ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਨੇ ਲਈ 8 ਪੀੜਤਾਂ ਦੀ ਜਾਨ, 600 ਦੇ ਕਰੀਬ ਮਿਲੇ ਨਵੇਂ ਮਾਮਲੇ

05/10/2021 5:29:22 PM

ਜਲੰਧਰ (ਰੱਤਾ)-ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਦਾ ਕਹਿਰ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਸੋਮਵਾਰ ਨੂੰ ਜਿੱਥੋ ਕੋਰੋਨਾ ਕਾਰਨ 8 ਪੀੜਤਾਂ ਦੀ ਜਾਨ ਚਲੀ ਗਈ, ਉਥੇ ਹੀ 600 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਸੋਮਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ 600 ਦੇ ਕਰੀਬ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। 

ਹੱਦ ਹੈ! ਪੰਜ ਦਿਨਾਂ ਬਾਅਦ ਆਈ 152 ਲੋਕਾਂ ਦੀ ਰਿਪੋਰਟ
ਇਨ੍ਹੀਂ ਦਿਨੀਂ ਕੋਰੋਨਾ ਨੂੰ ਲੈ ਕੇ ਜਿੱਥੇ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ, ਉਥੇ ਹੀ ਸਿਹਤ ਮਹਿਕਮੇ ਕਿੰਨੀ ਲਾਪ੍ਰਵਾਹੀ ਤੋਂ ਕੰਮ ਲੈ ਰਿਹਾ ਹੈ, ਇਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਐਤਵਾਰ ਨੂੰ 152 ਅਜਿਹੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ ਦੇ ਸੈਂਪਲ 5 ਅਪ੍ਰੈਲ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਟੈਸਟ ਲਈ ਭੇਜੇ ਗਏ ਸਨ। ਹੁਣ ਸੋਚਣ ਵਾਲੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ 5 ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਸੈਂਪਲ ਦਿੱਤੇ ਸਨ, ਕੀ ਉਹ ਪੰਜ ਦਿਨ ਆਪਣੇ ਘਰਾਂ ਵਿਚ ਬੈਠੇ ਹੋਣਗੇ। ਅਜਿਹਾ ਲੱਗ ਰਿਹਾ ਹੈ ਕਿ ਅਜਿਹੇ ਲੋਕ ਖੁਦ ਪਾਜ਼ੇਟਿਵ ਹੋਣ ਦੇ ਨਾਲ-ਨਾਲ ਆਪਣੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਵੰਡ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਯੋਜਨਾ ਬਣਾਈ ਜਾਵੇ ਕਿ ਜਾਂ ਤਾਂ ਵਿਅਕਤੀ ਸੈਂਪਲ ਦੇਣ ਤੋਂ ਬਾਅਦ ਘਰੋਂ ਨਾ ਨਿਕਲੇ ਜਾਂ ਫਿਰ ਉਸ ਦੀ ਰਿਪੋਰਟ ਅਗਲੇ ਦਿਨ ਹੀ ਆ ਜਾਵੇ।

'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਐੱਨ. ਐੱਚ. ਐੱਮ. ਕਰਮਚਾਰੀਆਂ ਦੀ ਹੜਤਾਲ ਕਾਰਨ ਜਾਰੀ ਨਹੀਂ ਹੋਈ ਕੋਰੋਨਾ ਸਬੰਧੀ ਰਿਪੋਰਟ
ਸਿਹਤ ਮਹਿਕਮੇ ਵਿਚ ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਮ.) ਤਹਿਤ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸਿਹਤ ਮਹਿਕਮੇ ਵੱਲੋਂ ਮੀਡੀਆ ਨੂੰ ਕੋਰੋਨਾ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਕੋਰੋਨਾ ਨੂੰ ਮਹਾਮਾਰੀ ਐਲਾਨਿਆ ਹੋਇਆ ਹੈ ਅਤੇ ਅਜਿਹੇ ਵਿਚ ਸਿਹਤ ਵਿਭਾਗ ਵੱਲੋਂ ਰਿਪੋਰਟ ਜਾਰੀ ਨਾ ਕੀਤਾ ਜਾਣਾ ਆਪਣੇ ਆਪ ਵਿਚ ਇਕ ਸਵਾਲ ਹੈ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਜਿੱਥੇ ਮਾਸ ਮੀਡੀਆ ਵਿੰਗ ਹੈ, ਉਥੇ ਹੀ ਆਈ. ਡੀ. ਐੱਸ. ਪੀ. ਮਹਿਕਮਾ ਵੀ ਹੈ। ਇਨ੍ਹਾਂ ਦੋਵਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮਿਲ ਕੇ ਕੋਰੋਨਾ ਸਬੰਧੀ ਰਿਪੋਰਟ ਜਾਰੀ ਕਰਦੇ ਹਨ ਪਰ ਪਤਾ ਨਹੀਂ ਕਿਉਂ ਫਿਰ ਵੀ ਰਿਪੋਰਟ ਜਾਰੀ ਨਹੀਂ ਕੀਤੀ ਜਾ ਰਹੀ।
ਜ਼ਿਲ੍ਹੇ ਵਿਚ ਹੁਣ ਤੱਕ ਜਿੰਨੇ ਲੋਕਾਂ ਦੇ ਸੈਂਪਲ ਲਏ ਗਏ, ਉਨ੍ਹਾਂ ਵਿਚੋਂ ਕਿੰਨੇ ਨੈਗੇਟਿਵ ਆਏ ਅਤੇ ਇਸ ਵੇਲੇ ਜ਼ਿਲੇ ਵਿਚ ਕਿੰਨੇ ਪਾਜ਼ੇਟਿਵ ਮਰੀਜ਼ ਹਨ, ਅਜਿਹੀ ਸੂਚਨਾ ਆਮ ਲੋਕਾਂ ਤੱਕ ਸਿਰਫ ਮੀਡੀਆ ਰਾਹੀਂ ਹੀ ਪਹੁੰਚਾਈ ਜਾ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਅਧਿਕਾਰੀ ਗੰਭੀਰ ਨਹੀਂ ਹੈ। ਕੀ ਉੱਚ ਅਧਿਕਾਰੀ ਇਸ ਵੱਲ ਧਿਆਨ ਦੇਣਗੇ?

ਇਹ ਵੀ ਪੜ੍ਹੋ: ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਹੱਥਾਂ ’ਚ ਲਈ ਗਈ ਰੈਮੇਡੇਸਿਵਿਰ, ਵੰਡ ਪ੍ਰਣਾਲੀ ਦਾ ਮਰੀਜ਼ਾਂ ਨੂੰ ਨਹੀਂ ਹੋ ਰਿਹਾ ਲਾਭ
ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਰੈਮੇਡੇਸਿਵਿਰ ਇੰਜੈਕਸ਼ਨ ਦੀ ਵੰਡ ਪ੍ਰਣਾਲੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਹੱਥਾਂ ਵਿਚ ਲਏ ਜਾਣ ਦਾ ਵੀ ਮਰੀਜ਼ਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਮਹਾਨਗਰ ਵਿਚ ਰੈਮੇਡੇਸਿਵਿਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀ ਵੰਡ ਪ੍ਰਣਾਲੀ ਦਾ ਕੰਟਰੋਲ ਆਪਣੇ ਹੱਥਾਂ ਵਿਚ ਇਸ ਲਈ ਲਿਆ ਸੀ ਤਾਂ ਕਿ ਨਿੱਜੀ ਹਸਪਤਾਲਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਇੰਜੈਕਸ਼ਨ ਮੁਹੱਈਆ ਕਰਵਾਏ ਜਾਣ ਸਕਣ। 

ਇਸ ਸਬੰਧੀ ਨਿੱਜੀ ਹਸਪਤਾਲ ਰੋਜ਼ਾਨਾ ਜ਼ਿਲਾ ਪ੍ਰਸ਼ਾਸਨ ਨੂੰ ਆਪਣੀ ਮੰਗ ਵੀ ਭੇਜਦੇ ਹਨ। ਮਹਾਨਗਰ ਵਿਚ ਜਿੰਨੇ ਵੀ ਇੰਜੈਕਸ਼ਨ ਆਉਂਦੇ ਹਨ, ਜ਼ਿਲਾ ਪ੍ਰਸ਼ਾਸਨ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿਚ ਸਪਲਾਈ ਕਰਵਾ ਦਿੰਦਾ ਹੈ। ਇਸ ਦੇ ਬਾਵਜੂਦ ਕੁਝ ਨਿੱਜੀ ਹਸਪਤਾਲਾਂ ਦੇ ਸੰਚਾਲਕ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਇੰਜੈਕਸ਼ਨ ਬਾਜ਼ਾਰ ਵਿਚੋਂ ਲਿਆਉਣ ਲਈ ਉਨ੍ਹਾਂ ਦੇ ਹੱਥ ਵਿਚ ਪਰਚੀ ਫੜਾ ਦਿੰਦੇ ਹਨ। ਅਜਿਹੇ ਵਿਚ ਸੋਚਣ ਵਾਲੀ ਗੱਲ ਹੈ ਕਿ ਜੇਕਰ ਮਾਰਕੀਟ ਵਿਚ ਇੰਜੈਕਸ਼ਨ ਮੁਹੱਈਆ ਹੀ ਨਹੀਂ ਹਨ, ਤਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਲਿਆਉਣਗੇ ਕਿੱਥੋਂ?

ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਬਿਨਾਂ ਲੱਛਣਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ’ਚ ਆਈਸੋਲੇਟ ਕਰਨ ਸਬੰਧੀ ਸਖਤੀ ਕਰੇ ਜ਼ਿਲ੍ਹਾ ਪ੍ਰਸ਼ਾਸਨ
ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੁੰਦੇ, ਉਹ ਘਰਾਂ ਵਿਚ ਹੀ ਆਈਸੋਲੇਟ ਹੋਣ ਦਾ ਬਹਾਨਾ ਲਾ ਕੇ ਇੱਧਰ-ਉਧਰ ਘੁੰਮਦੇ ਰਹਿੰਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਮਰੀਜ਼ਾਂ ਖ਼ਿਲਾਫ਼ ਸਖਤੀ ਵਰਤੀ ਜਾਵੇ ਤਾਂ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧੇ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਕਿਸੇ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਸੀ ਤਾਂ ਸਿਹਤ ਮਹਿਕਮੇ ਵੱਲੋਂ ਉਸ ਦੇ ਘਰ ਦੇ ਬਾਹਰ ਇਕ ਸਟਿੱਕਰ ਲਾ ਦਿੱਤਾ ਜਾਂਦਾ ਸੀ, ਜਿਸ ਤੋਂ ਪਤਾ ਲੱਗ ਜਾਂਦਾ ਸੀ ਕਿ ਉਕਤ ਘਰ ਵਿਚ ਕੋਈ ਪਾਜ਼ੇਟਿਵ ਮਰੀਜ਼ ਹੈ ਅਤੇ ਇਸ ਨਾਲ ਉਸ ਦੇ ਆਂਢ-ਗੁਆਂਢ ਵਾਲੇ ਲੋਕ ਚੌਕੰਨੇ ਹੋ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਕੀਤਾ ਜਾਂਦਾ। ਹੁਣ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੀ ਗਲੀ ਵਿਚ ਕੌਣ ਕੋਰੋਨਾ ਪਾਜ਼ੇਟਿਵ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News