ਜਲੰਧਰ ਰੇਲਵੇ ਸਟੇਸ਼ਨ ''ਤੇ ''ਬਰਨਿੰਗ'' ਹੋਣ ਤੋਂ ਬਚੀ ਲੇਬਰ ਵਿਸ਼ੇਸ਼ ਟਰੇਨ, ਟਲਿਆ ਵੱਡਾ ਹਾਦਸਾ

Sunday, May 24, 2020 - 11:23 AM (IST)

ਜਲੰਧਰ ਰੇਲਵੇ ਸਟੇਸ਼ਨ ''ਤੇ ''ਬਰਨਿੰਗ'' ਹੋਣ ਤੋਂ ਬਚੀ ਲੇਬਰ ਵਿਸ਼ੇਸ਼ ਟਰੇਨ, ਟਲਿਆ ਵੱਡਾ ਹਾਦਸਾ

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਖੜ੍ਹੀ ਸ਼ਨੀਵਾਰ ਸਵੇਰੇ ਹਾਜੀਪੁਰ ਜਾਣ ਵਾਲੀ ਲੇਬਰ ਸਪੈਸ਼ਲ ਟਰੇਨ ਬਰਨਿੰਗ ਟਰੇਨ ਬਣਨ ਤੋਂ ਬਚ ਗਈ। ਜੀ. ਆਰ. ਪੀ. ਦੇ ਮੁਲਾਜ਼ਮਾਂ ਅਤੇ ਲੋਕੋ ਪਾਇਲਟ ਦੀ ਚੌਕਸੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ ਹਾਜੀਪੁਰ ਜਾਣ ਲਈ ਲੇਬਰ ਸਪੈਸ਼ਲ ਟਰੇਨ ਰੇਲਵੇ ਪਲੇਟਫਾਰਮ ਨੰਬਰ 1 'ਤੇ ਖੜ੍ਹੀ ਸੀ, ਜਿਸ 'ਚ 1000 ਤੋਂ ਵੱਧ ਯਾਤਰੀ ਸਵਾਰ ਸਨ। ਇੰਜਨ ਦੇ ਨਾਲ ਲੱਗੇ ਇਕ ਲਗੇਜ਼ ਕੋਚ ਨੂੰ ਲਗੇਜ਼ ਪੋਰਟਰਾਂ ਵੱਲੋਂ ਸਾਮਾਨ ਨੂੰ ਲੋਡ ਕਰਨ ਤੋਂ ਬਾਅਦ ਸੀਲ ਕਰ ਦਿੱਤਾ ਗਿਆ।

ਸੀਲ ਲਗਦੇ ਸਮੇਂ ਬਲਦੀ ਲਾਖ ਟਪਕ ਕੇ ਹੇਠਾਂ ਡਿਗ ਗਈ। ਪੁਲਸ ਅਨੁਸਾਰ ਰੇਲਵੇ ਲਾਈਨਾਂ 'ਤੇ ਜਿੱਥੇ ਲਾਖ ਡਿਗੀ ਉਥੇ ਅੱਗ ਲੱਗਣ ਵਾਲਾ ਪਦਾਰਥ ਖਿਲਰਿਆ ਹੋਇਆ ਸੀ, ਚਿੰਗਾੜੀ ਡਿੱਗਦਿਆਂ ਹੀ ਉਥੇ ਅੱਗ ਫੈਲ ਗਈ। ਅੱਗ ਨੂੰ ਵੇਖਦੇ ਹੋਏ ਪਲੇਟਫਾਰਮ ਨੰਬਰ 2 'ਤੇ ਡਿਊਟੀ ਕਰ ਰਹੇ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਅਤੇ ਰਘੁਵੀਰ ਸਿੰਘ ਨੇ ਇਸ ਦੀ ਜਾਣਕਾਰੀ ਜੀ. ਆਰ. ਪੀ. ਥਾਣੇ ਨੂੰ ਦਿੱਤੀ ਅਤੇ ਸਾਵਧਾਨੀ ਨਾਲ ਕੰਮ ਕਰਦਿਆਂ ਸਫਾਈ ਕਰਮਚਾਰੀਆਂ ਤੋਂ ਪਾਣੀ ਦੀਆਂ ਪਾਈਪਾਂ ਰਾਹੀਂ ਅੱਗ 'ਤੇ ਤੇਜ਼ ਪਾਣੀ ਪਾ ਦਿੱਤਾ। ਇਸ ਦੌਰਾਨ ਰੇਲ ਦੇ ਲੋਕੋ ਪਾਇਲਟ ਨੇ ਵੀ ਅੱਗ ਬੁਝਾਉ ਯੰਤਰ ਨਾਲ ਅੱਗ ਬੁਝਾਉਣ 'ਚ ਮਦਦ ਕੀਤੀ। ਜਿਸ ਕਾਰਨ ਅੱਗ ਨੂੰ ਜਲਦੀ ਕਾਬੂ ਕਰ ਲਿਆ ਗਿਆ।ਜੀ. ਆਰ. ਪੀ. ਥਾਣੇ ਤੋਂ ਕੰਟਰੋਲ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ: ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਜਲੰਧਰ ਦੇ ਇਸ ਟਿਕ-ਟਾਕ ਸਟਾਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

PunjabKesari

ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਸਟੇਸ਼ਨ ਸੁਪਰਡੈਂਟ ਆਰ. ਕੇ. ਬਹਿਲ, ਜੀ. ਆਰ. ਪੀ. ਸਬ-ਇੰਸਪੈਕਟਰ ਮੁਝੈਲ ਰਾਮ, ਆਰ. ਪੀ. ਐੱਫ. ਦੇ ਸਬ-ਇੰਸਪੈਕਟਰ ਅਲਵਿੰਦਰ ਸਿੰਘ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਵੀ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਸੀ। ਦੂਜੇ ਪਾਸੇ ਰੇਲ ਗੱਡੀ 'ਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਰੇਲ 'ਚ ਸਵਾਰ ਕਈ ਯਾਤਰੀ ਬਾਹਰ ਵੱਲ ਭੱਜਣ ਲੱਗੇ, ਜਿਨ੍ਹਾਂ ਨੂੰ ਜੀ. ਆਰ. ਪੀ. ਨੇ ਸਮਝਾ ਕੇ ਦੋਬਾਰਾ ਟਰੇਨ ਵਿਚ ਬਿਠਾਇਆ।

ਜੇਕਰ ਨਜ਼ਰ ਨਾ ਪੈਂਦੀ ਤਾਂ ਹੋ ਸਕਦਾ ਸੀ ਵੱਡਾ ਹਾਦਸਾ
ਲਾਕ ਡਾਊਨ ਕਾਰਨ ਰੇਲ ਗੱਡੀਆਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਹੈ। ਸ਼ਨੀਵਾਰ ਨੂੰ ਸਿਰਫ 1 ਲੇਬਰ ਸਪੈਸ਼ਲ ਟਰੇਨ ਹਾਜੀਪੁਰ ਜਾਣੀ ਸੀ। ਇਸ ਤੋਂ ਇਲਾਵਾ ਪੂਰਾ ਸਟੇਸ਼ਨ ਸੁੰਨਸਾਨ ਹੈ। ਸਟੇਸ਼ਨ ਕੰਪਲੈਕਸ 'ਚ ਨਾ ਕੋਈ ਵੈਂਡਰ ਅਤੇ ਰੇਲਵੇ ਮੁਲਾਜ਼ਮ ਮੌਜੂਦ ਹੈ। ਸ਼ੁਕਰ ਹੈ ਕਿ ਜੀ. ਆਰ. ਪੀ. ਦੇ ਜਵਾਨ ਉਸ ਸਮੇਂ ਪਲੇਟਫਾਰਮ ਨੰਬਰ 2 'ਤੇ ਗਸ਼ਤ ਕਰ ਰਹੇ ਸਨ ਅਤੇ ਉਨ੍ਹਾਂ ਦਾ ਧਿਆਨ ਅੱਗ ਵੱਲ ਚਲਾ ਗਿਆ। ਜੇਕਰ ਅੱਗ ਲੱਗਣ ਦਾ ਸਹੀ ਸਮੇਂ 'ਤੇ ਪਤਾ ਨਾ ਲੱਗਦਾ ਤਾਂ ਪੂਰੀ ਰੇਲ ਗੱਡੀ ਅੱਗ ਦੀਆਂ ਲਪਟਾਂ 'ਚ ਘਿਰ ਸਕਦੀ ਸੀ ਅਤੇ ਵੱਡਾ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ: ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪ੍ਰਗਟ ਸਿੰਘ ਵਿਧਾਇਕੀ ਤੋਂ ਦੇਣ ਅਸਤੀਫਾ: ਮੱਕੜ

