ਨਵਾਂਸ਼ਹਿਰ ''ਚੋਂ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਆਏ ਸਾਹਮਣੇ

Monday, Jun 22, 2020 - 01:19 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ, ਛਿੰਜੀ ਅਰੋੜਾ)— ਨਵਾਂਸ਼ਹਿਰ 'ਚੋਂ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ 'ਚ ਬੀਤੀ ਦੇਰ ਰਾਤ ਅਤੇ ਐਤਵਾਰ ਸ਼ਾਮ ਆਏ 416 ਸੈਂਪਲਾਂ ਦੇ ਨਤੀਜਿਆਂ 'ਚੋਂ 411 ਨੈਗੇਟਿਵ ਪਾਏ ਗਏ ਜਦਕਿ ਕੈਨੇਡਾ, ਦਿੱਲੀ, ਬਿਹਾਰ ਅਤੇ ਯੂ. ਪੀ.'ਚੋਂ ਆਏ 4 ਵਿਅਕਤੀਆਂ ਅਤੇ ਜ਼ਿਲ੍ਹੇ ਦੀ ਇਕ ਮਹਿਲਾ ਸਣੇ 5 ਲੋਕ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਐਤਵਾਰ ਨੂੰ ਜ਼ਿਲ੍ਹੇ 'ਚੋਂ 5 ਮਰੀਜ਼ਾਂ ਨੂੰ ਹਸਪਤਾਲ ਤੋਂ ਸਿਹਤਯਾਬ ਹੋਣ 'ਤੇ ਛੁੱਟੀ ਦੇ ਦਿੱਤੀ ਗਈ। ਹੁਣ ਜ਼ਿਲ੍ਹੇ 'ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 10 ਰਹਿ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਪਾਏ ਗਏ ਕੇਸਾਂ 'ਚੋਂ ਮਹਿਤਪੁਰ ਦਾ ਰਹਿਣ ਵਾਲਾ ਹਰਕੰਵਲ ਸਿੰਘ (24) 14 ਜੂਨ ਨੂੰ ਕੈਨੇਡਾ ਤੋਂ ਵਾਪਸ ਆਇਆ ਸੀ ਅਤੇ ਕੇ. ਸੀ ਕਾਲਜ 'ਚ ਬਣਾਏ ਸਟੇਟ ਇਕਾਂਤਵਾਸ 'ਚ ਰੱਖਿਆ ਗਿਆ ਸੀ। ਇਸੇ ਤਰ੍ਹਾਂ ਬਲਾਚੌਰ ਦੇ ਵਾਰਡ 15 ਦਾ 60 ਸਾਲਾ ਦਵਿੰਦਰ ਕੁਮਾਰ 15 ਜੂਨ ਨੂੰ ਦਿੱਲੀ ਤੋਂ ਵਾਪਸ ਆਇਆ ਸੀ ਅਤੇ ਘਰ 'ਚ ਹੀ ਇਕਾਂਤਵਾਸ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ: ਅਫਸਰਸ਼ਾਹੀ ਤੇ ਮੰਤਰੀਆਂ ਦਾ ਵਿਵਾਦ, ਪ੍ਰਤਾਪ ਬਾਜਵਾ ਨੇ ਮੁੜ ਘੇਰੀ ਕੈਪਟਨ ਸਰਕਾਰ

ਬਾਕੀ ਤਿੰਨਾਂ 'ਚੋਂ ਬਿਨੇਸ਼ਵਰ ਮਹਿਤੋ ਕੁਝ ਦਿਨ ਪਹਿਲਾਂ ਪਾਜ਼ੇਟਿਵ ਪਾਏ ਗਏ ਇਕ ਹੋਰ ਪ੍ਰਵਾਸੀ ਅਮਰਨਾਥ ਦੇ ਸੰਪਰਕ 'ਚੋਂ ਹੈ ਅਤੇ ਬਿਹਾਰ ਤੋਂ ਆਇਆ ਹੋਇਆ ਹੈ। ਉਹ ਰਟੈਂਡਾ 'ਚ ਪਿੰਡ ਤੋਂ ਬਾਹਰ ਮੋਟਰ 'ਤੇ ਹੀ ਰਹਿ ਰਿਹਾ ਸੀ। ਦੂਜਾ ਕੇਸ ਨਰਿੰਦਰ ਦਾ ਹੈ, ਜੋ ਕਿ ਕੁਝ ਦਿਨ ਪਹਿਲਾਂ ਪਾਜ਼ੇਟਿਵ ਪਾਏ ਗਏ ਪਠਾਨਕੋਟ 'ਚ ਤਾਇਨਾਤ ਪੰਜਾਬ ਪੁਲਸ ਮੁਲਾਜ਼ਮ ਦੇ ਸੰਪਰਕ 'ਚੋਂ ਹੈ। ਇਸੇ ਤਰ੍ਹਾਂ ਤੀਜਾ ਕੇਸ ਅਮਨਦੀਪ ਕੁਮਾਰ ਦਾ ਹੈ, ਜੋ ਕਿ ਯੂ. ਪੀ. ਤੋਂ ਰੈਲ ਮਾਜਰਾ ਵਿਖੇ ਆਇਆ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਨਵੇਂ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ 'ਚ ਹੁਣ ਤੱਕ 123 ਪਾਜ਼ੇਟਿਵ ਕੇਸ ਆ ਚੁੱਕੇ ਹਨ ਜਦਕਿ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ 20 ਕੇਸ ਇਸ ਤੋਂ ਵੱਖਰੇ ਹਨ ਅਤੇ ਉਹ ਸਰਕਾਰ ਵੱਲੋਂ ਜ਼ਿਲ੍ਹੇ 'ਚ ਸ਼ਾਮਲ ਨਹੀਂ ਕੀਤੇ ਗਏ। ਡਾ. ਭਾਟੀਆ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ 7840 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 324 ਦਾ ਨਤੀਜਾ ਆਉਣਾ ਬਾਕੀ ਹੈ ਜਦਕਿ 7081 ਨੈਗੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ: ਜਲੰਧਰ : ਬਸਤੀ ਸ਼ੇਖ 'ਚ ਹੋਈ ਗੁੰਡਾਗਰਦੀ, ਨੌਜਵਾਨਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ


shivani attri

Content Editor

Related News