ਸਿਹਤ ਵਿਭਾਗ ਵੱਲੋਂ ਭੋਗਪੁਰ 'ਚੋਂ 93 ਲੋਕਾਂ ਦੇ ਲਏ ਗਏ ਸੈਂਪਲ

Monday, May 18, 2020 - 07:10 PM (IST)

ਸਿਹਤ ਵਿਭਾਗ ਵੱਲੋਂ ਭੋਗਪੁਰ 'ਚੋਂ 93 ਲੋਕਾਂ ਦੇ ਲਏ ਗਏ ਸੈਂਪਲ

ਭੋਗਪੁਰ (ਰਾਜੇਸ਼ ਸੂਰੀ)— ਬੀਤੇ ਸ਼ਨੀਵਾਰ ਸਿਹਤ ਵਿਭਾਗ ਵੱਲੋਂ ਭੋਗਪੁਰ ਵਾਸੀ ਇਕ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਕ ਔਰਤ ਪਾਜ਼ੇਟਿਵ ਮਿਲਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਭੋਗਪੁਰ ਵਾਸੀ ਪੀੜਤਾ ਦੇ ਘਰ ਕੰਮ ਕਰਨ ਵਾਲੀਆਂ ਦੋ ਔਰਤਾਂ ਅਤੇ ਪੀੜਤਾ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਸੈਂਪਲ ਐਤਵਾਰ ਲਏ ਗਏ ਸਨ। ਇਸੇ ਦੇ ਨਾਲ ਸਿਹਤ ਵਿਭਾਗ ਵੱਲੋਂ ਪੀੜਤਾ ਦੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਸੰਪਰਕ 'ਚ ਆਉਣ ਵਾਲੇ 100 ਤੋਂ ਵੱਧ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਸੀ।

PunjabKesari

ਅੱਜ ਸਵੇਰੇ ਸਿਹਤ ਕੇਂਦਰ ਕਾਲਾ ਬੱਕਰਾ ਦੀ ਟੀਮ ਜਿਸ 'ਚ ਜ਼ਿਆਦਾ ਗਿਣਤੀ 'ਚ ਇਸ ਸਿਹਤ ਕੇਂਦਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਸਨ, ਸ਼੍ਰੀ ਰਾਮ ਮੰਦਰ ਜੰਜ ਘਰ ਪੁੱਜੇ ਅਤੇ ਸ਼ੱਕੀ ਲੋਕਾਂ ਨੂੰ ਸੈਂਪਲ ਲੈਣ ਲਈ ਸ਼੍ਰੀ ਰਾਮ ਮੰਦਰ ਜੰਜ ਘਰ 'ਚ ਬੁਲਾਇਆ ਗਿਆ। 100 ਤੋਂ ਵੀ ਵੱਧ ਮਰਦ, ਔਰਤਾਂ ਅਤੇ ਬੱਚੇ ਜੰਜ ਘਰ 'ਚ ਪੁੱਜੇ। ਸਿਹਤ ਵਿਭਾਗ ਜਲੰਧਰ ਵੱਲੋਂ ਸੈਂਪਲ ਲੈਣ ਲਈ ਭੇਜੀ ਗਈ ਟੀਮ ਭੋਗਪੁਰ ਪੁੱਜੀ ਅਤੇ ਲੋਕਾਂ ਦੇ ਸੈਂਪਲ ਲੈਣੇ ਸ਼ੁਰੂ ਕੀਤੇ। ਕਈ ਲੋਕ ਅਪਣੇ ਆਪ ਨੂੰ ਠੀਕ ਦੱਸ ਕੇ ਸੈਂਪਲ ਦੇਣ ਤੋਂ ਇਨਕਾਰ ਕਰਦੇ ਵੀ ਨਜ਼ਰ ਆਏ। ਸੈਂਪਲ ਲੈਣ ਵਾਲੀ ਟੀਮ ਵੱਲੋਂ ਪੀਪੀਈ ਕਿੱਟਾਂ ਪਹਿਣ ਕੇ ਸੈਂਪਲ ਲੈਣ ਦੀ ਸ਼ੁਰੂਆਤ ਕੀਤੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਸੈਂਪਲ ਲੈਣ ਮੌਕੇ ਕਾਲਾ ਬੱਕਰਾ ਹਸਪਤਾਲ ਦੇ ਮੁਲਾਜ਼ਮਾਂ ਨੂੰ ਪੀ. ਪੀ. ਈ. ਕਿੱਟਾਂ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੇ ਕੰਮ ਚਲਾਉਣ ਲਈ ਆਮ ਕਿੱਟਾਂ ਪਹਿਣ ਕੇ ਹੀ ਅਪਣੀ ਡਿਊਟੀ ਦਿੱਤੀ। ਸੈਂਪਲ ਲੈਣ ਮੌਕੇ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡਦੀਆਂ ਸਾਫ ਨਜ਼ਰ ਆ ਰਹੀਆਂ ਸਨ।

ਭੋਗਪੁਰ 'ਚ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਕਿਸੇ ਸੀਨੀਅਰ ਡਾਕਟਰ ਵੱਲੋਂ ਭੋਗਪੁਰ ਸ਼ਹਿਰ ਦੇ ਹਲਾਤਾਂ ਦਾ ਜਾਇਜ਼ਾ ਨਹੀ ਲਿਆ ਗਿਆ। ਅੱਜ ਤਿੰਨ ਦਿਨ ਬੀਤਣ ਬਾਅਦ ਸਿਹਤ ਕੇਂਦਰ ਕਾਲਾ ਬੱਕਰਾ ਦੇ ਐੱਸ. ਐੱਮ. ਓ. ਭੋਗਪੁਰ ਸ਼ਹਿਰ ਪੁੱਜੇ। ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਭੋਗਪੁਰ 'ਚ ਕਿਸੇ ਤਰ੍ਹਾਂ ਦੀ ਸਖਤੀ ਨਹੀਂ ਕੀਤੀ ਗਈ ਹੈ। ਪੀੜਤ ਅਤੇ ਘਰ ਦੇ ਆਸਪਾਸ ਰਹਿਣ ਵਾਲੇ ਲੋਕ ਆਮ ਦਿਨਾਂ ਵਾਂਗ ਅਪਣੀਆਂ ਦੁਕਾਨਾਂ ਅਤੇ ਹੋਰ ਕੰਮਾਂ 'ਤੇ ਨਜ਼ਰ ਆਏ। ਨਾ ਤਾਂ ਪੀੜਤਾ ਦਾ ਮੁਹੱਲਾ ਅਤੇ ਨਾ ਹੀ ਉਕਤ ਘਰ ਦੇ ਵਾਰਡ ਨੂੰ ਸੀਲ ਕੀਤਾ ਗਿਆ ਹੈ। ਹੁਣ ਤੱਕ ਭੋਗਪੁਰ 'ਚ ਸਿਹਤ ਵਿਭਾਗ ਦੇ ਠੇਕਾ ਮੁਲਾਜ਼ਮ ਹੀ ਕੰਮ ਕਰਦੇ ਨਜ਼ਰ ਆਏ ਹਨ। ਐੱਸ. ਐੱਮ. ਓ ਨਾਲ ਗੱਲ ਕਰਨ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਡਾਕਟਰਾਂ ਦੀਆਂ ਡਿਊਟੀਆਂ ਹੋਰ ਜਗ੍ਹਾ ਲਗਾਈਆਂ ਜਾਣ ਕਾਰਨ ਠੇਕਾ ਮੁਲਾਜ਼ਮ ਅਪਣੀਆਂ ਸੇਵਾਵਾਂ ਦੇ ਰਹੇ ਹਨ।


author

shivani attri

Content Editor

Related News