PunjabKesari

ਖਤਰਨਾਕ ਹੋ ਸਕਦੈ ਪਲੇਟਫਾਰਮ ਨੰਬਰ 5 'ਤੇ ਬਣਿਆ ਫਿਊਲ ਪੁਆਇੰਟ
ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਨੇੜੇ ਇਕ ਫਿਊਲ ਪੁਆਇੰਟ ਹੈ, ਜਿੱਥੋਂ ਡੀ. ਐੱਮ. ਯੂ. 'ਚ ਤੇਲ ਭਰਿਆ ਜਾਂਦਾ ਹੈ। ਇਹ ਫਿਊਲ ਪੁਆਇੰਟ ਖਤਰਨਾਕ ਹੋ ਸਕਦਾ ਹੈ। ਇਸ ਫਿਊਲ ਪੁਆਇੰਟ ਨੇੜੇ ਅਕਸਰ ਕੁਝ ਅੱਗ ਲੱਗਣ ਵਾਲੇ ਪਦਾਰਥ ਰੱਖੇ ਜਾਂਦੇ ਹਨ, ਜਿਸ ਕਾਰਨ ਹਰ ਸਮੇਂ ਅੱਗ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਇਹ ਅੱਗ ਲੱਗਣ ਵਾਲੇ ਪਦਾਰਥ ਡਰੇਨ ਪਾਈਪ ਰਾਹੀਂ ਪਲੇਟਫਾਰਮ ਨੰਬਰ 1 'ਤੇ ਵੀ ਪਹੁੰਚ ਚੁਕੇ ਹਨ। ਜੇਕਰ ਕਿਸੇ ਯਾਤਰੀ ਜਾਂ ਰੇਲਵੇ ਕਰਮਚਾਰੀ ਵੱਲੋਂ ਬਲਦੀ ਹੋਈ ਬੀੜੀ- ਸਿਗਰੇਟ ਜਾਂ ਮਾਚਿਸ ਦੀ ਤੀਲੀ ਸੁੱਟ ਦਿੱਤੀ ਗਈ ਤਾਂ ਵੱਡਾ ਹਾਦਸਾ ਹੋ ਸਕਦਾ ਹੈ। ਰੇਲਵੇ ਅਧਿਕਾਰੀਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਥੇ ਹੀ ਸ਼ਾਮ ਨੂੰ ਸਟੇਸ਼ਨ ਮੁਖੀ ਆਰ. ਕੇ. ਬਹਿਲ ਨੇ ਦੱਸਿਆ ਕਿ ਜਿਸ ਜਗ੍ਹਾ ਤੇਲ ਖਿਲਰਿਆ ਹੋਇਆ ਸੀ, ਉਥੇ ਰੇਤ ਪਾ ਦਿੱਤੀ ਗਈ ਹੈ ਤਾਂ ਜੋ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।
ਇਹ ਵੀ ਪੜ੍ਹੋ: ਪੰਜਾਬ 'ਚ ਦੌੜਣ ਲੱਗੀਆਂ 100 ਤੋਂ ਵੱਧ ਬੱਸਾਂ, 12 ਲੱਖ ਦੀ ਹੋਈ ਕੁਲੈਕਸ਼ਨ


author

shivani attri

Content Editor

Related News