ਪਟਿਆਲੇ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ ਜਾਰੀ, ਆਸ਼ਾ ਵਰਕਰ ਸਣੇ 4 ਨਵੇਂ ਪਾਜ਼ੇਟਿਵ ਮਾਮਲੇ ਮਿਲੇ
Monday, Jun 01, 2020 - 11:40 AM (IST)
ਪਟਿਆਲਾ (ਪਰਮੀਤ,ਰਾਹੁਲ)— ਪਟਿਆਲੇ ਜ਼ਿਲ੍ਹੇ 'ਚ 4 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਆਸ਼ਾ ਵਰਕਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਪਟਿਆਲੇ 'ਚ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 126 ਤੱਕ ਪਹੁੰਚ ਚੁੱਕੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ। ਡਾ. ਮਲਹੋਤਰਾ ਨੇ ਦੱਸਿਆ ਕਿ ਕੁਵੈਤ ਤੋਂ ਵਾਪਸ ਪਰਤੇ ਦੋ ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਨੂੰ ਘਰ ਪਰਤਣ ਤੋਂ ਪਹਿਲਾਂ ਹੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਇਕਾਂਤਵਾਸ 'ਚ ਰੱਖਿਆ ਹੋਇਆ ਸੀ।
ਇਸ ਤੋਂ ਇਲਾਵਾ ਦਿੱਲੀ ਤੋਂ ਵਾਪਸ ਪਰਤੀ ਪਿੰਡ ਸਿੰਬੜੋ ਦੀ ਜਨਾਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਮਟੋਰਡਾ ਵਿਖੇ ਤਾਇਨਾਤ ਆਸ਼ਾ ਵਰਕਰ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਇਨ੍ਹਾਂ ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਹੁਣ ਤੱਕ ਜ਼ਿਲ੍ਹੇ 'ਚ 126 ਕੇਸ ਪਾਜ਼ੇਟਿਵ ਆ ਚੁੱਕੇ ਹਨ, ਜਿਹਨਾਂ 'ਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦਕਿ 106 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਇਥੇ ਹੁਣ 18 ਸਰਗਰਮ ਮਾਮਲੇ ਹਨ।