ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ

Wednesday, Apr 29, 2020 - 08:01 PM (IST)

ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ

ਜਲੰਧਰ (ਵਿਕਰਮ, ਖੁਰਾਣਾ,ਰੱਤਾ)— ਕੋਰੋਨਾ ਦੇ ਕਹਿਰ ਦਰਮਿਆਨ ਜਲੰਧਰ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਬੀਤੇ ਦਿਨ ਸਿਵਲ ਹਸਪਤਾਲ 'ਚੋਂ ਇਕ ਕੋਰੋਨਾ ਪੀੜਤ ਨੂੰ ਇਹ ਕਹਿ ਕੇ ਛੁੱਟੀ ਦੇ ਦਿੱਤੀ ਗਈ ਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਅੱਧੀ ਰਾਤ ਨੂੰ ਉਸ ਨੂੰ ਇਹ ਕਹਿ ਕੇ ਫਿਰ ਹਸਪਤਾਲ 'ਚ ਬੁਲਾ ਲਿਆ ਗਿਆ ਕਿ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ 'ਚੋਂ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਉਪਰੰਤ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਸੀ। ਇਨ੍ਹਾਂ 'ਚ ਮਿੱਠਾ ਬਾਜ਼ਾਰ ਵਾਸੀ ਵਿਸ਼ਵ ਸ਼ਰਮਾ ਵੀ ਸ਼ਾਮਲ ਸੀ ਜਦਕਿ ਇਕ ਮਰੀਜ਼ ਜਸਬੀਰ ਸਿੰਘ ਰਾਜਾ ਗਾਰਡਨ ਅਤੇ ਅਲੀ ਬਾਗ ਹੁਸੈਨ ਪਿੰਡ ਤਲਵੰਡੀ ਭੀਲਣ (ਕਰਤਾਰਪੁਰ) ਸ਼ਾਮਲ ਸਨ। ਜਿਵੇਂ ਹੀ ਵਿਸ਼ਵ ਸ਼ਰਮਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬੀਤੇ ਦਿਨ ਦੁਪਹਿਰ ਨੂੰ ਘਰ ਗਿਆ ਤਾਂ ਉਸ ਦਾ ਪਰਿਵਾਰ ਅਤੇ ਦੋਸਤਾਂ ਵੱਲੋਂ ਫੁੱਲਾਂ ਦੇ ਨਾਲ ਸੁਆਗਤ ਕੀਤਾ ਗਿਆ ਪਰ ਦੇਰ ਰਾਤ ਉਸ ਨੂੰ ਸੀਨੀਅਰ ਮੈਡੀਕਲ ਅਫਸਰ ਕਸ਼ਮੀਰੀ ਨਾਲ ਨੇ ਫੋਨ ਕਰਕੇ ਇਹ ਕਹਿ ਕੇ ਦੋਬਾਰਾ ਬੁਲਾ ਲਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਫੋਨ ਤੋਂ ਬਾਅਦ ਪਰਿਵਾਰ 'ਚ ਭਾਜੜਾਂ ਪੈ ਗਈਆਂ ਅਤੇ ਵਿਸ਼ਵ ਸ਼ਰਮਾ ਨੂੰ ਐਂਬੂਲੈਂਸ ਲੈਣ ਲਈ ਦੇਰ ਰਾਤ ਉਸ ਦੇ ਘਰ ਪਹੁੰਚ ਗਈ ਅਤੇ ਉਸ ਨੂੰ ਮੁੜ ਹਸਪਤਾਲ ਲਿਆਂਦਾ ਗਿਆ। ਉਥੇ ਹੀ ਇਹ ਵੀ ਪਤਾ ਲੱਗਾ ਹੈ ਕਿ ਰਾਜਾ ਗਾਰਡਨ ਦੇ ਰਹਿਣ ਵਾਲੇ ਜਸਬੀਰ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ ਅਤੇ ਉਹ ਵੀ ਅਜੇ ਹਸਪਤਾਲ 'ਚ ਹੀ ਹਨ।

ਇਸ ਸਾਰੇ ਮਾਮਲੇ 'ਚ ਡਾ. ਤਰਸੇਮ ਲਾਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਗਲਤੀ ਲੱਗ ਗਈ ਸੀ। ਉਹ ਵਿਸ਼ਵ ਸ਼ਰਮਾ ਦੀ ਪਹਿਲਾਂ ਆਈ ਨੈਗੇਟਿਵ ਰਿਪੋਰਟ ਨੂੰ ਹੀ ਦੇਖ ਰਹੇ ਸਨ ਜਦਕਿ ਮੰਗਲਵਾਰ ਨੂੰ ਉਸ ਦੀ ਦੋਬਾਰਾ ਤੋਂ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।  


author

shivani attri

Content Editor

Related News