਵੱਲੋਂ ਇਸ ਮਾਮਲੇ ਨੂੰ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਸਪੈਸ਼ਲ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਵੱਲੋਂ ਪਟਵਾਰੀ ਦਰਸ਼ਨ ਸਿੰਘ ਨੂੰ 4 ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਗਿਆ ਹੈ।


Related News