DGP ਦਫ਼ਤਰ ਚੰਡੀਗੜ੍ਹ ਵਿਖੇ ਕੰਮ ਕਰਨ ਵਾਲੇ ਮੁਲਾਜ਼ਮ ਸਣੇ 7 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
Wednesday, Jul 22, 2020 - 07:04 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਡੀ. ਜੀ. ਪੀ. ਦਫ਼ਤਰ ਚੰਡੀਗੜ੍ਹ ਵਿਖੇ ਕੰਮ ਕਰਨ ਵਾਲੇ ਮੁਲਾਜ਼ਮ ਸਣੇ ਨਵਾਂਸ਼ਹਿਰ ਵਿਖੇ 7 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਲੋਕਾਂ 'ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਕਾਫ਼ੀ ਡਰ ਦਾ ਮਾਹੌਲ ਹੈ। ਇਥੇ ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਵਿਖੇ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹਾਲਾਂਕਿ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ ਵੀ ਲਗਾਤਾਰ ਸਿਹਤਯਾਬ ਹੋ ਰਹੇ ਹਨ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ 21 ਜੁਲਾਈ ਦੇ 35 ਸੈਂਪਲਾਂ ਦੀ ਰਿਪੋਰਟ ਅੱਜ ਆਈ ਹੈ, ਜਿਸ 'ਚ 9 ਸਾਲਾ ਬੱਚਾ ਸਣੇ ਪਰਿਵਾਰ ਦੇ 3 ਮੈਂਬਰ ਵੀ ਪਾਜ਼ੇਟਿਵ ਪਾਏ ਗਏ ਹਨ। ਡਾ.ਭਾਟੀਆ ਨੇ ਦੱਸਿਆ ਕਿ ਬਲਾਚੌਰ ਦਾ ਰਾਕੇਸ਼ ਕੁਮਾਰ (35) ਜੋ ਕਿ ਡੀ. ਜੀ. ਪੀ. ਦਫਤਰ ਚੰਡੀਗੜ੍ਹ ਦਾ ਮੁਲਾਜ਼ਮ ਹੈ ਅਤੇ 20 ਜੁਲਾਈ ਨੂੰ ਘਰ ਆਇਆ ਸੀ, ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਬਲਾਚੌਰ ਦਾ ਸੁਆਮੀ ਰਾਮ ਜੀ (60) ਜੋ ਕਿ 14 ਜੁਲਾਈ ਨੂੰ ਬਿਹਾਰ ਤੋਂ ਆਇਆ ਸੀ, ਦੀ ਰਿਪੋਰਟ ਪਾਜ਼ੇਟਿਵ ਹੈ। ਨਵਾਂਸ਼ਹਿਰ ਦੇ ਸਤਿਗੁਰੂ ਨਗਰ ਵਾਸੀ ਅਸ਼ੋਕ ਜੋ ਕਿ ਪਾਜ਼ੇਟਿਵ ਓਮਪ੍ਰਕਾਸ਼ ਦੇ ਸੰਪਰਕ 'ਚ ਆਇਆ ਸੀ, ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਨਿਊ ਆਦਰਸ਼ ਨਗਰ ਵਾਸੀ 2 ਬੀਬੀਆਂ ਅਤੇ 9 ਸਾਲਾ ਇਕ ਬੱਚਾ ਪਰਿਵਾਰ ਦੇ ਮੈਂਬਰਾਂ ਦਾ ਕੰਟੈਕਟ ਹੈ, ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ।