ਮਾਮਲਾ ਸ਼ੱਕੀ ਹਾਲਾਤ ''ਚ ਮਰੇ ਵਿਅਕਤੀ ਦਾ, ਸਿਹਤ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
Monday, Mar 23, 2020 - 10:07 AM (IST)
ਫਗਵਾੜਾ (ਜਲੋਟਾ)— ਪਟੇਲ ਨਗਰ 'ਚ ਇੰਗਲੈਂਡ ਤੋਂ ਫਗਵਾੜਾ ਪਰਤੇ ਬਜ਼ੁਰਗ ਮੋਹਨ ਲਾਲ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਕਾਂਡ ਦੀ 3 ਮੈਂਬਰੀ ਟੀਮ ਗੰਭੀਰਤਾ ਨਾਲ ਜਾਂਚ ਕਰੇਗੀ। ਇਸ ਦੇ ਹਰ ਪਹਿਲੂ ਦੀ ਸਿਹਤ ਵਿਭਾਗ ਵੱਲੋਂ ਗਠਿਤ ਕੀਤੀ ਗਈ ਸਿਟ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਜਾਂਚ ਕਰੇਗੀ।ਉਨ੍ਹਾਂ ਕਿਹਾ ਕਿ ਸ਼ੱਕੀ ਕੋਰੋਨਾ ਵਾਇਰਸ ਸਬੰਧੀ ਆਉਣ ਵਾਲੇ ਸਾਰੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਤੈਅਸ਼ੁਦਾ ਨਿਯਮਾਂ ਤਹਿਤ ਇਸ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ। ਜੇ ਕਿਤੇ ਸਰਕਾਰੀ ਨਿਯਮਾਂ ਦੇ ਉਲਟ ਲਾਪ੍ਰਵਾਹੀ ਪਾਈ ਜਾਂਦੀ ਹੈ ਅਤੇ ਮਾਮਲਾ ਸਰਕਾਰੀ ਤੌਰ 'ਤੇ ਗਲਤ ਸੂਚਨਾ ਪ੍ਰਦਾਨ ਕੀਤੇ ਜਾਣ ਦਾ ਮਿਲਦਾ ਹੈ ਤਾਂ ਬਣਦੀ ਕਾਰਵਾਈ ਕਾਨੂੰਨ ਅਨੁਸਾਰ ਪੂਰੀ ਹੋਵੇਗੀ।
ਮ੍ਰਿਤਕ ਦੀ ਸਿਹਤ ਵਿਭਾਗ ਨੂੰ ਨਹੀਂ ਸੀ ਕੋਈ ਜਾਣਕਾਰੀ : ਸੀ. ਐੱਮ. ਓ.
ਪਟੇਲ ਨਗਰ 'ਚ ਮੋਹਨ ਲਾਲ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਸਬੰਧੀ ਜ਼ਿਲਾ ਕਪੂਰਥਲਾ ਦੀ ਸੀ. ਐੱਮ. ਓ. ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਉਕਤ ਕਾਂਡ 'ਚ ਇੰਗਲੈਂਡ ਤੋਂ ਪਰਤੇ ਮੋਹਨ ਲਾਲ ਦੀ ਸਿਹਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਉਸ ਦੇ ਪਰਿਵਾਰ ਵੱਲੋਂ ਕੋਈ ਸੂਚਨਾ ਦਿੱਤੀ ਗਈ ਸੀ। ਡਾ. ਬਾਵਾ ਨੇ ਕਿਹਾ ਕਿ ਉਸ ਦੀ ਮੌਤ ਸ਼ੱਕੀ ਹਾਲਤ 'ਚ ਹੋਈ ਹੈ।
ਉਨ੍ਹਾਂ ਇਸ ਮਾਮਲੇ ਨੂੰ ਖਾਰਿਜ ਕੀਤਾ, ਜਿਸ 'ਚ ਇਹ ਖੁਲਾਸਾ ਕੀਤਾ ਗਿਆ ਕਿ ਮ੍ਰਿਤਕ ਮੋਹਨ ਲਾਲ ਸਬੰਧੀ ਸਿਹਤ ਵਿਭਾਗ ਨੂੰ ਪੂਰੀ ਜਾਣਕਾਰੀ ਸੀ ਅਤੇ ਉਸ ਦੀ ਮੌਤ ਤੋਂ ਪਹਿਲਾਂ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵੱਲੋਂ ਰੂਟੀਨ 'ਚ ਜਾਂਚ ਕਰਵਾ ਕੇ ਇਸ ਦੀ ਰਿਪੋਰਟ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤਕ ਭੇਜੀ ਜਾ ਰਹੀ ਸੀ। ਡਾ. ਬਾਵਾ ਨੇ ਇਸ ਸਰਕਾਰੀ ਦਾਅਵੇ ਨੂੰ ਵੀ ਖਾਰਿਜ ਕਰਕੇ ਇਸ ਨੂੰ ਝੂਠ ਕਰਾਰ ਦਿੱਤਾ ਕਿ ਮ੍ਰਿਤਕ ਮੋਹਨ ਲਾਲ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਦੇ ਪਟੇਲ ਨਗਰ ਸਥਿਤ ਘਰ 'ਚ ਕਵਾਰੰਟਾਈਨ ਕੀਤਾ ਗਿਆ ਸੀ।
