ਸੇਵਾ ਕੇਂਦਰਾਂ ਤੇ ਨਿਗਮ ਦਫਤਰ ''ਚ ਲੋਕ ਧੱਕੇ ਖਾਣ ਲਈ ਮਜਬੂਰ

Saturday, Mar 17, 2018 - 09:44 AM (IST)

ਸੇਵਾ ਕੇਂਦਰਾਂ ਤੇ ਨਿਗਮ ਦਫਤਰ ''ਚ ਲੋਕ ਧੱਕੇ ਖਾਣ ਲਈ ਮਜਬੂਰ

ਅੰਮ੍ਰਿਤਸਰ (ਰਮਨ)- ਸ਼ਹਿਰ 'ਚ ਜਨਮ-ਮੌਤ ਸਰਟੀਫਿਕੇਟ ਲੈਣ ਲਈ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸਰਟੀਫਿਕੇਟ ਨਗਰ ਨਿਗਮ ਵਿਚ ਅਪਲਾਈ ਹੁੰਦੇ ਸਨ ਤੇ ਉਥੋਂ ਹੀ ਮਿਲਦੇ ਸਨ ਪਰ ਜਦੋਂ ਤੋਂ ਸਰਕਾਰ ਵੱਲੋਂ ਸੇਵਾ ਕੇਂਦਰ ਸ਼ੁਰੂ ਕੀਤੇ ਗਏ ਹਨ ਉਦੋਂ ਤੋਂ ਲੋਕ ਕਦੇ ਨਿਗਮ ਦਫਤਰ 'ਚ ਧੱਕੇ ਖਾਂਦੇ ਹਨ ਤਾਂ ਕਦੇ ਸੇਵਾ ਕੇਂਦਰਾਂ 'ਚ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਨਮ-ਮੌਤ ਸਰਟੀਫਿਕੇਟ ਏਜੰਟ ਸੇਵਾ ਕੇਂਦਰਾਂ ਦੇ ਬਾਹਰ ਅੱਜਕੱਲ ਆਮ ਦੇਖੇ ਜਾਂਦੇ ਹਨ, ਫਰਜ਼ੀ ਸਰਟੀਫਿਕੇਟ ਸਬੰਧੀ ਨਿਗਮ ਵੱਲੋਂ ਕੇਸ ਵੀ ਦਰਜ ਕਰਵਾਏ ਗਏ ਪਰ ਅੱਜ ਤੱਕ ਕੋਈ ਪਕੜ ਵਿਚ ਨਹੀਂ ਆਇਆ।
ਸੇਵਾ ਕੇਂਦਰਾਂ 'ਚ ਅਪਲਾਈ ਹੋਣ ਵਾਲੇ ਸਰਟੀਫਿਕੇਟ ਲੋਕਾਂ ਨੂੰ ਸਮੇਂ 'ਤੇ ਨਹੀਂ ਮਿਲ ਰਹੇ, ਕਈ ਵਾਰ ਤਾਂ ਲੋਕ 3-3 ਵਾਰ ਵੀ ਸਰਟੀਫਿਕੇਟ ਅਪਲਾਈ ਕਰਦੇ ਹਨ ਅਤੇ ਸਾਰੇ ਦਸਤਾਵੇਜ਼ ਦਿੰਦੇ ਹਨ ਤਾਂ ਵੀ ਉਨ੍ਹਾਂ ਨੂੰ ਸਰਟੀਫਿਕੇਟ ਨਹੀਂ ਮਿਲਦਾ। ਜਦੋਂ ਲੋਕਾਂ ਨੂੰ ਸਰਟੀਫਿਕੇਟ ਸਮੇਂ 'ਤੇ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਅਖੀਰ ਏਜੰਟ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਏਜੰਟ ਲੇਟ ਐਂਟਰੀ ਦੇ ਨਾਂ 'ਤੇ ਲੋਕਾਂ ਤੋਂ ਪੈਸੇ ਠੱਗਦੇ ਹਨ ਅਤੇ ਉਹ ਸਰਟੀਫਿਕੇਟ ਤਕਰੀਬਨ ਫਰਜ਼ੀ ਹੀ ਪਾਏ ਜਾਂਦੇ ਹਨ। ਸੇਵਾ ਕੇਂਦਰਾਂ 'ਚ ਸਮੇਂ 'ਤੇ ਸਰਟੀਫਿਕੇਟ ਨਾ ਮਿਲਣਾ ਵੀ ਵੱਡੀ ਗੱਲ ਹੈ ਕਿ ਨਿਗਮ ਵਿਚ ਸਮੇਂ 'ਤੇ ਸਰਟੀਫਿਕੇਟ ਜਾਰੀ ਹੋ ਜਾਂਦੇ ਹਨ ਪਰ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਸਮੇਂ 'ਤੇ ਨਹੀਂ ਮਿਲਦੇ, ਇਸ ਸਬੰਧੀ ਕਈ ਵਾਰ ਡੀ. ਸੀ. ਅਤੇ ਨਿਗਮ ਦਫਤਰ ਵਿਚ ਗੱਲ ਹੋਈ ਤਾਂ ਗੱਲ ਸਾਹਮਣੇ ਆਈ ਕਿ ਕੁਝ ਸੇਵਾ ਕੇਂਦਰਾਂ ਦੇ ਕਰਮਚਾਰੀ ਜਾਣਬੁਝ ਕੇ ਸਰਟੀਫਿਕੇਟ ਦੇਰੀ ਨਾਲ ਲੋਕਾਂ ਨੂੰ ਦਿੰਦੇ ਹਨ, ਜਦੋਂ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਨਿਗਮ ਦਾ ਨਾਂ ਲੈ ਕੇ ਥੋੜ੍ਹੇ-ਬਹੁਤ ਪੈਸੇ ਲੈ ਕੇ ਉਨ੍ਹਾਂ ਨੂੰ ਅਗਲੇ ਦਿਨ ਹੀ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ।

2 ਸਾਲਾਂ ਤੋਂ ਭਟਕ ਰਹੇ ਸਰਟੀਫਿਕੇਟ ਲਈ
ਨਿਗਮ ਦਫਤਰ 'ਚ ਆਏ ਸੌਰਵ ਅਰੋੜਾ ਨੇ ਦੱਸਿਆ ਕਿ ਸਾਲ 2016 ਵਿਚ ਉਨ੍ਹਾਂ ਨੇ ਲੇਟ ਐਂਟਰੀ ਸਬੰਧੀ ਸਰਟੀਫਿਕੇਟ ਅਪਲਾਈ ਕੀਤਾ ਸੀ, ਜਿਸ ਨਾਲ ਉਹ 2 ਸਾਲਾਂ ਤੋਂ ਭਟਕ ਰਹੇ ਹਨ ਅਤੇ ਕੋਈ ਉਨ੍ਹਾਂ ਨੂੰ ਨਿਆਂ ਨਹੀਂ ਦੇ ਰਿਹਾ। ਸਰਟੀਫਿਕੇਟ ਲਈ ਉਨ੍ਹਾਂ ਵੱਲੋਂ ਸੇਵਾ ਕੇਂਦਰ ਵਿਚ ਹਰ ਦਸਤਾਵੇਜ਼ ਦਿੱਤਾ ਗਿਆ ਸੀ ਪਰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਨੂੰ ਸਰਟੀਫਿਕੇਟ ਅਜੇ ਤੱਕ ਨਹੀਂ ਮਿਲਿਆ, ਹੁਣ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਫਾਈਲ ਗੁੰਮ ਹੋ ਗਈ ਹੈ, ਦੁਬਾਰਾ ਤੋਂ ਅਪਲਾਈ ਕਰੋ। ਸੌਰਵ ਨੇ ਕਿਹਾ ਕਿ ਉਨ੍ਹਾਂ ਨਾਲ ਸੇਵਾ ਕੇਂਦਰਾਂ ਵੱਲੋਂ ਗਲਤ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਸਬੰਧੀ ਉਹ ਨਿਗਮ ਵਿਚ ਸੁਪਰਡੈਂਟ ਧਰਮਿੰਦਰ ਸਿੰਘ ਨੂੰ ਮਿਲੇ, ਜਿਸ ਨਾਲ ਉਨ੍ਹਾਂ ਨੇ ਭਰੋਸਾ ਦਿੱਤਾ ਕਿ 1-2 ਦਿਨਾਂ 'ਚ ਉਨ੍ਹਾਂ ਦੀ ਫਾਈਲ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸੌਰਵ ਨੇ ਕਿਹਾ ਕਿ ਅੱਜਕਲ ਬੱਚੇ ਦੇ ਦਾਖਲੇ ਲਈ ਸਰਟੀਫਿਕੇਟ ਜ਼ਰੂਰੀ ਹੋ ਗਿਆ ਹੈ ਪਰ ਕੁਝ ਗਲਤ ਆਦਮੀ ਵਿਭਾਗ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ।

ਏਜੰਟ ਬੰਟੀ ਅਜੇ ਵੀ ਪਕੜ ਤੋਂ ਦੂਰ
ਪਿਛਲੇ ਸਾਲ ਨਗਰ ਨਿਗਮ ਵਿਚ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਬੰਟੀ ਨਾਮਕ ਵਿਅਕਤੀ ਨੇ ਫਰਜ਼ੀ ਸਰਟੀਫਿਕੇਟ ਬਣਾ ਕੇ ਉਸ ਤੋਂ ਪੈਸੇ ਠੱਗੇ ਹਨ, ਜਿਸ ਸਬੰਧੀ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਵਿਚ ਉਕਤ ਏਜੰਟ ਦੇ ਮੋਬਾਇਲ ਨੰਬਰ ਅਤੇ ਉਸ ਦਾ ਟਿਕਾਣਾ ਵੀ ਦੱਸਿਆ, ਜਿਸ ਨੂੰ ਲੈ ਕੇ ਨਿਗਮ ਦੇ ਲੋਕਲ ਰਜਿਸਟਰਾਰ ਡਾ. ਨਵਜੋਤ ਕੌਰ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਨਾਲ ਉਸ 'ਤੇ ਕੇਸ ਤਾਂ ਦਰਜ ਹੋਇਆ ਪਰ ਪੁਲਸ ਨੇ ਉਸ ਨੂੰ ਫੜਿਆ ਨਹੀਂ। ਹਾਲਾਂਕਿ ਪਤਾ ਲੱਗਾ ਹੈ ਕਿ ਪੁਲਸ ਨੂੰ ਉਕਤ ਏਜੰਟ ਦੇ ਘਰ ਅਤੇ ਸਾਰੇ ਟਿਕਾਣਿਆਂ ਦਾ ਪਤਾ ਹੈ ਪਰ ਉਹ ਕੁਝ ਨਹੀਂ ਕਰ ਰਹੇ, ਇਸ ਸਬੰਧੀ ਵਿਭਾਗ ਵੱਲੋਂ ਵੀ ਕੋਈ ਪੜਤਾਲ ਨਹੀਂ ਕੀਤੀ ਗਈ, ਸਿਰਫ ਥਾਣੇ ਵਿਚ ਕੇਸ ਦਰਜ ਹੋਇਆ ਹੈ, ਬਾਕੀ ਅਜੇ ਵੀ ਬੰਟੀ ਪਕੜ ਤੋਂ ਦੂਰ ਹੈ।

ਆਖਿਰ ਕਦੋਂ ਰੁਕੇਗਾ ਫਰਜ਼ੀ ਸਰਟੀਫਿਕੇਟ ਦਾ ਗੋਰਖਧੰਦਾ
