ਜਲੰਧਰ: ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
Wednesday, Apr 08, 2020 - 11:32 AM (IST)
ਆਦਮਪੁਰ (ਦਿਲਬਾਗੀ, ਚਾਂਦ)— ਆਦਮਪੁਰ ਦੇ ਪਿੰਡ ਜਲਪੋਤਾ ਦੇ ਰਹਿਣ ਵਾਲੇ ਵਿਅਕਤੀ ਦੀ ਨਿਊਯਾਰਕ 'ਚ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (63) ਪੁੱਤਰ ਸਰਦਾਰਾ ਸਿੰਘ ਵਜੋ ਹੋਈ ਹੈ। ਕੁਲਵਿੰਦਰ ਸਿੰਘ ਦੀ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ 28 ਸਾਲਾਂ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਰਹਿ ਰਹੇ ਸਨ।
ਉਸ ਦੀ ਭੈਣ ਨੇ ਫੋਨ ਕਰਕੇ ਦਸਿਆ ਕਿ ਉਸ ਦੇ ਪਿਤਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਦੀ ਪਤਨੀ ਅਤੇ ਇਕ ਲੜਕੀ ਜਲਪੋਤਾ 'ਚ ਰਹਿੰਦੀ ਹੈ ਜਦਕਿ ਦੂਜੀ ਲੜਕੀ ਅਮਰੀਕਾ 'ਚ ਹੈ। ਕੁਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਦੱਸਣਯੋਗ ਹੈ ਕਿ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. 'ਚ ਹੁਣ ਤੱਕ 12,893 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਦੀ ਗਿਣਤੀ 3,98,785 'ਤੇ ਪੁੱਜ ਗਈ ਹੈ। ਨਿਊਯਾਰਕ ਵਿਚ ਪਹਿਲਾ ਕੋਰੋਨਾ ਵਾਇਰਸ ਕੇਸ 1 ਮਾਰਚ ਨੂੰ ਰਿਪੋਰਟ ਹੋਇਆ ਸੀ, ਉਦੋਂ ਤੋਂ ਇੱਥੇ ਕੁੱਲ 1,40,078 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 5,558 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਪਾਰ ਹੋ ਗਈ ਹੈ ਅਤੇ 82,074 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ 'ਚ ਯੂ. ਐੱਸ. ਏ. ਵਿਚ ਵਧੀ ਹੈ। ਇਸ ਵਿਚਕਾਰ ਚੀਨ 'ਚ ਬੀਤੇ 24 ਘੰਟੇ ਦੌਰਾਨ 62 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੰਜਾਬ 'ਚ ਵੀ ਕੋਰੋਨਾ ਦਾ ਕਹਿਰ, ਗਿਣਤੀ 101 ਤੱਕ ਪਹੁੰਚੀ
ਪੰਜਾਬ 'ਚ ਹੁਣ ਤੱਕ 101 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ 2 ਬਰਨਾਲਾ-ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 07, ਫਤਿਹਗੜ੍ਹ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।