ਆਜ਼ਾਦ ਚੋਣ ਲੜਨ ਤੇ ਅੰਦਰਖਾਤੇ ਵਾਰ ਕਰਨ ਵਾਲੇ ਬਾਗੀਆਂ ''ਤੇ ਕਾਰਵਾਈ ਨਾ ਹੋਣ ਦਾ ਜਿੰਨ ਵੀ ਆਇਆ ਬਾਹਰ

Sunday, Dec 31, 2017 - 09:06 AM (IST)

ਜਲੰਧਰ (ਚੋਪੜਾ)—ਨਿਗਮ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਖਿਲਾਫ ਆਜ਼ਾਦ ਚੋਣ ਲੜਨ ਵਾਲੇ ਤੇ ਅੰਦਰਖਾਤੇ ਵਾਰ ਕਰਨ ਵਾਲੇ ਬਾਗੀਆਂ ਖਿਲਾਫ ਕਾਰਵਾਈ ਨਾ ਹੋਣ ਦਾ ਜਿੰਨ ਵੀ ਬੋਤਲ 'ਚੋਂ ਬਾਹਰ ਆ ਗਿਆ। ਕੌਂਸਲਰ ਰੋਹਣ ਸਹਿਗਲ ਨੇ ਮੀਟਿੰਗ ਵਿਚ ਮੁੱਦਾ ਉਠਾਉਂਦਿਆਂ ਜ਼ਿਲਾ ਪ੍ਰਧਾਨ ਦਲਜੀਤ ਆਹਲੂਵਾਲੀਆ ਕੋਲੋਂ ਪੁੱਛਿਆ ਕਿ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਲਈ ਕੰਮ ਕੀਤਾ, ਉਨ੍ਹਾਂ ਖਿਲਾਫ ਕੀ ਕਾਰਵਾਈ ਕੀਤੀ ਗਈ? ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਤੁਰੰਤ ਰੋਹਣ ਦਾ ਸਮਰਥਨ ਕਰਦਿਆਂ ਸਵਾਲ ਕੀਤੇ ਕਿ ਆਖਿਰ ਬਾਗੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਜਦੋਂਕਿ ਕੌਂਸਲਰਾਂ ਨੇ ਚੋਣਾਂ ਦੌਰਾਨ ਹੀ ਇਸ ਸਬੰਧ ਵਿਚ ਜ਼ਿਲਾ ਪ੍ਰਧਾਨ ਤੇ ਹਲਕਾ ਵਿਧਾਇਕਾਂ ਨੂੰ ਲਿਖਤੀ ਸ਼ਿਕਾਇਤਾਂ ਦੇ ਦਿੱਤੀਆਂ ਸਨ। ਵਿਧਾਇਕ ਜੂਨੀਅਰ ਹੈਨਰੀ ਨੇ ਇਸ ਮਾਮਲੇ ਨੂੰ ਸ਼ਾਂਤ ਕਰਦਿਆਂ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਬਾਗੀਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਇਹ ਪਲੇਟਫਾਰਮ ਠੀਕ ਨਹੀਂ ਹੈ। 
ਇਸ ਦੇ ਲਈ ਕਾਂਗਰਸ ਭਵਨ ਵਿਚ ਵੱਖਰੇ ਤੌਰ 'ਤੇ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿਚ ਇਸ ਬਾਰੇ ਫੈਸਲਾ ਹੋਵੇਗਾ। ਜ਼ਿਕਰਯੋਗ ਹੈ ਕਿ ਨਿਗਮ ਚੋਣਾਂ ਵਿਚ ਡੇਢ ਦਰਜਨ ਦੇ ਕਰੀਬ ਅਜਿਹੇ ਕਾਂਗਰਸੀ ਆਗੂ ਸਨ, ਜੋ ਕਾਂਗਰਸੀ ਉਮੀਦਵਾਰਾਂ ਦੇ ਖਿਲਾਫ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਜ਼ਾਦ ਚੋਣ ਮੈਦਾਨ ਵਿਚ ਉਤਰੇ ਸਨ। 
