ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

Friday, Apr 23, 2021 - 09:59 AM (IST)

ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

ਜਲੰਧਰ (ਰੱਤਾ)-ਪੂਰੀ ਰਫ਼ਤਾਰ ਫੜੀ ਕੋਰੋਨਾ ਵਾਇਰਸ ਨੇ ਸਥਾਨਕ ਗਾਂਧੀ ਵਨੀਤਾ ਆਸ਼ਰਮ ’ਚ ਰਹਿ ਰਹੀਆਂ ਕੁੜੀਆਂ ਅਤੇ ਔਰਤਾਂ ’ਚੋਂ 40 ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਸਿਹਤ ਮਹਿਕਮੇ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਅਜੇ ਭਾਵੇਂ ਇਨ੍ਹਾਂ ਕੁੜੀਆਂ ਦੀ ਅਧਿਕਾਰਿਕ ਤੌਰ ’ਤੇ ਕੋਰੋਨਾ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ ਪਰ ਜਿਹੜੀਆਂ ਕੁੜੀਆਂ ਨੇ ਸੈਂਪਲ ਦਿੱਤੇ ਸਨ, ਉਨ੍ਹਾਂ ਨੂੰ ਫੋਨਾਂ ’ਤੇ ਮੈਸੇਜ ਆ ਗਏ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀਰਵਾਰ ਬਾਅਦ ਦੁਪਹਿਰ ਜਦੋਂ ਕੁੜੀਆਂ ਦੇ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਤਾਂ ਮਹਿਕਮੇ ’ਚ ਤੜਥੱਲੀ ਮਚ ਗਈ ਅਤੇ ਅਧਿਕਾਰੀਆਂ ਨੇ ਤੁਰੰਤ ਗਾਂਧੀ ਵਨੀਤਾ ਆਸ਼ਰਮ ’ਚ ਟੀਮਾਂ ਅਤੇ ਜ਼ਰੂਰੀ ਸਾਮਾਨ ਭੇਜ ਕੇ ਕੋਰੋਨਾ ਪਾਜ਼ੇਟਿਵ ਕੁੜੀਆਂ ਨੂੰ ਆਈਸੋਲੇਟ ਕਰ ਦਿੱਤਾ।

ਓਧਰ ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 452 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ’ਚੋਂ 33 ਲੋਕ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 419 ਮਰੀਜ਼ਾਂ ’ਚ 4 ਮਹੀਨੇ ਦਾ ਬੱਚਾ, ਏਸ਼ੀਅਨ ਟਾਇਰਸ ਅਤੇ ਲੈਦਰ ਕੰਪਲੈਕਸ ਦੀ ਇਕ ਫੈਕਟਰੀ ਦੇ ਕੁਝ ਵਰਕਰਜ਼ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ’ਚੋਂ ਕੁਝ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਨਿਊ ਜਵਾਹਰ ਨਗਰ, ਲਾਜਪਤ ਨਗਰ, ਮਾਸਟਰ ਤਾਰਾ ਸਿੰਘ ਨਗਰ, ਆਦਰਸ਼ ਨਗਰ, ਲਾਡੋਵਾਲੀ ਰੋਡ, ਟਾਵਰ ਐਨਕਲੇਵ, ਪੁਲਸ ਲਾਈਨ, ਵਿਰਕ ਐਨਕਲੇਵ, ਕਾਲੀਆ ਕਾਲੋਨੀ, ਸੇਠ ਹੁਕਮ ਚੰਦ ਕਾਲੋਨੀ, ਸ਼ਿਵ ਨਗਰ, ਅਟਵਾਲ ਹਾਊਸ ਕਾਲੋਨੀ, ਰਤਨ ਨਗਰ, ਕਮਲ ਵਿਹਾਰ, ਬਸਤੀ ਬਾਵਾ ਖੇਲ, ਨਿਊ ਦਸਮੇਸ਼ ਨਗਰ, ਸੂਰਿਆ ਐਨਕਲੇਵ, ਸੈਂਟਰਲ ਟਾਊਨ, ਕੋਟ ਕਿਸ਼ਨ ਚੰਦ, ਕ੍ਰਿਸ਼ਨਾ ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਚਰਨਜੀਤਪੁਰਾ, ਨਕੋਦਰ, ਫਿਲੌਰ, ਸ਼ਾਹਕੋਟ, ਕਰਤਾਰਪੁਰ ਅਤੇ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਰਹਿਣ ਵਾਲੇ ਹਨ।

3431 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 424 ਹੋਰ ਹੋਏ ਰਿਕਵਰ
ਓਧਰ ਸਿਹਤ ਵਿਭਾਗ ਨੂੰ ਵੀਰਵਾਰ 3431 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 424 ਹੋਰ ਰਿਕਵਰ ਹੋ ਗਏ। ਵਿਭਾਗ ਦੀਅਾਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5620 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ- 871097
ਨੈਗੇਟਿਵ ਆਏ- 783120
ਪਾਜ਼ੇਟਿਵ ਆਏ - 38400
ਡਿਸਚਾਰਜ ਹੋਏ - 33958
ਮੌਤਾਂ ਹੋਈਆਂ-1034
ਐਕਟਿਵ ਕੇਸ- 3408

ਪੰਜਾਬ ’ਚ ਟੁੱਟੇ ਸਾਰੇ ਰਿਕਾਰਡ : 24 ਘੰਟਿਆਂ ’ਚ 5437 ਨਵੇਂ ਮਰੀਜ਼, 76 ਦੀ ਮੌਤ
ਪੰਜਾਬ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਦੇ ਸਾਰੇ ਰਿਕਾਰਡ ਟੁੱਟ ਗਏ। ਬੀਤੇ 24 ਘੰਟਿਆਂ ਵਿਚ ਸੂਬੇ ਵਿਚ 5437 ਨਵੇਂ ਕੋਰੋਨਾ ਮਰੀਜ਼ ਪਾਏ ਜਾਣ ਤੋਂ ਬਾਅਦ ਹੁਣ ਤੱਕ ਇਸ ਵਾਇਰਸ ਤੋਂ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 319749 ’ਤੇ ਪਹੁੰਚ ਗਈ ਹੈ ਅਤੇ 76 ਲੋਕਾਂ ਦੀ ਇਕ ਹੀ ਦਿਨ ’ਚ ਹੋਈ ਮੌਤ ਨੇ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੂਬੇ ਵਿਚ ਹੁਣ ਤੱਕ 8195 ਲੋਕ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਬਣ ਚੁੱਕੇ ਹਨ।

ਕੋਰੋਨਾ ਵੈਕਸੀਨੇਸ਼ਨ : 5537 ਲੋਕਾਂ ਨੇ ਲਗਵਾਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਗਾ ਕੇ 5537 ਲੋਕਾਂ ਨੂੰ ਟੀਕਾ ਲਗਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 5537 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ’ਚੋਂ 4318 ਨੇ ਪਹਿਲੀ ਅਤੇ 1219 ਨੇ ਦੂਸਰੀ ਡੋਜ਼ ਲੁਆਈ। ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ’ਚ 45 ਸਾਲ ਤੋਂ ਵੱਧ ਉਮਰ ਦੇ 4910 ਲੋਕ, 135 ਹੈਲਥ ਵਰਕਰਜ਼ ਅਤੇ 492 ਫਰੰਟਲਾਈਨ ਵਰਕਰਜ਼ ਸ਼ਾਮਲ ਹਨ।


author

shivani attri

Content Editor

Related News