ਗੁਰਦਾਸਪੁਰ 'ਚ ਕੋਰੋਨਾ ਦਾ ਇਕ ਹੋਰ ਸ਼ੱਕੀ ਮਰੀਜ਼ ਆਇਆ ਸਾਹਮਣੇ

03/12/2020 7:02:59 PM

ਗੁਰਦਾਸਪੁਰ,(ਹਰਮਨ)- ਦੁਨੀਆਂ ਭਰ 'ਚ ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਜ਼ਿਲਾ ਗੁਰਦਾਸਪੁਰ ਅੰਦਰ ਵੀ ਇਕ ਹੋਰ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਇਹ ਵਿਅਕਤੀ ਪਿਛਲੇ ਮਹੀਨੇ 25 ਫਰਵਰੀ ਨੂੰ ਚੀਨ ਤੋਂ ਆਇਆ ਸੀ। ਇਸ ਸਮੇਂ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਸਬ-ਡਵੀਜ਼ਨ ਨਾਲ ਸਬੰਧਿਤ ਇਕ ਪਿੰਡ ਦਾ ਇਕ ਵਿਅਕਤੀ ਚੀਨ ਦੇ ਵੂਹਾਨ 'ਚ ਕਿਸੇ ਹੋਟਲ 'ਚ ਮੈਨੇਜਰ ਵਜੋਂ ਕੰਮ ਕਰਦਾ ਸੀ। ਪਿਛਲੇ ਮਹੀਨੇ ਉਹ ਚੀਨ ਤੋਂ ਵਾਇਆ ਸ੍ਰੀਲੰਕਾ ਹੁੰਦੇ ਹੋਏ ਭਾਰਤ ਆਇਆ ਸੀ। ਉਕਤ ਵਿਅਕਤੀ ਨੇ ਚੀਨ ਤੋਂ ਆਉਣ ਤੋਂ ਪਹਿਲਾਂ ਵੀ ਆਪਣਾ ਟੈਸਟ ਕਰਵਾਇਆ ਸੀ ਅਤੇ ਰਸਤੇ 'ਚ ਵੀ ਉਸ ਦਾ ਟੈਸਟ ਹੋਇਆ ਸੀ। ਪਰ ਉਸ ਮੌਕੇ ਉਸ ਦਾ ਟੈਸਟ ਨੈਗੇਟਿਵ ਆਇਆ ਸੀ। ਬੀਤੇ ਕੱਲ ਉਸ ਨੂੰ ਖਾਂਸੀ ਤੇ ਬੁਖਾਰ ਹੋਣ ਕਾਰਣ ਉਸ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਸੀ। ਜਿਸ 'ਤੇ ਡਾਕਟਰਾਂ ਨੇ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਵਿਅਕਤੀ ਦੀ ਟਰੈਵਲ ਹਿਸਟਰੀ ਨੂੰ ਦੇਖ ਕੇ ਹੀ ਸਿਰਫ ਸ਼ੱਕ ਦੇ ਆਧਾਰ 'ਤੇ ਉਸ ਦੇ ਸੈਂਪਲ ਲਏ ਗਏ ਹਨ। ਜਦਕਿ ਕੋਰੋਨਾਵਾਇਰਸ ਹੋਣ ਜਾਂ ਨਾ ਹੋਣ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਕਤ ਵਿਅਕਤੀ ਨੂੰ ਡੇਰਾ ਬਾਬਾ ਨਾਨਕ ਦੇ ਹਸਪਤਾਲ 'ਚ ਬਣਾਈ ਗਏ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।

ਹੁਣ ਤੱਕ 276 ਵਿਅਕਤੀਆਂ ਦੀ ਹੋ ਚੁੱਕੀ ਹੈ ਸਿਹਤ ਜਾਂਚ
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ 293 ਵਿਅਕਤੀਆਂ ਦੀ ਸੂਚੀ ਪ੍ਰਾਪਤ ਹੋਈ ਸੀ, ਜਿਨ੍ਹਾਂ 'ਚੋਂ 276 ਵਿਅਕਤੀਆਂ ਦੀ ਭਾਲ ਕਰ ਕੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ 'ਚ ਕੋਈ ਵੀ ਸਿਹਤ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਪਰ ਜ਼ਿਲੇ ਅੰਦਰ ਹੁਣ ਤੱਕ 4 ਵਿਅਕਤੀਆਂ ਨੂੰ ਬੁਖਾਰ ਅਤੇ ਖਾਂਸੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਣ ਕਾਰਣ ਉਨ੍ਹਾਂ ਦੇ ਸੈਂਪਲ ਲੈ ਕੇ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਚੌਥੇ ਵਿਅਕਤੀ ਦਾ ਸੈਂਪਲ ਅੱਜ ਭੇਜਿਆ ਗਿਆ ਹੈ।


Related News