ਡਾ. ਬਾਵਾ ਨੇ ਕਿਹਾ ਕਿ ਜੇ ਬਤੌਰ ਸੀ. ਐੱਮ. ਓ. ਉਨ੍ਹਾਂ ਕੋਲ ਮ੍ਰਿਤਕ ਮੋਹਨ ਲਾਲ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਸੀ ਤਾਂ ਉਸ ਦੀ ਸਰਕਾਰੀ ਪੱਧਰ 'ਤੇ ਹੋ ਰਹੀ ਜਾਂਚ ਅਤੇ ਉਸ ਨੂੰ ਘਰ ਵਿਚ ਕਵਾਰੰਟਾਈਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ ਮ੍ਰਿਤਕ ਦੀ ਮੈਡੀਕਲ ਜਾਂਚ ਕਦੇ ਹੋਈ ਹੀ ਨਹੀਂ ਤਾਂ ਫਿਰ ਬਿਨਾਂ ਕਿਸੇ ਟੈਸਟ ਨੂੰ ਕਰਵਾਏ ਅਤੇ ਰਿਪੋਰਟ ਨੂੰ ਆਧਾਰ ਬਣਾ ਕੇ ਉਸ ਦੀ ਮੌਤ ਦੇ ਕਾਰਣਾਂ ਦਾ ਖੁਲਾਸਾ ਕਰਨ ਦਾ ਆਧਾਰ ਹੀ ਨਹੀਂ ਬਣਦਾ ਹੈ।
ਜ਼ਿਲਾ ਪ੍ਰਸ਼ਾਸਨ ਹਰ ਪੱਧਰ 'ਤੇ ਚੌਕਸ ਹੈ : ਦੀਪਿਤ ਉੱਪਲ
ਡੀ. ਸੀ. ਕਪੂਰਧਲਾ ਦੀਪਿਤ ਉੱਪਲ ਨੇ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਫਗਵਾੜਾ ਦੇ ਪਟੇਲ ਨਗਰ 'ਚ ਪੂਰੇ ਇਲਾਕੇ 'ਚ ਜਨ ਸੁਰੱਖਿਆ ਸਬੰਧੀ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰ ਪੱਧਰ 'ਤੇ ਚੌਕਸ ਹੈ। ਜੋ ਲੋਕ ਮ੍ਰਿਤਕ ਮੋਹਨ ਲਾਲ ਦੇ ਸੰਪਰਕ 'ਚ ਆ ਰਹੇ ਹਨ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਕ੍ਰਮ ਉਸੇ ਦਿਨ ਤੋਂ ਜਾਰੀ ਹੈ ਕਿ ਜੇ ਉਸ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦੀ ਸੂਚਨਾ ਅਧਿਕਾਰਕ ਤੌਰ 'ਤੇ ਜ਼ਿਲਾ ਪ੍ਰਸ਼ਾਸਨ ਨੂੰ ਮਿਲੀ ਸੀ। ਇਸ ਇਲਾਕੇ ਨੂੰ ਜਾਂਦੇ ਰਸਤਿਆਂ ਨੂੰ ਬੈਰੀਕੇਡ ਲਾ ਕੇ ਸੁਰੱਖਿਆ ਦੇ ਮੱਦੇਨਜ਼ਰ ਅਹਿਤਿਆਤਨ ਬੰਦ ਕੀਤਾ ਗਿਆ ਹੈ ਅਤੇ ਇਸ ਦੇ ਇਲਾਵਾ ਪਰ ਉਸ ਦੀ ਸਰਕਾਰੀ ਪਹਿਲ ਕੀਤੀ ਜਾਵੇਗੀ ਜੋ ਸਮੇਂ ਦੀ ਮੰਗ ਹੋਵੇਗੀ।
ਜੇ ਮੋਹਨ ਲਾਲ ਦੀ ਕਦੇ ਜਾਂਚ ਹੀ ਨਹੀਂ ਹੋਈ ਤਾਂ ਹਵਾ 'ਚ ਦਾਅਵੇ ਕਰਨਾ ਗਲਤ : ਮਾਨ
ਪੰਜਾਬ ਐਗਰੋ ਦੇ ਚੇਅਰਮੈਨ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਇੰਗਲੈਂਡ ਤੋਂ ਪਰਤੇ ਮੋਹਨ ਲਾਲ ਦੀ ਸ਼ੱਕੀ ਹਾਲਤ 'ਚ ਮੌਤ ਦਾ ਮਾਮਲਾ ਬੇਹਦ ਗੰਭੀਰ ਹੈ। ਮਾਨ ਨੇ ਕਿਹਾ ਕਿ ਜਦ ਸਰਕਾਰੀ ਤੌਰ 'ਤੇ ਮ੍ਰਿਤਕ ਮੋਹਨ ਲਾਲ ਦੀ ਸਿਹਤ ਦੀ ਦੇ ਜਾਂਚ ਹੀ ਨਹੀਂ ਹੋਈ ਸੀ ਤਾਂ ਉਸ ਨੂੰ ਸਰਕਾਰੀ ਤੌਰ 'ਤੇ ਘਰ 'ਚ ਕਵਾਰੰਟਾਈਨ ਕੀਤਾ ਗਿਆ ਸੀ ਤਾਂ ਉਸ ਦੀ ਮੌਤ ਸਬੰਧੀ ਬਿਨਾਂ ਕਿਸੇ ਸਰਕਾਰੀ ਜਾਂਚ ਰਿਪੋਰਟ ਦੇ ਆਧਾਰ 'ਤੇ ਦਾਅਵੇ ਕਰਨਾ ਗਲਤ ਹੈ। ਮਾਨ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚਾ ਰਹੇ ਹਨ। ਉਕਤ ਮਾਮਲੇ ਬਾਰੇ ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਵੀ ਗੱਲਬਾਤ ਕੀਤੀ ਹੈ।