ਕੋਰੋਨਾ ਪਾਜ਼ੇਟਿਵ ਆਏ SSP ਮਾਹਲ ਨੇ ਅਵਤਾਰ ਹੈਨਰੀ ਦੀ ਬੇਟੀ ਦੇ ਵਿਆਹ ''ਚ ਕੀਤੀ ਸੀ ਸ਼ਿਰਕਤ, ਤਸਵੀਰ ਹੋਈ ਵਾਇਰਲ
Friday, Jul 10, 2020 - 06:53 PM (IST)
ਜਲੰਧਰ (ਚੋਪੜਾ)— ਜ਼ਿਲ੍ਹੇ ਨਾਲ ਸਬੰਧਤ ਸੰਸਦ ਮੈਂਬਰ, ਵਿਧਾਇਕਾਂ ਅਤੇ ਕਾਂਗਰਸੀ ਨੇਤਾਵਾਂ ਸਣੇ ਕਈ ਉੱਚ ਅਧਿਕਾਰੀਆਂ ਦੇ ਸਿਰ 'ਤੇ ਕੋਰੋਨਾ ਦਾ ਸਾਇਆ ਘੁੰਮਣ ਲੱਗਾ, ਜਦੋਂ ਐੱਸ.ਐੱਸ. ਪੀ. ਨਵਜੋਤ ਸਿੰਘ ਮਾਹਲ ਅਤੇ ਸ਼ਾਹਕੋਟ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਜਿਵੇਂ ਹੀ ਦੋਵੇਂ ਅਧਿਕਾਰੀਆਂ ਦੇ ਪਾਜ਼ੇਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲੀ, ਜਿਸ ਸਬੰਧੀ ਕਾਂਗਰਸੀ ਗਲਿਆਰਿਆਂ ਸਣੇਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਉੱਚ ਅਧਿਕਾਰੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੁੰਦੇ ਹੀ ਸਿਹਤ ਮਹਿਕਮਾ ਹਰਕਤ 'ਚ ਆ ਗਿਆ ਅਤੇ ਮਹਿਕਮੇ ਨੇ ਐੱਸ. ਐੱਸ. ਪੀ. ਮਾਹਲ ਅਤੇ ਐੱਸ. ਡੀ. ਐੱਮ. ਸ਼ਰਮਾ ਦੀਆਂ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਨਾਲ ਮਿਲਣ ਵਾਲੇ ਲੋਕਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਸਿਹਤ ਮਹਿਕਮਾ ਸਭ ਤੋਂ ਵੱਧ ਨਜ਼ਰ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦੀ ਬੇਟੀ ਅਤੇ ਵਿਧਾਇਕ ਬਾਵਾ ਹੈਨਰੀ ਦੀ ਭੈਣ ਦੇ ਹੋਏ ਉਸ ਚਰਚਿਤ ਅਤੇ ਹਾਈ ਪ੍ਰੋਫਾਈਲ ਵਿਆਹ 'ਤੇ ਆ ਟਿਕੀ ਹੈ, ਜਿਸ 'ਚ ਐੱਸ. ਐੱਸ. ਪੀ. ਨਵਜੋਤ ਮਾਹਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ। ਅਵਤਾਰ ਹੈਨਰੀ ਦੇ ਨਿਵਾਸ ਸਥਾਨ 'ਤੇ ਹੋਏ ਵਿਆਹ ਪ੍ਰੋਗਰਾਮ 'ਚ ਹੈਨਰੀ ਪਰਿਵਾਰ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸੰਸਦ ਮੈਂਬਰ ਸੰਤੋਖ ਚੌਧਰੀ,ਵਿਧਾਇਕ ਸੁਸ਼ੀਲ ਰਿੰਕੂ,ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਜਗਬੀਰ ਬਰਾੜ, ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ,ਵਿਕਰਮ ਚੌਧਰੀ, ਉਦਯੋਗਪਤੀ ਸੁਰਿੰਦਰਪਾਲ ਜੈਨ, ਨਿਪੁੰਨ ਜੈਨ, ਮਨਬੀਰ ਸਿੰਘ ਚੰਨੀ ਵਰਗੇ ਚੋਣਵੇਂ ਮਹਿਮਾਨ ਸ਼ਾਮਲ ਹੋਏ ਸਨ।
ਅਵਤਾਰ ਹੈਨਰੀ ਨਾਲ ਮਾਹਲ ਦੀ ਹੱਥ ਮਿਲਾਉਂਦੇ ਦੀ ਤਸਵੀਰ ਹੋਈ ਵਾਇਰਲ
ਐੱਸ.ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨਾਲ ਹੱਥ ਮਿਲਾਉਂਦਿਆਂ ਦੀ ਫੋਟੋ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਅਵਤਾਰ ਹੈਨਰੀ ਦੀ ਧੀ ਦੇ ਵਿਆਹ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਅਤੇ ਇਸ ਦੌਰਾਨ ਮਾਹਲ ਨੇ ਹੈਨਰੀ ਨਾਲ ਹੱਥ ਵੀ ਮਿਲਾਇਆ। ਹੁਣ ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਕਾਂਗਰਸੀ ਨੇਤਾ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਅਵਤਾਰ ਹੈਨਰੀ, ਬਾਵਾ ਹੈਨਰੀ ਅਤੇ ਸਾਰਾ ਪਰਿਵਾਰ ਕੁਆਰੰਟਾਈਨ ਹੋਇਆ ਸੀ ਅਤੇ ਹੁਣ ਐੱਸ. ਐੱਸ. ਪੀ. ਦਿਹਾਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪਰਿਵਾਰ ਨੂੰ ਇਕ ਵਾਰੀ ਫਿਰ ਤੋਂ ਕੁਆਰੰਟਾਈਨ ਹੋਣਾ ਪੈ ਸਕਦਾ ਹੈ।
ਵਰਣਨਯੋਗ ਹੈ ਕਿ ਐੱਸ. ਐੱਸ. ਪੀ. ਮਾਹਲ ਜਦੋਂ ਵਿਆਹ ਸਮਾਗਮ 'ਚ ਪਹੁੰਚੇ ਸਨ ਤਾਂ ਬਰਾਤ ਆ ਚੁੱਕੀ ਸੀ ਅਤੇ ਨਵ-ਵਿਆਹੁਤਾ ਜੋੜੀ ਦੇ ਅਨੰਦ ਕਾਰਜ ਹੋ ਰਹੇ ਸਨ, ਜਿਸ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਮਾਹਲ ਉਸ ਪੰਡਾਲ 'ਚ ਚਲੇ ਗਏ ਜਿੱਥੇ ਸੰਸਦ ਮੈਂਬਰ, ਵਿਧਾਇਕ,ਕਾਂਗਰਸੀ ਨੇਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਹ ਕਰੀਬ ਅੱਧਾ ਘੰਟਾ ਉਥੇ ਰੁਕੇ ਅਤੇ ਇਸ ਦੌਰਾਨ ਉਹ ਸੰਸਦ ਮੈਂਬਰ, ਵਿਧਾਇਕਾਂ ਸਮੇਤ ਅਧਿਕਾਰੀਆਂ ਨਾਲ ਵੀ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਕੱਠੇ ਬੈਠ ਕੇ ਰਿਫ੍ਰੈੱਸ਼ਮੈਂਟ ਦਾ ਆਨੰਦ ਮਾਣਿਆ। ਐੱਸ. ਐੱਸ. ਪੀ. ਮਾਹਲ ਨੇ ਅਵਤਾਰ ਹੈਨਰੀ, ਵਿਧਾਇਕ ਬਾਵਾ ਹੈਨਰੀ ਨੂੰ ਮਿਲ ਕੇ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਵਧਾਈ ਦਿੱਤੀ ਪਰ ਉਹ ਪ੍ਰੋਗਰਾਮ ਤੋਂ ਜਲਦੀ ਵਾਪਸ ਪਰਤ ਗਏ। ਹੁਣ ਇਸ ਵਿਆਹ ਸਮਾਗਮ 'ਚ ਸ਼ਾਮਲ ਡਿਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ, ਸੰਸਦ ਮੈਂਬਰ, ਵਿਧਾਇਕਾਂ ਸਣੇ ਸਾਰੇ ਮਹਿਮਾਨਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਿਹਤ ਮਹਿਕਮੇ ਦੀਆਂ ਗਾਈਡਲਾਈਨਜ਼ ਮੁਤਾਬਕ ਹੋਮ ਕੁਆਰੰਟਾਈਨ ਹੋਣਾ ਪਵੇਗਾ।
