ਕੁੰਡਾਬੰਦੀ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਸ ਦੀ ਔਰਤਾਂ ਲਈ ਨਵੀਂ ਪਹਿਲ

05/26/2020 12:48:34 PM

ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਦੌਰਾਨ ਕਮਿਸ਼ਨਰੇਟ ਪੁਲਸ ਪਿਛਲੇ ਕਾਫੀ ਸਮੇਂ ਤੋਂ ਕਰਫਿਊ ਅਤੇ ਕੁੰਡਾਬੰਦੀ 'ਚ ਵਧੀਆ ਕੰਮ ਕਰ ਰਹੀ ਹੈ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਮਿਸ਼ਨਰੇਟ ਪੁਲਸ ਲਗਾਤਾਰ ਸਖਤੀ ਕਰ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਰਫਿਊ ਅਤੇ ਕੁੰਡਾਬੰਦੀ ਦੌਰਾਨ ਔਰਤਾਂ ਦੀਆਂ ਘਰੇਲੂ ਹਿੰਸਾ ਸਬੰਧੀ ਸ਼ਿਕਾਇਤਾਂ ਲਈ ਕਮਿਸ਼ਨਰੇਟ ਪੁਲਸ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਆਨਲਾਈਨ ਕਾਊਂਸਲਿੰਗ ਦੀ ਸ਼ੁਰੂਆਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਵੱਲੋਂ ਏ. ਡੀ. ਸੀ. ਪੀ. ਸਿਟੀ-1 ਡੀ ਸੁਡਰਵਿਜੀ ਦੀ ਅਗਵਾਈ 'ਚ ਵਿਸ਼ੇਸ਼ ਤੌਰ 'ਤੇ 6 ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ 'ਚ 3 ਸਬ-ਇੰਸਪੈਕਟਰ ਰੈਂਕ ਦੀਆਂ ਮਹਿਲਾ ਪੁਲਸ ਅਫਸਰ ਮੋਨਿਕਾ ਅਰੋੜਾ, ਆਸ਼ਾ ਕਿਰਨ, ਸੁਮਨ ਬਾਲਾ, ਸਕਾਈਲੋਜਿਸਟ ਡਾ. ਜਸਵੀਰ ਕੌਰ, ਡਾ. ਸਰਬਜੀਤ ਸਿੰਘ, ਰਾਜਵੀਰ ਕੌਰ ਅਤੇ ਸੋਸ਼ਲ ਵਰਕਰਾਂ ਨੂੰ ਵੀ ਇਸ ਪੈਨਲ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਕੁੰਡਾਬੰਦੀ ਅਤੇ ਕਰਫਿਊ ਕਾਰਨ ਔਰਤਾਂ ਦੀਆਂ ਘਰੇਲੂ ਹਿੰਸਾ ਸਬੰਧੀ ਸ਼ਿਕਾਇਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ। ਔਰਤਾਂ ਨੂੰ ਸ਼ਿਕਾਇਤਾਂ ਲੈ ਕੇ ਥਾਣੇ ਆਉਣਾ ਮੁਸ਼ਕਲ ਹੋ ਰਿਹਾ ਸੀ। ਇਸ ਕਾਰਨ ਕਮਿਸ਼ਨਰੇਟ ਪੁਲਸ ਨੇ ਵਿਸ਼ੇਸ਼ ਤੌਰ 'ਤੇ ਵੂਮੈਨ ਹਾਈਲਾਈਨ ਨੰਬਰ 1091 ਨੂੰ ਵੀ ਅਪਡੇਟ ਕਰਕੇ ਉਥੇ ਐਕਸਪਰਟ ਸਟਾਫ ਬਿਠਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਔਰਤ ਘਰੇਲੂ ਹਿੰਸਾ, ਮੈਟਰੀਮੋਨੀਅਲ ਜਾਂ ਕਿਸੇ ਛੋਟੇ-ਮੋਟੇ ਵਿਵਾਦ ਸਬੰਧੀ ਵੂਮੈਨ ਹੈਲਪਲਾਈਨ ਨੰਬਰ ਉਤੇ ਸ਼ਿਕਾਇਤ ਕਰਦੀ ਹੈ ਤਾਂ ਕੰਟਰੋਲ ਰੂਮ 'ਤੇ ਬੈਠਾ ਐਕਸਪਰਟ ਸਟਾਫ ਔਰਤ ਦੀ ਸ਼ਿਕਾਇਤ ਨੂੰ ਅੱਗੇ 6 ਮੈਂਬਰੀ ਪੈਨਲ ਨੂੰ ਇਸਦੀ ਜਾਣਕਾਰੀ ਦੇਵੇਗਾ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਦੇ ਨਾਲ ਹੀ ਪੈਨਲ ਦੇ ਮੈਂਬਰ ਸ਼ਿਕਾਇਤ ਕਰਤਾ ਤੋਂ ਫੋਨ 'ਤੇ ਸਾਰੀ ਜਾਣਕਾਰੀ ਹਾਸਲ ਕਰਨਗੇ ਅਤੇ ਲਾਕਡਾਊਨ ਕਾਰਨ ਪੁਲਸ ਸ਼ਿਕਾਇਤਕਰਤਾ ਅਤੇ ਪੈਨਲ ਦੇ ਮੈਂਬਰ ਜਿਨ੍ਹਾਂ ਖਿਲਾਫ ਸ਼ਿਕਾਇਤ ਹੋਵੇਗੀ, ਉਨ੍ਹਾਂ ਸਾਰਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੁਲਸ ਦੀ ਕੋਸ਼ਿਸ਼ ਹੋਵੇਗੀ ਕਿ ਉਕਤ ਸ਼ਿਕਾਇਤ ਦਾ ਹੱਲ ਜਲਦ ਨਿਕਲ ਸਕੇ। ਉਨ੍ਹਾਂ ਦੱਸਿਆ ਕਿ 6 ਮੈਂਬਰੀ ਪੈਨਲ ਦੇ ਮੈਂਬਰਾਂ ਨੂੰ ਵੀਡੀਓ ਕਾਨਫਰੰਸ ਲਈ ਵਿਸ਼ੇਸ਼ ਤੌਰ 'ਤੇ ਨਵਾਂ ਫੋਨ ਵੀ ਲੈ ਕੇ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸ਼ਿਕਾਇਤਕਰਤਾ ਦੀ ਵੀਡੀਓ ਕਾਨਫਰੰਸ ਰਾਹੀਂ ਤਸੱਲੀ ਨਹੀਂ ਹੁੰਦੀ ਤਾਂ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮ ਪਾਏ ਜਾਣ ਵਾਲੇ ਧਿਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News