ਜਨਮ-ਮੌਤ ਵਿਭਾਗ ਵੱਲੋਂ ਪਿਛਲੇ ਸਮੇਂ ਵਿਚ ਹੱਥ ਨਾਲ ਸਰਟੀਫਿਕੇਟ ਬਣਾ ਕੇ ਦਿੱਤੇ ਜਾ ਰਹੇ ਸਨ ਪਰ ਸਰਟੀਫਿਕੇਟ ਬਣਾਉਣ ਵਾਲਾ ਗਿਰੋਹ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਉਨ੍ਹਾਂ ਨੂੰ ਪ੍ਰਿੰਟਿਡ ਸਰਟੀਫਿਕੇਟ ਦੇ ਰਿਹਾ ਸੀ। ਗਿਰੋਹ ਨੇ ਫਰਜ਼ੀ ਸਰਟੀਫਿਕੇਟ, ਪ੍ਰਿੰਟਰ, ਮੋਹਰਾਂ ਆਪ ਹੀ ਬਣਾਈਆਂ ਹਨ ਅਤੇ ਅਧਿਕਾਰੀਆਂ ਦੇ ਹਸਤਾਖਰ ਵੀ ਆਪ ਹੀ ਕਰ ਲੈਂਦੇ ਹਨ। ਸਰਕਾਰੀ ਫਰਜ਼ੀ ਸਰਟੀਫਿਕੇਟ ਬਣਾਉਣਾ ਕਾਨੂੰਨੀ ਜੁਰਮ ਹੈ ਪਰ ਇਹ ਗਿਰੋਹ ਪਕੜ ਤੋਂ ਬਾਹਰ ਹੈ। ਕਈ ਸਾਲਾਂ ਤੋਂ ਇਹ ਗਿਰੋਹ ਲੋਕਾਂ ਨੂੰ ਲੁੱਟ ਰਿਹਾ ਹੈ ਪਰ ਅਜੇ ਤੱਕ ਕੋਈ ਇਸ ਨੂੰ ਫੜ ਨਹੀਂ ਸਕਿਆ ਕਿਉਂਕਿ ਜਿਸ ਕਿਸੇ ਕੋਲ ਵੀ ਜਾਂਚ ਹੋਣ ਜਾਂਦੀ ਹੈ ਤਾਂ ਉਹ ਉਨ੍ਹਾਂ ਲੋਕਾਂ ਕੋਲ ਆਪਣੀ ਪਹੁੰਚ ਬਣਾ ਲੈਂਦੇ ਹਨ ਅਤੇ ਜਾਂਚ ਨੂੰ ਦਬਾਅ ਦਿੰਦੇ ਹਨ। ਨਿਗਮ ਵਿਚ ਹਰ ਕੋਈ ਵਿਅਕਤੀ ਇਹੀ ਬੋਲਦਾ ਹੈ ਕਿ ਆਖਿਰ ਕਦੋਂ ਰੁਕੇਗਾ ਫਰਜ਼ੀ ਸਰਟੀਫਿਕੇਟ ਦਾ ਗੋਰਖਧੰਦਾ, ਨਾ ਤਾਂ ਅਜੇ ਤੱਕ ਨਗਰ ਨਿਗਮ ਅਧਿਕਾਰੀ ਇਸ ਨੂੰ ਰੋਕ ਅਤੇ ਫੜ ਸਕੇ ਹਨ ਤੇ ਨਾ ਹੀ ਪੁਲਸ ਵੱਲੋਂ ਕੋਈ ਫੜਿਆ ਗਿਆ ਹੈ।

ਇਨ੍ਹਾਂ ਸੇਵਾ ਕੇਂਦਰਾਂ 'ਚ ਕਰੋ ਸਰਟੀਫਿਕੇਟ ਅਪਲਾਈ
ਵਿਭਾਗੀ ਅਧਿਕਾਰੀ ਵੀ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਏਜੰਟ ਦੇ ਝਾਂਸੇ ਵਿਚ ਨਾ ਆਉਣ ਤੇ ਸਰਟੀਫਿਕੇਟ ਕਿਸੇ ਵੀ ਬਾਹਰ ਵਿਅਕਤੀ ਤੋਂ ਨਾ ਬਣਵਾਉਣ। ਜੇਕਰ ਬਾਹਰ ਕਿਸੇ ਏਜੰਟ ਤੋਂ ਕੋਈ ਵੀ ਵਿਅਕਤੀ ਸਰਟੀਫਿਕੇਟ ਬਣਵਾਉਂਦਾ ਹੈ ਤਾਂ ਉਸ ਵਿਚ ਜਦੋਂ ਕਦੇ ਸਰਟੀਫਿਕੇਟ ਦੀ ਪੁਸ਼ਟੀ ਹੋਣੀ ਹੁੰਦੀ ਹੈ ਤਾਂ ਉਹ ਫਰਜ਼ੀ ਨਿਕਲਦਾ ਹੈ, ਜਿਸ ਨਾਲ ਬਾਅਦ ਵਿਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਵੱਲੋਂ ਜ਼ਿਲੇ ਦੇ ਸਾਰੇ ਹਲਕਿਆਂ ਵਿਚ ਸੇਵਾ ਕੇਂਦਰ ਬਣਾਏ ਗਏ ਹਨ, ਲੋਕ ਉਥੋਂ ਹੀ ਆਪਣਾ ਸਰਟੀਫਿਕੇਟ ਅਪਲਾਈ ਕਰਨ ਅਤੇ ਨਿਰਧਾਰਤ ਸਮੇਂ ਵਿਚ ਉਥੋਂ ਹੀ ਲੈਣ ਤਾਂ ਕਿ ਲੋਕਾਂ ਨੂੰ ਮੁਸ਼ਕਲ ਨਾ ਆਏ। ਅੰਮ੍ਰਿਤਸਰ ਜ਼ਿਲੇ ਵਿਚ 30 ਸੇਵਾ ਕੇਂਦਰ ਹਨ, ਜਿਨ੍ਹਾਂ 'ਚ ਅਜਨਾਲਾ, ਰਮਦਾਸ, ਸਰਕਾਰੀ ਹਸਪਤਾਲ ਰਾਜਾਸਾਂਸੀ, ਸੁਵਿਧਾ ਕੇਂਦਰ ਰਾਜਾਸਾਂਸੀ, ਮਾਰਕੀਟ ਕਮੇਟੀ ਰਈਆ ਦਫਤਰ, ਯੂ. ਐੱਲ. ਬੀ. ਦਫਤਰ ਰਈਆ, ਬੀ. ਡੀ. ਪੀ. ਓ. ਦਫਤਰ ਰਈਆ, ਐੱਮ. ਟੀ. ਮਜੀਠਾ ਨਜ਼ਦੀਕ ਟੈਲੀਫੋਨ ਐਕਸਚੇਂਜ, ਐੱਮ. ਸੀ. ਜੰਡਿਆਲਾ ਨਜ਼ਦੀਕ ਬੱਸ ਸਟੈਂਡ, ਕੋਟ ਬਾਬਾ ਦੀਪ ਸਿੰਘ ਪਾਰਕ ਜੌੜਾ ਫਾਟਕ, ਪਟਾਕਾ ਮਾਰਕੀਟ ਚਮਰੰਗ ਰੋਡ ਪਾਰਕ, ਮੁਸਲਮਾਨ ਗੰਜ ਨਜ਼ਦੀਕ ਮਾਤਾ ਕੌਲਾਂ ਦੇਵੀ, ਘਿਉ ਮੰਡੀ, ਗੇਟ ਹਕੀਮਾਂ ਭਗਤਾਂਵਾਲਾ, ਗੁਰਨਾਮ ਨਗਰ ਸਕੱਤਰੀ ਬਾਗ, ਮੋਰ ਮੰਡੀ ਰੋਡ ਨਜ਼ਦੀਕ ਟਾਊਨ ਹਾਊਸ ਸਕੂਲ, ਸ਼ਕਤੀ ਨਗਰ ਪਾਰਕ, ਲਾਹੋਰੀ ਗੇਟ ਪਾਰਕ, ਪਿੰਕ ਪਲਾਜ਼ਾ, ਬੀ. ਐੱਸ. ਪ੍ਰਕਾਸ਼ ਸਿਨੇਮਾ ਬਾਬਾ ਘੋੜਾ ਸ਼ਾਹ, ਸੇਵਾ ਨਗਰ ਮਹਿੰਗਾ ਸਿੰਘ ਸੈਣੀ ਰਸਤਾ, ਕੋਟ ਮੋਤੀ ਰਾਮ ਸਾਹਮਣੇ ਆਰੀਆ ਸਮਾਜ ਸੀ. ਸੈ. ਸਕੂਲ, ਜ਼ੋਨ ਨੰ. 6 ਪਬਲਿਕ ਹੈਲਥ ਦਫਤਰ ਨਜ਼ਦੀਕ ਰੇਲਵੇ ਕਰਾਸਿੰਗ, ਜ਼ੋਨ ਨੰ. 6 ਬਸੰਤ ਨਗਰ, ਜ਼ੋਨ ਨੰ. 6 ਡੀ-ਬਲਾਕ ਪਾਰਕ ਰਣਜੀਤ ਐਵੀਨਿਊ, ਜ਼ੋਨ ਨੰ. 7 ਪੀ. ਡਬਲਿਊ. ਡੀ. ਦਫਤਰ ਸਾਹਮਣੇ ਸੈਲੀਬ੍ਰੇਸ਼ਨ ਮਾਲ, ਜ਼ੋਨ ਨੰ. 5 ਕਬੀਰ ਪਾਰਕ, ਜ਼ੋਨ ਨੰ. 5 ਚਾਹ ਨਿਹੰਗਾ ਸਾਹਮਣੇ ਜਗਮੋਹਨ ਹਸਪਤਾਲ, ਜ਼ੋਨ ਨੰ. 8 ਜਾਪਾਨੀ ਮਿੱਲ ਪਾਰਕ ਛੇਹਰਟਾ ਤੇ ਜ਼ੋਨ ਨੰ. 8 ਐੱਮ. ਸੀ. ਏ. ਦਫਤਰ ਛੇਹਰਟਾ ਹਨ।


Related News