ਇਸ ਤੋਂ ਇਲਾਵਾ ਐੱਸ.ਐੱਸ. ਪੀ. ਮਾਹਲ ਅਤੇ ਐੱਸ. ਡੀ. ਐੱਮ. ਸ਼ਰਮਾ ਵੀ ਆਪਣੀ ਡਿਊਟੀ ਦੌਰਾਨ ਜਿੱਥੇ ਕਈ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਰਹੇ, ਉਥੇ ਹੀ ਹਲਕੇ ਦੇ ਲੋਕਾਂ ਦੇ ਸੰਪਰਕ ਵਿਚ ਵੀ ਰਹੇ। ਹੁਣ ਇਨ੍ਹਾਂ ਅਧਿਕਾਰੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਲੰਬੀ-ਚੌੜੀ ਸੂਚੀ ਬਣਨਾ ਯਕੀਨੀ ਮੰਨਿਆ ਜਾ ਰਿਹਾ ਹੈ ਅਤੇ ਪ੍ਰਮਾਤਮਾ ਨਾ ਕਰੇ ਕਿ ਇਨ੍ਹਾਂ ਅਧਿਕਾਰੀਆਂ ਦੇ ਸੰਪਰਕ 'ਚ ਆਏ ਲੋਕਾਂ 'ਚ ਵੀ ਜੇਕਰ ਕੋਰੋਨਾ ਵਾਇਰਸ ਮਿਲਦਾ ਹੈ ਤਾਂ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋਵੇਗਾ।
ਵਿਧਾਇਕ ਹੈਨਰੀ, ਵਿਧਾਇਕ ਰਿੰਕੂ, ਵਿਧਾਇਕ ਬੇਰੀ ਪਹਿਲਾਂ ਵੀ ਹੋ ਚੁੱਕੇ ਹਨ ਕੁਆਰੰਟਾਈਨ
ਉੱਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਪ੍ਰਸ਼ਾਸਨ ਪਹਿਲਾਂ ਵੀ ਹੋਮ ਕੁਆਰੰਟਾਈਨ ਕਰ ਚੁੱਕਾ ਹੈ। ਦੀਪਕ ਸ਼ਰਮਾ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਵਿਧਾਇਕ ਬਾਵਾ ਹੈਨਰੀ ਪਹਿਲਾਂ ਵੀ ਪਰਿਵਾਰ ਸਮੇਤ ਖੁਦ ਨੂੰ ਹੋਮ ਕੁਆਰੰਟਾਈਨ ਕਰ ਚੁੱਕੇ ਹਨ ਕਿਉਂਕਿ ਦੀਪਕ ਦੀ ਕੋਰੋਨਾ ਰਿਪੋਰਟ ਆਉਣ ਤੋਂ ਕੁਝ ਦਿਨ ਪਹਿਲਾਂ ਉਹ ਵਿਧਾਇਕ ਹੈਨਰੀ ਦੇ ਦਫਤਰ ਵਿਚ ਵਿਧਾਇਕ ਅਤੇ ਕੁਝ ਕਾਂਗਰਸੀ ਨੇਤਾਵਾਂ ਨੂੰ ਮਿਲਿਆ ਸੀ ਅਤੇ ਇਸ ਦੌਰਾਨ ਖਿੱਚੀ ਗਈ ਇਕ ਫੋਟੋ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਕੁਝ ਦਿਨ ਪਹਿਲਾਂ ਕੌਂਸਲਰ ਪੁੱਤਰ ਅਨਮੋਲ ਗਰੋਵਰ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਣ ਵਿਧਾਇਕ ਰਿੰਕੂ ਵੀ ਹੋਮ ਕੁਆਰੰਟਾਈਨ ਹੋਏ ਸਨ। ਇਸ ਤੋਂ ਇਲਾਵਾ ਪਿਛਲੇ ਮਹੀਨੇ ਮੇਅਰ ਜਗਦੀਸ਼ ਰਾਜਾ ਦੇ ਓ. ਐੱਸ. ਡੀ. ਹਰਪ੍ਰੀਤ ਵਾਲੀਆ ਦੇ ਕੋਰਨਾ ਵਾਇਰਸ ਪਾਜ਼ੇਟਿਵ ਹੋਣ ਕਾਰਣ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਗਿਆ ਸੀ ਪਰ ਵਿਧਾਇਕ ਬੇਰੀ ਹੋਮ ਕੁਆਰੰਟਾਈਨ ਹੋਣ ਦੀ ਬਜਾਏ ਰੁਟੀਨ ਵਿਚ ਆਪਣੇ ਹਲਕੇ ਵਿਚ ਜਨਤਾ ਵਿਚਕਾਰ ਵਿਚਰਦੇ ਰਹੇ। ਬਾਅਦ ਵਿਚ ਬੇਰੀ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਉਣ 'ਤੇ ਪ੍ਰਸ਼ਾਸਨ ਨੂੰ ਰਾਹਤ ਮਿਲੀ। ਹੁਣ ਲੱਗਦਾ ਹੈ ਕਿ ਇਨ੍ਹਾਂ ਨੇਤਾਵਾਂ ਨੂੰ ਕੁਆਰੰਟਾਈਨ ਪੀਰੀਅਡ ਵਿਚੋਂ ਇਕ ਵਾਰ ਫਿਰ ਗੁਜ਼ਰਨਾ ਪਵੇਗਾ।