ਹਵਾਈ ਅੱਡੇ 'ਤੇ ਆਉਣ ਵਾਲੇ ਹਰੇਕ ਯਾਤਰੀ ਦਾ ਹੋਵੇਗਾ ਕੋਰੋਨਾ ਟੈਸਟ: ਡਿਪਟੀ ਕਮਿਸ਼ਨਰ
Tuesday, May 26, 2020 - 03:52 PM (IST)
ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਘਰੇਲੂ ਹਵਾਈ ਉਡਾਣਾਂ ਰਾਹੀਂ ਆਦਮਪੁਰ ਹਵਾਈ ਅੱਡੇ 'ਤੇ ਆਉਣ ਵਾਲੇ ਹਰੇਕ ਯਾਤਰੀ ਦਾ ਰੀਵਰਸ ਟਰਾਂਸਕ੍ਰਿਪਸ਼ਨ ਪੋਲੀਮੇਰੇਸ ਚੇਨ ਰਿਐਕਸ਼ਨ (ਆਰ.ਟੀ-ਪੀ. ਸੀ.ਆਰ.) ਰਾਹੀਂ ਕੋਵਿਡ ਟੈਸਟ ਕੀਤਾ ਜਾਵੇਗਾ। ਜ਼ਿਲਾ ਪ੍ਰਸ਼ਾਸਨਿਕ ਅਤੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਲੋਕ ਪੰਜਾਬ ਨਾਲ ਸਬੰਧਤ ਹਨ, ਘਰੇਲੂ ਹਵਾਈ ਉਡਾਣਾਂ ਰਾਹੀਂ ਹਵਾਈ ਅੱਡਾ ਮੁਹਾਲੀ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਪਠਾਨਕੋਟ, ਲੁਧਿਆਣਾ ਆਉਣ ਵਾਲੇ ਸਾਰੇ ਯਾਤਰੀਆਂ ਦਾ ਰੀਵਰਸ ਟਰਾਂਸਕ੍ਰਿਪਸ਼ਨ ਪੋਲੀਮਮੇਰੇਸ ਚੇਨ ਰਿਐਕਸ਼ਨ (ਆਰ.ਟੀ-ਪੀ. ਸੀ. ਆਰ.) ਰਾਹੀਂ ਕੋਵਿਡ ਟੈਸਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਟੈਸਟ ਤੋਂ ਬਾਅਦ ਯਾਤਰੀ ਦਾ ਨਾਂ, ਪਤਾ, ਮੋਬਾਇਲ ਨੰਬਰ ਅਤੇ ਹੋਰ ਵੇਰਵਾ ਲਿਖਣ ਤੋਂ ਬਾਅਦ ਘਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੈਸਟ ਦੀ ਰਿਪੋਰਟ ਆਉਣ 'ਤੇ ਜੇਕਰ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਵਿਅਕਤੀ ਨੂੰ ਸਰਕਾਰੀ ਆਈਸੋਲੇਸ਼ਨ 'ਚ ਸਿਹਤ ਪ੍ਰੋਟੋਕਾਲ ਅਨੁਸਾਰ ਤਬਦੀਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜੇਕਰ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ 14 ਦਿਨਾਂ ਲਈ ਹੋਮ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਵੱਲੋਂ ਖੁਦ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਕੋਵਿਡ ਸਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਪੈਦਾ ਹੋਣ 'ਤੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ 'ਚ ਰਿਪੋਰਟ ਕੀਤੀ ਜਾਵੇਗੀ। ਸ਼ਰਮਾ ਨੇ ਸਾਰੇ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਸਪਸ਼ਟ ਕਿਹਾ ਕਿ ਇਸ ਕੰਮ 'ਚ ਕਿਸੇ ਪ੍ਰਕਾਰ ਦੇ ਭੇਦ ਭਾਵ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਰਮਾ ਨੇ ਕਿਹਾ ਕਿ 3000 ਦੇ ਕਰੀਬ ਵਿਅਕਤੀ ਦੂਜੇ ਸੂਬਿਆਂ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਜ਼ਿਲੇ ਵਿਚ ਆਉਣ ਦੀ ਸੰਭਾਵਨਾ ਹੈ।