ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
Sunday, Apr 26, 2020 - 07:01 PM (IST)
ਜਲੰਧਰ (ਦੀਪਕ)— ਅਕਸਰ ਤੁਸੀਂ ਦੇਖਿਆ ਹੈ ਕਿ ਲੋਕ ਵਿਆਹਾਂ 'ਚ ਬੇਹੱਦ ਖਰਚ ਕਰਦੇ ਹਨ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫਿਊ ਦਰਮਿਆਨ ਅੱਜਕਲ੍ਹ ਵੱਖ-ਵੱਖ ਸ਼ਹਿਰਾਂ 'ਚ ਸਾਦੇ ਢੰਗ ਨਾਲ ਵਿਆਹ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਰਫਿਊ ਦਰਮਿਆਨ ਵੱਖ-ਵੱਖ ਸ਼ਹਿਰਾਂ 'ਚ ਪੂਰੀ ਵਿਆਹ ਸਾਦਗੀ ਨਾਲ ਕੀਤੇ ਜਾ ਰਹੇ ਹਨ।
ਘਰ 'ਚ ਹੀ ਲਏ ਫੇਰੇ, ਪੂਰੀ ਸਾਦਗੀ ਨਾਲ ਇੰਝ ਰਚਾਇਆ ਵਿਆਹ
ਤਾਜ਼ਾ ਮਾਮਲਾ ਜਲੰਧਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਘਰ 'ਚ ਹੀ ਪਰਿਵਾਰ ਦੀ ਸਹਿਮਤੀ ਦੇ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਕੈਂਟ 'ਚ ਪੈਂਦੇ ਦੀਪ ਨਗਰ 'ਚ ਵਿਖੇ ਮੁਨੀਸ਼ ਕੁਮਾਰ ਅਤੇ ਕਾਮਿਨੀ ਦਾ ਵਿਆਹ ਸਾਦੇ ਢੰਗ ਨਾਲ ਕੀਤਾ ਗਿਆ। ਦੱਸਣਯੋਗ ਹੈ ਕਿ ਕਾਮਿਨੀ ਕੈਂਟ ਦੀ ਰਹਿਣ ਵਾਲੀ ਹੈ ਜਦਕਿ ਮੁਨੀਸ਼ ਜਲੰਧਰ ਸਿਟੀ ਦਾ ਰਹਿਣ ਵਾਲਾ ਹੈ। ਇਸ ਮੌਕੇ ਦੋਵੇਂ ਪਰਿਵਾਰਾਂ ਦੇ ਕੁੱਲ 11 ਲੋਕ ਹੀ ਮੌਜੂਦ ਰਹੇ ਅਤੇ ਕਾਮਿਨੀ ਦੇ ਘਰ 'ਚ ਪੰਡਿਤ ਦੀ ਮੌਜੂਦਗੀ 'ਚ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹੋਏ ਮੁਨੀਸ਼ ਅਤੇ ਕਾਮਿਨੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਸ ਵਿਆਹ 'ਚ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ 3 ਮਈ ਤੱਕ ਲਾਕ ਡਾਊਨ/ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਇਸ ਦਾ ਅਸਰ ਵਿਆਹਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਇਕ ਪਾਸੇ ਜਿੱਥੇ ਕੁਝ ਲੋਕਾਂ ਵੱਲੋਂ ਕਰਫਿਊ ਨੂੰ ਦੇਖਦੇ ਹੋਏ ਵਿਆਹਾਂ ਨੂੰ ਰੱਦ ਕੀਤਾ ਗਿਆ ਹੈ, ਉਥੇ ਹੀ ਕੁਝ ਲੋਕ ਸਾਦੇ ਢੰਗ ਨਾਲ ਵਿਆਹ ਕਰਨ ਨੂੰ ਮੁੱਖ ਤਰਜੀਹ ਦੇ ਰਹੇ ਹਨ। ਜਲੰਧਰ 'ਚ ਸਾਹਮਣੇ ਆਇਆ ਸਾਦੇ ਵਿਆਹ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਰਫਿਊ ਦਰਮਿਆਨ ਕਈ ਸਾਦੇ ਵਿਆਹ ਹੋ ਚੁੱਕੇ ਹਨ।