ਕੁਝ ਬਾਗੀ ਉਮੀਦਵਾਰਾਂ ਨੂੰ ਕਾਂਗਰਸੀ ਆਗੂਆਂ ਨੇ ਮਨਾ ਕੇ ਉਨ੍ਹਾਂ ਦਾ ਨਾਂ ਵਾਪਸ ਕਰਵਾ ਦਿੱਤਾ ਸੀ ਪਰ ਵਾਰਡ ਨੰਬਰ 26 ਤੋਂ ਨਿਰਵੈਲ ਸਿੰਘ, ਵਾਰਡ ਨੰਬਰ 20 ਤੋਂ ਰਣਦੀਪ ਸੂਰੀ, ਵਾਰਡ ਨੰਬਰ 78 ਤੋਂ ਸਾਬਕਾ ਕੌਂਸਲਰ ਡਾ. ਪਦੀਪ ਰਾਏ, ਵਾਰਡ ਨੰਬਰ 32 ਤੋਂ ਸਾਬਕਾ ਕੌਂਸਲਰ ਵਿਪਨ ਕੁਮਾਰ, ਵਾਰਡ ਨੰਬਰ 34 ਤੋਂ ਰਵਿੰਦਰ ਕੁਮਾਰ, ਵਾਰਡ ਨੰਬਰ 36 ਤੋਂ ਏਕਤਾ ਭਗਤ ਸਣੇ ਬਹੁਤ ਸਾਰੇ ਅਜਿਹੇ ਨਾਮ ਹਨ, ਜੋ ਅੰਤਿਮ ਸਮੇਂ ਤੱਕ ਮੈਦਾਨ ਵਿਚ ਡਟੇ ਰਹੇ, ਕਿਉਂਕਿ ਜ਼ਿਲਾ ਪ੍ਰਧਾਨ ਨੇ ਬਾਗੀਆਂ ਨੂੰ ਮੈਦਾਨ ਤੋਂ ਹਟਣ ਜਾਂ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਉਣ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਸਦੇ  ਬਾਵਜੂਦ ਉਨ੍ਹਾਂ ਦੀ ਚਿਤਾਵਨੀ ਦਾ ਅਸਰ ਬਾਗੀਆਂ 'ਤੇ ਨਹੀਂ ਹੋਇਆ। ਚੋਣਾਂ ਵੀ ਨਿਪਟ ਗਈਆਂ ਪਰ ਬਾਗੀਆਂ ਖਿਲਾਫ ਕੋਈ ਕਾਰਵਾਈ ਨਾ ਹੁੰਦੀ ਦੇਖ ਕੌਂਸਲਰਾਂ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਪ੍ਰਤੀ ਗੁੱਸਾ ਪੈਦਾ ਹੋ ਰਿਹਾ ਹੈ। 
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੇ ਪਟਿਆਲਾ ਵਿਚ ਕਾਂਗਰਸ ਨਾਲ ਸਬੰਧਤ ਤੇ ਅੰਦਰਖਾਤੇ ਵਾਰ ਕਰਨ ਵਾਲੇ ਅਨੇਕਾਂ ਆਗੂਆਂ ਖਿਲਾਫ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਪਰ ਜਲੰਧਰ ਵਿਚ ਇਸ ਕਾਰਵਾਈ ਨੂੰ ਕਰਨ ਤੋਂ ਲਗਾਤਾਰ ਗੁਰੇਜ਼ ਕੀਤਾ ਜਾਂਦਾ ਰਿਹਾ ਹੈ। ਇਸ ਮਾਮਲੇ ਦੇ ਇਕ ਵਾਰ ਫਿਰ ਤੋਂ ਉਠਣ ਤੋਂ ਬਾਅਦ ਕੌਂਸਲਰਾਂ ਦੇ ਰੋਸ ਨੂੰ ਦਬਾਉਣਾ ਸੌਖਾ ਨਹੀਂ ਹੋਵੇਗਾ, ਹੁਣ ਦੇਖਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੀਨੀਅਰ ਆਗੂ ਇਸ ਮਾਮਲੇ ਵਿਚ ਆਪਣਾ ਕੀ ਰੁਖ਼ ਸਪੱਸ਼ਟ ਕਰਦੇ ਹਨ। ਕੁਝ ਕੌਂਸਲਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਈ ਆਜ਼ਾਦ ਉਮੀਦਵਾਰ ਆਪਣੇ ਅਕਾਵਾਂ ਦੇ ਇਸ਼ਾਰਿਆਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਆਜ਼ਾਦ ਚੋਣਾਂ ਲੜ ਰਹੇ ਸਨ। ਜੇਕਰ ਅਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਨਾ ਕੱਢਿਆ ਗਿਆ ਤਾਂ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਉਠਾ ਕੇ ਸਾਰੇ ਕੱਚੇ-ਚਿੱਠੇ ਖੋਲ੍ਹਣਗੇ।


Related News