ਡਿਫਾਲਟਰ ਕਾਲੋਨਾਈਜ਼ਰਾਂ ''ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ ''ਚ ਬਕਾਇਆ ਨਾ ਦਿੱਤਾ ਤਾਂ ਹੋਵੇਗੀ FIR

Thursday, May 07, 2026 - 06:25 AM (IST)

ਡਿਫਾਲਟਰ ਕਾਲੋਨਾਈਜ਼ਰਾਂ ''ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ ''ਚ ਬਕਾਇਆ ਨਾ ਦਿੱਤਾ ਤਾਂ ਹੋਵੇਗੀ FIR

ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਹੁਣ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਵਿਚ ਹੈ। ਸ਼ਹਿਰ ਵਿਚ ਲਗਭਗ 100 ਕਾਲੋਨਾਈਜ਼ਰ ਅਜਿਹੇ ਹਨ, ਜਿਨ੍ਹਾਂ ਨੇ ਆਪਣੀਆਂ ਕਾਲੋਨੀਆਂ ਰੈਗੂਲਰ ਤਾਂ ਕਰਵਾ ਲਈਆਂ ਪਰ ਹੁਣ ਤਕ ਪੂਰਾ ਭੁਗਤਾਨ ਨਹੀਂ ਕੀਤਾ। ਜਾਣਕਾਰੀ ਮੁਤਾਬਕ ਸਾਲ 2013 ਵਿਚ ਉਸ ਸਮੇਂ ਦੀ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਇਕ ਪਾਲਿਸੀ ਲਾਗੂ ਕੀਤੀ ਸੀ। ਇਸ ਪਾਲਿਸੀ ਤਹਿਤ ਜਲੰਧਰ ਵਿਚ 111 ਕਾਲੋਨੀਆਂ ਨੂੰ ਰੈਗੂਲਰ ਕੀਤਾ ਗਿਆ ਸੀ। ਉਸ ਸਮੇਂ ਕਾਲੋਨਾਈਜ਼ਰਾਂ ਨੇ ਸਿਰਫ 10 ਤੋਂ 20 ਫੀਸਦੀ ਰਕਮ ਹੀ ਜਮ੍ਹਾ ਕਰਵਾਈ ਸੀ, ਜਦਕਿ ਕਈ ਮਾਮਲਿਆਂ ਵਿਚ ਇਸ ਤੋਂ ਵੀ ਘੱਟ ਰਾਸ਼ੀ ਜਮ੍ਹਾ ਹੋਈ।

ਇਹ ਵੀ ਪੜ੍ਹੋ : ਅਸੀਂ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੱਕ ਰਹੇ ਹਾਂ, 'ਬੱਚਿਓ ਸਾਨੂੰ ਮਾਫ ਕਰ ਦਿਓ...'

ਹੈਰਾਨੀ ਦੀ ਗੱਲ ਇਹ ਹੈ ਕਿ ਪਾਲਿਸੀ ਖਤਮ ਹੋਏ ਲਗਭਗ 13 ਸਾਲ ਬੀਤ ਚੁੱਕੇ ਹਨ ਪਰ ਨਗਰ ਨਿਗਮ ਨੇ ਬਾਕੀ ਬਕਾਇਆ ਰਾਸ਼ੀ ਵਸੂਲਣ ਵਿਚ ਕੋਈ ਖਾਸ ਕਦਮ ਨਹੀਂ ਚੁੱਕਿਆ। ਹੁਣ ਇਹ ਬਕਾਇਆ ਰਕਮ ਵਧ ਕੇ ਲਗਭਗ 24-25 ਕਰੋੜ ਰੁਪਏ ਤਕ ਪਹੁੰਚ ਗਈ ਹੈ। ਮੇਅਰ ਵਨੀਤ ਧੀਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਜਦੋਂ ਨਿਗਮ ਦੀ ਆਮਦਨ ਦੀ ਸਮੀਖਿਆ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸਾਰੇ ਡਿਫਾਲਟਰ ਕਾਲੋਨਾਈਜ਼ਰਾਂ ਤੋਂ ਤੁਰੰਤ ਬਕਾਇਆ ਵਸੂਲਿਆ ਜਾਵੇ। ਮੇਅਰ ਨੇ ਸਾਫ ਕਿਹਾ ਕਿ ਜਿਨ੍ਹਾਂ ਕਾਲੋਨਾਈਜ਼ਰਾਂ ਨੇ 7 ਦਿਨ ਅੰਦਰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕੀਤਾ, ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਜਾਵੇ, ਨਾਲ ਹੀ ਪ੍ਰਸ਼ਾਸਨਿਕ ਅਤੇ ਤਹਿਸੀਲ ਦੇ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਮੇਅਰ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜੋ ਕਾਲੋਨਾਈਜ਼ਰ ਬਕਾਇਆ ਨਹੀਂ ਚੁਕਾ ਰਹੇ, ਉਨ੍ਹਾਂ ਦੀਆਂ ਨਵੀਆਂ ਕਾਲੋਨੀਆਂ ਨੂੰ ਮਨਜ਼ੂਰੀ ਨਾ ਿਦੱਤੀ ਜਾਵੇ ਅਤੇ ਉਨ੍ਹਾਂ ਦੀਆਂ ਸਾਰੀਆਂ ਫਾਈਲਾਂ ਰੋਕ ਦਿੱਤੀਆਂ ਜਾਣ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਸਨਸਨੀਖੇਜ਼ ਵਾਰਦਾਤ: ਸ਼ੁਭੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ

ਨਗਰ ਨਿਗਮ ਹੁਣ ਪੁਲਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਨ੍ਹਾਂ ਡਿਫਾਲਟਰਾਂ ’ਤੇ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਆਉਣ ਵਾਲੇ ਦਿਨਾਂ ਵਿਚ ਕਈ ਕਾਲੋਨੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਹੁਣ ਇਹ ਦੇਖਣਾ ਬਾਕੀ ਹੈ ਕਿ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕਿੰਨੀ ਤੇਜ਼ੀ ਦਿਖਾਉਂਦੇ ਹਨ ਅਤੇ ਕਾਲੋਨਾਈਜ਼ਰ ਬਕਾਇਆ ਰਕਮ ਜਮ੍ਹਾ ਕਰਵਾਉਂਦੇ ਹਨ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News