ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ
Friday, Jul 31, 2020 - 09:47 PM (IST)
ਜਲੰਧਰ— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਵੀ ਭਿਆਨਕ ਰੂਪ ਧਾਰ ਚੁੱਕਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਉਥੇ ਹੀ ਇਲਾਜ ਅਧੀਨ ਚੱਲ ਰਹੇ ਕਈ ਮਰੀਜ਼ ਮੌਤ ਦੇ ਮੂੰਹ ਵੱਲ ਜਾ ਰਹੇ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 374 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੋਰੋਨਾ ਕਾਰਨ ਹੋਈ ਤਾਲਾਬੰਦੀ ਦੌਰਾਨ ਜਿੱਥੇ ਲੋਕਾਂ ਦਾ ਕੰਮਕਾਜ ਠੱਪ ਹੋਇਆ ਸੀ, ਉਥੇ ਹੀ ਖ਼ੁਦਕੁਸ਼ੀ ਦੇ ਮਾਮਲੇ ਵੀ ਵਧੇ। ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਘੱਟ ਨਹੀਂ ਹੋਈਆਂ। ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ 'ਚ ਯਾਨੀ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਕੋਰੋਨਾ ਨਾਲ 179 ਲੋਕਾਂ ਦੀ ਮੌਤ ਹੋਈ ਜਦਕਿ ਆਰਥਿਕ ਤੰਗੀ ਅਤੇ ਘਰੇਲੂ ਕਲੇਸ਼ ਕਾਰਨ 253 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ। ਇਨ੍ਹਾਂ 'ਚ 193 ਪੁਰਸ਼ ਅਤੇ 60 ਬੀਬੀਆਂ ਸ਼ਾਮਲ ਸਨ।
ਸੂਬੇ 'ਚ 45 ਦਿਨਾਂ ਤੋਂ ਔਸਤਨ ਹਰ ਦਿਨ 6 ਲੋਕ ਕਰ ਰਹੇ ਨੇ ਖ਼ੁਦਕੁਸ਼ੀ
ਧਿਆਨਦੇਣ ਯੋਗ ਹੈ ਕਿ ਸੂਬੇ 'ਚ 45 ਦਿਨਾਂ ਤੋਂ ਔਸਤਨ ਹਰ ਦਿਨ 6 ਲੋਕ ਖ਼ੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖ਼ਤਮ ਕਰ ਰਹੇ ਹਨ। ਜੀਵਨਲੀਲਾ ਖ਼ਤਮ ਕਰਨ ਨੂੰ ਲੈ ਕੇ 70 ਫੀਸਦੀ ਲੋਕਾਂ ਨੇ ਫਾਹਾ ਲਾਇਆ ਅਤੇ 25 ਫੀਸਦੀ ਲੋਕਾਂ ਨੇ ਜ਼ਹਿਰ ਖਾਧਾ। ਬਾਕੀ 5 ਫੀਸਦੀ ਲੋਕਾਂ ਨੇ ਪਾਣੀ 'ਚ ਛਾਲ ਮਾਰ ਕੇ, ਇਮਾਰਤ ਤੋਂ ਛਾਲ ਮਾਰ ਜਾਂ ਖੁਦ ਨੂੰ ਗੋਲੀ ਮਾਰ ਕੇ ਖ਼ਦਕੁਸ਼ੀ ਕੀਤੀ ਹੈ। ਖ਼ੁਦਕੁਸ਼ੀ ਕਰਨ ਵਾਲਿਆਂ 'ਚ 17 ਤੋਂ ਲੈ ਕੇ 30 ਸਾਲਾ ਵਿਅਕਤੀ 70 ਫੀਸਦੀ ਸ਼ਾਮਲ ਹਨ ਜਦਕਿ 35 ਤੋਂ ਲੈ ਕੇ 50 ਸਾਲ ਦੇ 25 ਫੀਸਦੀ ਲੋਕ ਸ਼ਾਮਲ ਹਨ। 5 ਫੀਸਦੀ ਸੀਨੀਅਰ ਸਿਟੀਜ਼ਨ ਵੀ ਸ਼ਾਮਲ ਹਨ। 70 ਫੀਸਦੀ ਯਾਨੀ 177 ਲੋਕਾਂ ਨੇ ਆਰਥਿਕ ਤੰਗੀ ਅਤੇ ਬੀਮਾਰੀ ਦੇ ਕਾਰਨ ਆਪਣੀ ਜੀਵਨਲੀਲਾ ਖ਼ਤਮ ਕੀਤੀ। ਲੁਧਿਆਣਾ 'ਚ 45 ਦਿਨਾਂ ਦੇ ਅੰਦਰ ਸਭ ਤੋਂ ਵੱਧ 69 ਲੋਕਾਂ ਨੇ ਖ਼ੁਦਕੁਸ਼ੀ ਕੀਤੀ। ਦੂਜੇ ਨੰਬਰ 'ਤੇ ਜਲੰਧਰ ਅਤੇ ਤੀਜੇ ਨੰਬਰ 'ਤੇ ਬਠਿੰਡਾ ਸ਼ਾਮਲ ਹਨ।
ਜਾਣੋ ਕਿਹੜੇ ਸ਼ਹਿਰ 'ਚ 45 ਦਿਨਾਂ 'ਚ ਕਿੰਨਿਆਂ ਨੇ ਕੀਤੀ ਖ਼ੁਦਕੁਸ਼ੀ
ਸਿਟੀ | ਸੁਸਾਈਡ | ਪੁਰਸ਼ | ਔਰਤ |
ਲੁਧਿਆਣਾ | 69, | 54 | 15 |
ਜਲੰਧਰ | 33 | 25 | 08 |
ਬਠਿੰਡਾ | 24 | 18 | 06 |
ਮੋਹਾਲੀ | 22 | 16 | 06 |
ਅੰਮ੍ਰਿਤਸਰ | 16 | 11 | 05 |
ਪਟਿਆਲਾ | 16 | 10 | 06 |
ਹੁਸ਼ਿਆਰਪੁਰ | 12 | 08 | 04 |
ਮੋਗਾ | 09 | 08 | 01 |
ਬਟਾਲਾ | 08 | 08 | 00 |
ਕਪੂਰਥਲਾ | 07 | 05 | 02 |
ਹੋਰ | 37 | 30 | 07 |
ਦੱਸਣਯੋਗ ਹੈ ਕਿ 17 ਤੋਂ ਲੈ ਕੇ 30 ਸਾਲਾ ਤੱਕ ਦੇ ਵਿਅਕਤੀਆਂ ਨੇ ਆਰਥਿਕ ਤੰਗ ਅਤੇ ਬੀਮਾਰੀ ਤੋਂ ਪਰੇਸ਼ਾਨ ਹੋ ਕੇ ਮੌਤ ਨੂੰ ਲਗਾਇਆ। ਇਸ ਦੇ ਇਲਾਵਾ 35 ਤੋਂ 50 ਸਾਲਾ ਤੱਕ ਦੇ ਵਿਅਕਤੀਆਂ ਨੇ ਪ੍ਰੇਮ ਸੰਬੰਧਾਂ ਅਤੇ ਤਣਾਅ ਕਾਰਨ ਆਪਣੀ ਜੀਵਨਲੀਲਾ ਖ਼ਤਮ ਕੀਤੀ। 60 ਤੋਂ ਵਧੇਰੇ ਵਿਅਕਤੀਆਂ ਨੇ ਡਿਪਰੈਸ਼ਨ ਅਤੇ ਹੋਰਾਂ ਕਾਰਨਾਂ ਕਰਕੇ ਆਪਣੀ ਜੀਵਨਲਾਲੀ ਖਤਮ ਕੀਤੀ।
ਇਨ੍ਹਾਂ ਕੇਸਾਂ ਰਾਹੀਂ ਜਾਣੋ ਕਿਵੇਂ ਮੌਤ ਤੋਂ ਹਾਰੀ ਜ਼ਿੰਦਗੀ
ਪਤਨੀ ਦੀ ਜ਼ਿੰਦਗੀ 'ਚ ਆਇਆ ਦੂਜਾ ਤਾਂ ਚੁਣਿਆ ਮੌਤ ਦਾ ਰਾਹ
ਜਲੰਧਰ ਦੇ ਅਜੀਤ ਨਗਰ 'ਚ 40 ਸਾਲ ਦੇ ਡਰਾਈਵਰ ਅਸ਼ਵਨੀ ਕੁਮਾਰ ਮਹਿਤਾ ਨੇ ਪਤਨੀ ਅਤੇ ਉਸ ਦੇ ਪ੍ਰੇਮੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਪਤਨੀ ਅਤੇ ਉਸ ਦੀ ਪ੍ਰਮੀ ਫਰਾਰ ਹਨ। ਇਸੇ ਤਰ੍ਹਾਂ ਪਿੰਡ ਫੋਲੜੀਵਾਲ 'ਚ ਰਹਿੰਦੇ ਕੱਪੜਾ ਵਪਾਰੀ ਮੁਕੇਸ਼ ਕੁਮਾਰ ਗੋਲਡੀ (44) ਨੇ ਪਤਨੀ ਅਤੇ ਪ੍ਰੇਮੀ ਤੋਂ ਤੰਗ ਆ ਕੇ ਜਾਨ ਦੇ ਦਿੱਤੀ ਸੀ। ਪਤਨੀ ਜੇਲ ਜਾ ਚੁੱਕੀ ਹੈ ਜਦਕਿ ਪ੍ਰੇਮੀ ਫਰਾਰ ਹੈ।
ਅੰਮ੍ਰਿਤਸਰ 'ਚ ਬੱਟਰ ਸੀਵੀਆ ਦੇ ਰਹਿਣ ਵਾਲੇ ਗੁਰਜੰਟ ਸਿੰਘ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪਿਤਾ ਦੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। ਪਰਿਵਾਰ ਨੂੰ ਹੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਨੌਕਰੀ ਜਾਨ ਦੇ ਡਰ ਨਾਲ ਬਠਿੰਡਾ 'ਚ ਲੜਕੀ ਅਤੇ ਲੁਧਿਆਣਾ 'ਚ ਲਡਕੇ ਨੇ ਦਿੱਤੀ ਸੀ ਜਾਨ
ਬਠਿੰਡਾ ਵਿਖੇ ਪ੍ਰਤਾਪ ਨਗਰ ਦੀ ਰਹਿਣ ਵਾਲੀ 24 ਸਾਲਾ ਸ਼ਿਖਾ ਗਰਗ ਦਿੱਲੀ ਦੀ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੀ ਸੀ। ਤਾਲਾਬੰਦੀ ਤੋਂ ਪਹਿਲਾਂ ਘਰ ਆਈ ਸੀ ਅਤੇ ਬਾਅਦ 'ਚ ਨੌਕਰੀ 'ਤੇ ਨਾ ਜਾ ਸਕੀ। ਲੜਕੀ ਨੂੰ ਨੌਕਰੀ ਜਾਣ ਡਰ ਸੀ, ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ। ਲੁਧਿਆਣਾ 'ਚ ਨਿਜੀ ਬੈਂਕ ਦੇ ਗੋਲਡ ਲੋਨ ਵਿਭਾਗ 'ਚ ਵਰਕਰ ਬਸਤੀ ਜੋਧੇਵਾਲ ਦੇ ਸੁਭਾਸ਼ ਨਗਰ ਦੇ ਰਹਿਣ ਵਾਲੇ ਰਵਿਸ਼ ਕੁਮਾਰ (35) ਨੇ ਤਾਲਾਬੰਦੀ 'ਚ ਨੌਕਰੀ ਜਾਣ ਤੋਂ ਦੁਖੀ ਹੋ ਕੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ।