ਕੋਰੋਨਾ ਕਾਰਨ ਪੰਜਾਬੀ ਨੌਜਵਾਨਾਂ ''ਚ ਵਿਦੇਸ਼ ਜਾਣ ਦਾ ਰੁਝਾਨ ਘਟਿਆ

Tuesday, May 26, 2020 - 10:10 AM (IST)

ਕੋਰੋਨਾ ਕਾਰਨ ਪੰਜਾਬੀ ਨੌਜਵਾਨਾਂ ''ਚ ਵਿਦੇਸ਼ ਜਾਣ ਦਾ ਰੁਝਾਨ ਘਟਿਆ

ਜਲੰਧਰ (ਧਵਨ)— ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਵਿਦੇਸ਼ ਜਾਣ ਦੀ ਚਾਹਤ ਪੰਜਾਬੀ ਨੌਜਵਾਨਾਂ 'ਚ ਕਾਫੀ ਘੱਟ ਗਈ ਹੈ। ਇਸ ਦੇ ਸੰਕੇਤ ਪਾਸਪੋਰਟ ਦਫਤਰਾਂ 'ਚ ਪਾਸਪੋਰਟ ਲਈ ਅਰਜ਼ੀ ਦਾਖਲ ਕਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ। ਇਕ ਸਮਾਂ ਸੀ ਜਦੋਂ ਪਾਸਪੋਰਟ ਲੈਣ ਲਈ ਪਾਸਪੋਰਟ ਦਫਤਰ ਅਤੇ ਸੇਵਾ ਕੇਂਦਰਾਂ 'ਚ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਨਵੇਂ ਪਾਸਪੋਰਟ ਲਈ ਅਪੁਆਇੰਟਮੈਂਟਸ ਨੂੰ ਖੋਲ੍ਹਿਆ ਗਿਆ ਹੈ ਪਰ ਇਨ੍ਹਾਂ ਅਪੁਆਇੰਟਮੈਂਟਸ ਨੂੰ ਲੈਣ ਲਈ ਲੋਕ ਅੱਗੇ ਨਹੀਂ ਆ ਰਹੇ ਹਨ।

ਖੇਤਰੀ ਪਾਸਪੋਰਟ ਅਧਿਕਾਰੀ ਰਾਜਕੁਮਾਰ ਬਾਲੀ ਨੇ ਕਿਹਾ ਕਿ ਹੁਣ ਅਪੁਆਇੰਟਮੈਂਟਸ ਲਈ ਜਿੰਨੀ ਗਿਣਤੀ ਰੱਖੀ ਗਈ ਹੈ, ਉਹ ਵੀ ਪੂਰੀ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪਾਸਪੋਰਟ ਸੇਵਾ ਕੇਂਦਰ ਨੂੰ 6 ਮਈ ਨੂੰ ਖੋਲ੍ਹ ਦਿੱਤਾ ਗਿਆ ਸੀ। ਉਥੇ 350 ਅਪੁਆਇੰਟਮੈਂਟਸ ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਲੋਕਾਂ ਨੇ 150 ਅਪੁਆਇੰਟਮੈਂਟਸ ਵੀ ਨਹੀਂ ਲਈਆਂ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਪਾਸਪੋਰਟ ਸੇਵਾ ਕੇਂਦਰਾਂ 'ਚ 50 ਫੀਸਦੀ ਅਪੁਆਇੰਟਮੈਂਟਸ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਲੋਕ ਅਪੁਆਇੰਟਮੈਂਟ ਲਈ ਅਰਜ਼ੀ ਦਾਖਲ ਕਰਨ ਲਈ ਅੱਗੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਾਸਪੋਰਟ ਸੇਵਾ ਕੇਂਦਰਾਂ 'ਚੋਂ ਹਾਲੇ ਜਲੰਧਰ ਦੇ ਸਿਰਫ ਇਕ ਹੀ ਸੇਵਾ ਕੇਂਦਰ ਨੂੰ ਖੋਲ੍ਹਿਆ ਜਾ ਰਿਹਾ ਹੈ ਅਤੇ ਉਥੇ ਲੋਕਾਂ ਦੇ ਰੁਝਾਨ ਨੂੰ ਦੇਖਣ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਹੋਰ ਸੇਵਾ ਕੇਂਦਰਾਂ ਨੂੰ ਖੋਲ੍ਹਿਆ ਜਾਵੇ ਜਾਂ ਨਾ।

ਦੂਜੇ ਪਾਸੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਸਪੋਰਟ ਲਈ ਅਰਜ਼ੀ ਦਾਖਲ ਕਰਨ ਵਾਲੇ ਲੋਕਾਂ ਦੀ ਗਿਣਤੀ ਨਾਲ ਉਨ੍ਹਾਂ ਦੇ ਰੁਝਾਨ ਦਾ ਪਤਾ ਲਗਦਾ ਹੈ ਨਹੀਂ ਤਾਂ ਵਿਦੇਸ਼ਾਂ 'ਚ ਨੌਕਰੀਆਂ ਲੈਣ ਜਾਂ ਘੁੰਮਣ-ਫਿਰਨ ਲਈ ਜਾਣ ਵਾਲੇ ਲੋਕਾਂ ਦੀ ਗਿਣਤੀ ਅਣਗਿਣਤ ਸੀ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਲੋਕ ਵਿਦੇਸ਼ ਜਾਣ ਤੋਂ ਗੁਰੇਜ ਕਰਨਗੇ। ਇਸੇ ਤਰ੍ਹਾਂ ਜੋ ਨੌਜਵਾਨ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾ ਕੇ ਵੱਸਣ ਦੇ ਇਛੁੱਕ ਸਨ, ਉਨ੍ਹਾਂ ਨੇ ਵੀ ਹੱਥ ਪਿੱਛੇ ਖਿੱਚ ਲਏ ਹਨ। ਸੰਭਵ ਹੀ ਅਗਲੇ 6-8 ਮਹੀਨਿਆਂ 'ਚ ਵਿਦੇਸ਼ ਜਾਣ ਦਾ ਰੁਝਾਨ ਸ਼ਾਇਦ ਹੀ ਨੌਜਵਾਨਾਂ 'ਚ ਦਿਖਾਈ ਦੇਵੇ।


author

shivani attri

Content Editor

Related News