ਕੋਵਿਡ-19 ਨੂੰ ਲੈ ਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨਸ ’ਚ ਕਰਫ਼ਿਊ ਵਰਗੀ ਸਖ਼ਤੀ ਕਰਨ ਅਧਿਕਾਰੀ
Monday, Mar 08, 2021 - 04:30 PM (IST)

ਜਲੰਧਰ (ਚੋਪੜਾ)– ਕੋਵਿਡ-19 ਮਹਾਮਾਰੀ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਐਲਾਨੇ ਸਾਰੇ ਮਾਈਕ੍ਰੋ ਕੰਟੇਨਮੈਂਟ ਜ਼ੋਨਸ ਵਿਚ ਕਰਫ਼ਿਊ ਵਰਗੀ ਸਖ਼ਤੀ ਨੂੰ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ ਵਿਚ ਬੀਤੇ ਦਿਨੀਂ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਉਪਰੰਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਉਕਤ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਸਿਹਤ ਅਧਿਕਾਰੀਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਸ ’ਤੇ ਤਿੱਖੀ ਨਜ਼ਰ ਰੱਖਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਸਿਰਫ਼ ਇਕ ਮਾਈਕ੍ਰੋ ਕੰਟੇਨਮੈਂਟ ਜ਼ੋਨਸ ਬਣਾਇਆ ਗਿਆ ਹੈ, ਜਿੱਥੇ ਇਲਾਕੇ ਦੇ ਸਮੂਹ ਨਿਵਾਸੀਆਂ ਦੇ ਕੋਵਿਡ-19 ਟੈਸਟ ਕੀਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਜ਼ੋਨਸ ਵਿਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ ਪ੍ਰੋਟੋਕਾਲਜ਼ ਨੂੰ ਲਾਗੂ ਕਰਨਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ
ਘਨਸ਼ਾਮ ਥੋਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੇ ਐਲਾਨੇ ਜ਼ੋਨਸ ਵਿਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਨਾ ਹੋਣ ਦੇਣ ਅਤੇ ਨਿਯਮਾਂ ਦਾ ਉਲੰਘਣ ਕਰਨ ’ਤੇ ਸਖ਼ਤੀ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਲਈ ਉਕਤ ਇਲਾਕੇ ਦਾ ਸਬੰਧਤ ਅਧਿਕਾਰੀ ਜਵਾਬਦੇਹ ਹੋਵੇਗਾ। ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ, ਗੰਭੀਰ ਬੀਮਾਰੀਆਂ ਵਾਲੇ 45 ਤੋਂ 59 ਸਾਲ ਉਮਰ ਦੇ ਲੋਕਾਂ ਸਮੇਤ ਸਾਰੇ ਲਾਭਪਾਤਰੀਆਂ ਨੂੰ ਅੱਗੇ ਆ ਕੇ ਟੀਕਾ ਲੁਆਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਸਰਕਾਰੀ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਸਕੂਲਾਂ ਵਿਚ ਫੈਲ ਰਹੇ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਵੈਕਸੀਨ ਜ਼ਰੂਰ ਲੁਆਉਣ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 8374 ਹੈਲਥ ਕੇਅਰ, 9830 ਫਰੰਟਲਾਈਨ, 60 ਸਾਲ ਤੋਂ ਉਮਰ ਵਾਲੇ 1254 ਅਤੇ ਗੰਭੀਰ ਬੀਮਾਰੀਆਂ ਵਾਲੇ 45 ਸਾਲ ਤੋਂ ਵੱਧ ਉਮਰ ਦੇ 148 ਲੋਕ ਕੋਰੋਨਾ ਵੈਕਸੀਨ ਲੁਆ ਚੁੱਕੇ ਹਨ।
ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ
ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਔਸਤਨ 4 ਹਜ਼ਾਰ ਸੈਂਪਲ ਰੋਜ਼ਾਨਾ ਅਨੁਸਾਰ ਜਲੰਧਰ ਜ਼ਿਲੇ ਵਿਚ ਪਿਛਲੇ ਦਿਨਾਂ ਦੌਰਾਨ 22427 ਸਮੇਤ ਹੁਣ ਤੱਕ 6.44 ਲੱਖ ਸੈਂਪਲ ਇਕੱਠੇ ਕੀਤੇ ਗਏ ਹਨ ਅਤੇ ਪਿਛਲੇ ਹਫਤੇ ਸਕੂਲਾਂ ਵਿਚੋਂ 4401 ਸੈਂਪਲ ਲਏ ਗਏ ਹਨ। ਜਲੰਧਰ ਨੂੰ 15.3 ਫੀਸਦੀ ਕਾਂਟਰੈਕਟ ਟਰੇਸਿੰਗ ਦਰਜ ਕੀਤੀ ਹੈ ਅਤੇ ਕੁਲ ਸੰਪਰਕਾਂ ’ਚੋਂ ਲਗਭਗ 84.90 ਫੀਸਦੀ ਦੇ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਲੈਵਲ-2 ਦੇ ਕੁਲ 481 ਬੈੱਡ, ਲੈਵਲ-132 ਬੈੱਡ ਅਤੇ 72 ਵੈਂਟੀਲੇਟਰਜ਼ ਦਾ ਪ੍ਰਬੰਧ ਹੈ ਪਰ ਅਧਿਕਾਰੀ ਕੋਵਿਡ-19 ਖ਼ਿਲਾਫ਼ ਨਵੀਂ ਜੰਗ ਨੂੰ ਲੈ ਕੇ ਇਸ ਮੁੱਢਲੇ ਢਾਂਚੇ ਦਾ ਵਿਸਤਾਰ ਕਰਨ। ਇਸ ਮੌਕੇ ਐੱਸ. ਐੱਸ. ਪੀ. ਦਿਹਾਤੀ ਡਾ. ਸੰਦੀਪ ਗਰਗ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐੱਸ. ਡੀ. ਐੱਮ. ਗੌਰਵ ਜੈਨ, ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ
ਕੋਰੋਨਾ ਟੈਸਟ ਲਈ ਹੁਣ ਰੋਜ਼ਾਨਾ 6 ਹਜ਼ਾਰ ਲੋਕਾਂ ਦੇ ਲਏ ਜਾਣਗੇ ਸੈਂਪਲ
ਡਿਪਟੀ ਕਮਿਸ਼ਨਰ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਵਿਡ-19 ਦੇ ਟੈਸਟ ਕਰਨ ਲਈ ਰੋਜ਼ਾਨਾ 6 ਹਜ਼ਾਰ ਲੋਕਾਂ ਦੇ ਸੈਂਪਲ ਇਕੱਠੇ ਕਰਨ। ਇਸ ਤੋਂ ਇਲਾਵਾ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕਰਨ ਤੋਂ ਇਲਾਵਾ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਜਲਦ ਤੋਂ ਜਲਦ ਕੋਰੋਨਾ ਟੈਸਟ ਕਰਵਾਉਣਾ ਯਕੀਨੀ ਬਣਾਉਣ।
ਮੈਰਿਜ ਪੈਲੇਸਾਂ ’ਚ ਪ੍ਰੋਗਰਾਮ ਦੌਰਾਨ ਮਹਿਮਾਨਾਂ ਦੀ ਭੀੜ ’ਤੇ ਰੱਖੀ ਜਾਵੇਗੀ ਨਜ਼ਰ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੈਰਿਜ ਪੈਲੇਸਾਂ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਮਹਿਮਾਨਾਂ ਦੀ ਭੀੜ ’ਤੇ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਕੰਮ ਲਈ ਸੁਪਰਵਾਈਜ਼ਰ ਤਾਇਨਾਤ ਕਰਨ ਤਾਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਇਨਡੋਰ ਪ੍ਰੋਗਰਾਮਾਂ ਵਿਚ ਭੀੜ ਇਕੱਠੀ ਕਰਨ ਸਬੰਧੀ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲਜ਼ ਪ੍ਰਤੀ ਜਾਗਰੂਕ ਕਰਨ ਲਈ ਬਾਜ਼ਾਰਾਂ ਵਿਚ ਪਬਲਿਕ ਐਡਰੈੱਸ ਵਿਵਸਥਾ ਲਾਉਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮਾਸਕ ਨਾ ਪਹਿਨਣ ’ਤੇ 66601 ਚਲਾਨ ਕਰਕੇ ਵਸੂਲਿਆ ਜਾ ਚੁੱਕਿਐ 31749600 ਜੁਰਮਾਨਾ
ਘਨਸ਼ਾਮ ਥੋਰੀ ਨੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਵਿਰੁੱਧ ਚਲਾਨ ਮੁਹਿੰਮ ਤੇਜ਼ ਕਰਨ ਨੂੰ ਕਿਹਾ ਜਿਹੜੇ ਮਾਸਕ, ਸਮਾਜਿਕ ਦੂਰੀ ਸਮੇਤ ਹੋਰ ਕੋਵਿਡ ਪ੍ਰੋਟੋਕਾਲਜ਼ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਮਾਸਕ ਨਾ ਪਹਿਨਣ ’ਤੇ 66601 ਚਲਾਨ ਕੀਤੇ ਗਏ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਕੋਲੋਂ 31749600 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