ਟਾਂਡਾ: ਦਵਾਈਆਂ ਦੀ ਸਪਲਾਈ ''ਚ ਪਿਆ ਵਿਘਨ, ਕੈਮਿਸਟਾਂ ਨੇ ਫੋਨ ਕੀਤੇ ਬੰਦ
Saturday, Mar 28, 2020 - 06:14 PM (IST)
ਟਾਂਡਾ ਉੜਮੁੜ (ਪੰਡਿਤ)— ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੋਸ਼ਲ ਡਿਸਟੈਂਸਿੰਗ ਵਾਸਤੇ ਲਾਏ ਕਰਫਿਊ ਦੇ ਮੱਦੇਨਜ਼ਰ ਘਰ-ਘਰ ਦਵਾਈਆਂ ਦੀ ਸਪਲਾਈ ਦੇ ਕੰਮ 'ਚ ਵਿਘਨ ਪਿਆ ਹੈ। ਦਵਾਈਆਂ ਦੀ ਘਰੋ-ਘਰੀ ਸਪਲਾਈ ਕਰਨ ਲਈ ਟਾਂਡਾ ਦੇ ਕੁਝ ਕੈਮਿਸਟਾਂ ਨੂੰ ਸਰਕਾਰ ਵੱਲੋਂ ਪਰਮਿਸ਼ਨ ਦਿੱਤੀ ਗਈ ਸੀ ਪਰ ਇਸ ਦੌਰਾਨ ਲੋਕਾਂ ਵੱਲੋਂ ਕਰਫਿਊ ਦੀ ਉਲੰਘਣਾ ਕਰਦਿਆਂ ਕੈਮਿਸਟਾਂ ਦੀਆਂ ਦੁਕਾਨਾਂ 'ਤੇ ਆਉਣ ਕਾਰਣ ਟਾਂਡਾ ਪੁਲਸ ਵੱਲੋਂ ਦੁਕਾਨ ਖੋਲ੍ਹਣ 'ਤੇ ਇਕ ਕੈਮਿਸਟ ਵਿਰੁੱਧ ਪਰਚਾ ਵੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਵਰਕਰਾਂ ਦੀ ਕਮੀ ਵਿਚ ਜ਼ਿਆਦਾ ਵਰਕਲੋਡ ਹੋਣ ਅਤੇ ਦੂਰ-ਦੁਰਾਡੇ ਸਪਲਾਈ ਕਰਨ ਤੋਂ ਆਨਾਕਾਨੀ ਕਰਦਿਆਂ ਕੁਝ ਕੈਮਿਸਟਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ: ਜਥੇਦਾਰ ਹਰਪ੍ਰੀਤ ਸਿੰਘ ਦੀ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ
ਕੀ ਹੈ ਅਸਲ ਸਮੱਸਿਆ
ਦੇਖਣ 'ਚ ਆ ਰਿਹਾ ਹੈ ਕਿ ਟਾਂਡਾ ਇਲਾਕੇ ਵਿਚ ਹੀ 50 ਤੋਂ ਜ਼ਿਆਦਾ ਕੈਮਿਸਟਾਂ ਦੀਆਂ ਦੁਕਾਨਾਂ ਹਨ ਪਰ ਸਰਕਾਰ ਵੱਲੋਂ ਲਗਭਗ 10 ਦੇ ਕਰੀਬ ਕੈਮਿਸਟਾਂ ਨੂੰ ਹੀ ਦਵਾਈਆਂ ਸਪਲਾਈ ਕਰਨ ਲਈ ਨਿਰਧਾਰਿਤ ਕੀਤਾ ਗਿਆ ਹੈ, ਜਿਸ ਕਾਰਣ ਉਹ ਸਪਲਾਈ ਦੇਣ ਵਿਚ ਖੁਦ ਨੂੰ ਅਸਮਰਥ ਮਹਿਸੂਸ ਕਰ ਰਹੇ ਹਨ, ਕਿਉਂਕਿ ਮੰਗ ਜ਼ਿਆਦਾ ਹੋਣ ਕਾਰਣ ਸਪਲਾਈ ਪੂਰੀ ਨਹੀਂ ਹੋ ਰਹੀ। ਇਸ ਦੇ ਨਾਲ ਹੀ ਜਦੋਂ ਕੋਈ ਕੈਮਿਸਟ ਲੋਕਾਂ ਦੀ ਮੰਗ ਅਨੁਸਾਰ ਦਵਾਈਆਂ ਕੱਢਣ ਲਈ ਦੁਕਾਨ ਖੋਲ੍ਹਦਾ ਹੈ ਤਾਂ ਪੁਲਸ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਹਨ, ਇਸ ਨਾਲ ਸਮੱਸਿਆ ਹੋਰ ਗੰਭੀਰ ਬਣ ਗਈ ਹੈ। ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਮਿਲਣ ਕਾਰਣ ਕੈਮਿਸਟਾਂ ਵੱਲੋਂ ਫੋਨ ਬੰਦ ਕਰ ਲਏ ਜਾਣ ਦਾ ਸਮਾਚਾਰ ਹੈ ਅਤੇ ਵੱਧ ਕੈਮਿਸਟਾਂ ਨੂੰ ਅਖ਼ਤਿਆਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ
ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਦਸੂਹਾ ਮੈਡਮ ਜੋਤੀ ਬਾਲਾ ਮੱਟੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਡਰੱਗ ਇੰਸਪੈਕਟਰ ਨੂੰ ਸਹਿਯੋਗ ਨਾ ਕਰਨ ਵਾਲੇ ਕੈਮਿਸਟਾਂ ਵਿਰੁੱਧ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਅਤੇ ਜਲਦ ਸਪਲਾਈ ਬਹਾਲ ਹੋ ਜਾਵੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਨਿਗੂਣੀ ਗਿਣਤੀ ਵਿਚ ਕੈਮਿਸਟਾਂ ਨੂੰ ਪਾਸ ਜਾਰੀ ਕੀਤੇ ਗਏ ਹਨ, ਜਿਸ ਨਾਲ ਸਮੱਸਿਆ ਗੰਭੀਰ ਬਣ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਹੋਰ ਵੀ ਕੈਮਿਸਟਾਂ ਨੂੰ ਪਾਸ ਜਾਰੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਕਿਉਂ ਵਧ ਰਹੀ ਹੈ ਸਮੱਸਿਆ ਅਤੇ ਕੀ ਹੋਵੇ ਹੱਲ
ਇਸ ਸਬੰਧੀ ਗੰਭੀਰਤਾ ਨਾਲ ਦੇਖਿਆ ਜਾਵੇ ਤਾਂ ਟਾਂਡਾ ਸਬ-ਤਹਿਸੀਲ ਇਕ ਬੜਾ ਵੱਡਾ ਖੇਤਰ ਬਣਦਾ ਹੈ ਅਤੇ ਇੰਨੀ ਘੱਟ ਗਿਣਤੀ ਵਿਚ ਕੈਮਿਸਟ ਦਵਾਈਆਂ ਦੀ ਮੰਗ ਪੂਰੀ ਨਹੀਂ ਕਰ ਸਕਦੇ। ਲੋੜ ਅਨੁਸਾਰ ਹੋਰ ਕੈਮਿਸਟਾਂ ਨੂੰ ਪਾਸ ਜਾਰੀ ਕੀਤੇ ਜਾਣ ਜਾਂ ਸਾਰੇ ਹੀ ਕੈਮਿਸਟਾਂ ਨੂੰ ਘਰ-ਘਰ ਸਪਲਾਈ ਲਈ ਨਿਰਧਾਰਿਤ ਕੀਤਾ ਜਾਵੇ। ਪਾਸ ਜਾਰੀ ਕਰਨ ਦੀ ਪ੍ਰਕਿਰਿਆ ਦਾ ਕੇਂਦਰੀਕਰਨ ਵੀ ਸਮੱਸਿਆ ਵਿਚ ਵਾਧਾ ਕਰ ਰਿਹਾ ਹੈ। ਜੇਕਰ ਪਾਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਬ-ਤਹਿਸੀਲ ਪੱਧਰ 'ਤੇ ਅਧਿਕਾਰਤ ਕਰ ਦਿੱਤਾ ਜਾਵੇ ਤਾਂ ਖਾਸ ਖੇਤਰ ਦੀਆਂ ਲੋੜਾਂ ਅਨੁਸਾਰ ਸਬ-ਤਹਿਸੀਲ ਅਧਿਕਾਰੀ ਪਾਸ ਜਾਰੀ ਕਰ ਸਕਦੇ ਹਨ, ਇਸ ਨਾਲ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ।