ਵੀਕੈਂਡ ਤਾਲਾਬੰਦੀ ਦੌਰਾਨ ਰੂਪਨਗਰ ਪੁਲਸ ਪ੍ਰਸ਼ਾਸਨ ਹੋਇਆ ਸਖ਼ਤ
Saturday, Aug 22, 2020 - 05:20 PM (IST)
ਰੂਪਨਗਰ (ਸੱਜਣ ਸੈਣੀ)— ਜ਼ਿਲ੍ਹਾ ਰੂਪਨਗਰ 'ਚ ਲਗਾਤਾਰ ਬਦਲੇ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਰੂਪਨਗਰ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਦੋ ਦਿਨ ਦੀ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਵਾਉਂਦੇ ਹੋਏ ਰੂਪਨਗਰ ਪੁਲਸ ਨੇ ਬੇਵਜ੍ਹਾ ਬਾਹਰ ਘੁੰਮਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਸ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਬੇਵਜ੍ਹਾ ਬਾਹਰ ਘੁੰਮਣ ਵਾਲੇ ਲੋਕਾਂ ਖ਼ਿਲਾਫ਼ ਹੁਣ ਐੱਫ.ਆਈ. ਆਰ. ਦਰਜ ਕੀਤੀ ਜਾਵੇਗੀ ।
ਇਥੇ ਦੱਸ ਦੇਈਏ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰਦੇ ਹੋਏ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਮੂਹ ਦੁਕਾਨਾਂ ਅਤੇ ਮਾਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਜਨਤਾ ਦੀ ਬੇਵਜ੍ਹਾ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ ਪਰ ਉਸ ਦੇ ਬਾਅਦ ਵੀ ਆਮ ਜਨਤਾ ਬੇਵਜ੍ਹਾ ਗਲੀਆਂ-ਬਾਜ਼ਾਰਾਂ 'ਚ ਘੁੰਮਦੀ ਦਿਖਾਈ ਦੇ ਰਹੀ ਹੈ।
ਇਸ 'ਤੇ ਥਾਣਾ ਸਿਟੀ ਰੂਪਨਗਰ ਪੁਲਸ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਹਿਰ ਦੇ ਗਲੀਆਂ ਬਾਜ਼ਾਰਾਂ 'ਚ ਚੈਕਿੰਗ ਕੀਤੀ ਗਈ ਅਤੇ ਬੇਵਜ੍ਹਾ ਬਾਹਰ ਘੁੰਮਣ ਵਾਲੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ। ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਮੌਕੇ 'ਤੇ ਮੌਜੂਦ ਥਾਣਾ ਸਿਟੀ ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਬੇਵਜ੍ਹਾ ਘੁੰਮਣ ਵਾਲੇ ਲੋਕਾਂ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ ।