ਜਲੰਧਰ ’ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, ਇਸ ਸ਼ਖ਼ਸ ਨੇ ਲਗਵਾਇਆ ਪਹਿਲਾ ਟੀਕਾ
Saturday, Jan 16, 2021 - 03:22 PM (IST)
ਜਲੰਧਰ (ਰੱਤਾ)— ਅੱਜ ਤੋਂ ਭਾਰਤ ’ਚ ਕੋਰੋਨਾ ਦੇ ਅੰਤ ਲਈ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਦੇ ਚਲਦਿਆਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸਿਵਲ ਹਸਪਤਾਲ ’ਚ ਕੋਰੋਨਾ ਦਾ ਸਭ ਤੋਂ ਪਹਿਲਾਂ ਟੀਕਾ ਰਿਟਾਇਰਡ ਸੀਨੀਅਰ ਮੈਡੀਕਲ ਅਫ਼ਸਰ ਕਸ਼ਮੀਰੀ ਲਾਲ ਨੇ ਲਗਵਾਇਆ। ਇਸ ਮੌਕੇ ਸਿਵਲ ਹਸਪਤਾਲ ’ਚ ਡੀ. ਸੀ. ਘਨਸ਼ਾਮ ਥੋਰੀ ਵੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ।
ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨੇਸ਼ਨ ਦਾ ਉਦਘਾਟਨ ਸਿਵਲ ਸਰਜਨ ਡਾ. ਬਲਵੰਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਪਰਮਿੰਦਰ ਕੌਰ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਮਨ ਗੁਪਤਾ ਨੇ ਸਿਵਲ ਹਸਪਤਾਲ ਵਿਚ ਕੀਤਾ। ਇਸ ਉਪਰੰਤ ਮਰਦਾਂ ਵਿਚੋਂ ਸਭ ਤੋਂ ਪਹਿਲਾਂ ਟੀਕਾ ਡਾ. ਕਸ਼ਮੀਰੀ ਲਾਲ ਅਤੇ ਔਰਤਾਂ ਵਿਚੋਂ ਸਿਵਲ ਹਸਪਤਾਲ ਦੀ ਕਰਮਚਾਰਨ ਪਰਮਜੀਤ ਕੌਰ ਨੇ ਲੁਆਇਆ।
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਇਸ ਮੌਕੇ ਟੀਕਾਕਰਨ ਲਈ ਅੱਗੇ ਆਉਣ ਬਾਰੇ ਹੈਲਥ ਵਰਕਰਜ਼ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਵੀ ਪ੍ਰੇਰਣਾ ਮਿਲੇਗੀ ਅਤੇ ਉਹ ਵੀ ਟੀਕਾਕਰਨ ਲਈ ਅੱਗੇ ਆਉਣਗੇ।
ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਟੀਕਾਕਰਨ ਦੇ ਪਹਿਲੇ ਦਿਨ ਸਿਵਲ ਹਸਪਤਾਲ ’ਚ 41, ਅਰਬਨ ਕਮਿਊਨਿਟੀ ਹੈਲਥ ਸੈਂਟਰ ਬਸਤੀ ਗੁਜ਼ਾਂ ਵਿਚ 36 ਅਤੇ ਸਰਕਾਰੀ ਹਸਪਤਾਲ ਨਕੋਦਰ ਵਿਚ 59 ਹੈਲਥ ਵਰਕਰਜ਼ ਨੇ ਟੀਕਾ ਲੁਆਇਆ, ਜਦਕਿ ਸਿਹਤ ਵਿਭਾਗ ਵੱਲੋਂ ਪਹਿਲੇ ਦਿਨ ਤਿੰਨ ਸਿਹਤ ਕੇਂਦਰਾਂ ’ਤੇ 100-100 ਹੈਲਥ ਵਰਕਰਜ਼ ਨੂੰ ਟੀਕਾ ਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ।
ਮੈਂ ਕੋਰੋਨਾ ਨਹੀਂ ਵੈਕਸੀਨ ਨੂੰ ਚੁਣਿਆ : ਡਾ. ਕਸ਼ਮੀਰੀ ਲਾਲ
ਕੋਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਹੌਸਲਾ ਵਧਾਉਣ ਵਾਲੇ ਸੇਵਾ-ਮੁਕਤ ਡਾ. ਕਸ਼ਮੀਰੀ ਲਾਲ ਨੇ ਪਹਿਲਾ ਟੀਕਾ ਲੁਆ ਕੇ ਜਿਥੇ ਇਕ ਮਿਸਾਲ ਪੇਸ਼ ਕੀਤੀ, ਉਥੇ ਹੀ ਇਹ ਵੀ ਕਿਹਾ ਕਿ ਉਨ੍ਹਾਂ ਕੋਰੋਨਾ ਅਤੇ ਵੈਕਸੀਨ ਵਿਚੋਂ ਵੈਕਸੀਨ ਨੂੰ ਹੀ ਚੁਣਿਆ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਟੀਕਾ ਲੁਆਉਣ ਦਾ ਮੇਰਾ ਮੁੱਖ ਉਦੇਸ਼ ਹੈਲਥ ਵਰਕਰਜ਼ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਟੀਕਾਕਰਨ ਲਈ ਪ੍ਰੇਰਿਤ ਕਰਨਾ ਸੀ ਤਾਂ ਕਿ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਹਨ, ਉਨ੍ਹਾਂ ’ਤੇ ਕੋਈ ਭਰੋਸਾ ਨਾ ਕਰੇ ਅਤੇ ਲੋਕਾਂ ਦੇ ਦਿਲਾਂ ਵਿਚ ਜਿਹੜਾ ਡਰ ਪੈਦਾ ਹੋਇਆ ਹੈ, ਉਹ ਖਤਮ ਹੋ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਚੱਲ ਰਹੇ ਕੋੋਰੋਨਾ ਸੰਕਟ ਦਰਮਿਆਨ ਵੈਕਸੀਨੇਸ਼ਨ ਆਉਣ ਨਾਲ ਰਾਹਤ ਦੀ ਇਕ ਕਿਰਨ ਵਿਖਾਈ ਦੇ ਰਹੀ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ਭਰ ’ਚ 3 ਹਜ਼ਾਰ ਕੇਂਦਰਾਂ ’ਤੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਭਾਰਤ ’ਚ ਪਹਿਲੇ ਦਿਨ ਤਿੰਨ ਲੱਖ ਤੋਂ ਜ਼ਿਆਦਾ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਖ਼ੁਰਾਕ ਮਿਲੇਗੀ।
ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸ਼ੁਰੂਆਤ
ਪੰਜਾਬ ’ਚ ਪਹਿਲੇ ਪੜਾਅ ’ਚ ਅਗਲੇ 5 ਦਿਨਾਂ ਦੌਰਾਨ 1.74 ਲੱਖ ਸਿਹਤ ਵਰਕਰਾਂ ਨੂੰ ਕੋਵਿਡ-19 ਟੀਕਾਕਰਨ ਲਗਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਮੁੱਖ ਮੰਤਰੀ ਨੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ੰਮੋਹਾਲੀ ’ਚ ਕੀਤੀ। ਪਹਿਲੇ ਪੜਾਅ ’ਚ 59 ਟੀਕਾਕਰਨ ਸਥਾਨਾਂ ਨੂੰ ਸਰਗਰਮ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ ਦੇ ਗਰੀਬ ਲੋਕਾਂ ਲਈ ਮੁਫ਼ਤ ਟੀਕਾਕਰਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।