ਜਲੰਧਰ ਦੇ ਸਿਵਲ ਹਸਪਤਾਲ ਦਾ ਹਾਲ ਜਾਣੋ ਮਰੀਜ਼ਾਂ ਦੀ ਜ਼ੁਬਾਨੀ
Tuesday, May 05, 2020 - 07:43 PM (IST)
ਜਲੰਧਰ (ਹਰਿੰਦਰ ਸ਼ਾਹ)— ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ 'ਚ ਇਨ੍ਹਾਂ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ ਵੀ ਵੱਧ ਰਹੀ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਬੀਤੇ ਦਿਨ 'ਜਗ ਬਾਣੀ' ਦੀ ਟੀਮ ਨੇ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਦੋਂ ਮਰੀਜ਼ਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਹਸਪਤਾਲ 'ਚ ਹੁੰਦੀਆਂ ਪ੍ਰੇਸ਼ਾਨੀਆਂ ਅਤੇ ਸਹੂਲਤਾਂ ਦੀ ਕਮੀ ਬਾਰੇ ਦੱਸਦਿਆਂ ਝੜੀ ਲਾ ਦਿੱਤੀ। ਜ਼ਿਆਦਾਤਰ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਕਿ ਕੋਈ ਸੀਨੀਅਰ ਡਾਕਟਰ ਉਨ੍ਹਾਂ ਨੂੰ ਚੈੱਕ ਕਰਨ ਨਹੀਂ ਆਉਂਦਾ।
ਪਹਿਲੀ ਮੰਜ਼ਿਲ ਵਿਚ ਦਾਖਲ ਸੁਨੀਲ ਟੰਡਨ ਨੇ ਕਿਹਾ ਕਿ ਉਸ ਨੂੰ ਟਾਈਫਾਈਡ ਸੀ ਪਰ ਦੋਬਾਰਾ ਅਜੇ ਤਕ ਕੋਈ ਜਾਂਚ ਨਹੀਂ ਕੀਤੀ ਗਈ। ਜਦੋਂ ਨਰਸਾਂ ਨੂੰ ਦੱਸਿਆ ਜਾਂਦਾ ਹੈ, ਉਹ ਕਹਿੰਦੀਆਂ ਹਨ ਕਿ ਉਹ ਡਾਕਟਰ ਨੂੰ ਬੁਲਾਉਂਦੀਆਂ ਹਨ ਪਰ ਅਜੇ ਤਕ 7-8 ਦਿਨਾਂ ਤੋਂ ਕੋਈ ਡਾਕਟਰ ਨਹੀਂ ਆਇਆ ਅਤੇ ਨਾ ਹੀ ਇਥੇ ਕੋਈ ਸਾਡੀ ਗੱਲ ਸੁਣਦਾ ਹੈ। ਉਨ੍ਹਾਂ ਦੱਸਿਆ ਕਿ ਖਾਣੇ ਦਾ ਪ੍ਰਬੰਧ ਵੀ ਸਹੀ ਨਹੀਂ ਹੈ। ਸੈਂਡਵਿਚ-ਦੁੱਧ ਸਵੇਰੇ ਮਿਲਦਾ ਹੈ ਅਤੇ ਇਸ ਤੋਂ ਬਾਅਦ ਖਾਣਾ 12-1 ਵਜੇ ਮਿਲਦਾ ਹੈ। ਮਰੀਜ਼ਾਂ ਨੂੰ ਕੋਈ ਫਲ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਡਾਈਟ ਚਾਰਟ ਬਣਾਇਆ ਗਿਆ ਹੈ। ਜਦਕਿ ਖੁਰਾਕ ਚੰਗੀ ਹੋਣੀ ਚਾਹੀਦੀ ਹੈ। ਇੱਥੇ ਕੋਈ ਵੀ ਕਿਸੇ ਨੂੰ ਪੁੱਛਣ ਵਾਲਾ ਨਹੀਂ ਹੈ।
ਨਹੀਂ ਦੱਸੀ ਜਾ ਰਹੀ ਕਿਸੇ ਵੀ ਟੈਸਟ ਦੀ ਰਿਪੋਰਟ
ਡੀ-ਐਡੀਕਸ਼ਨ ਦੀ ਨਵੀਂ ਬਿਲਡਿੰਗ ਦੇ ਵਾਰਡ ਨੰ 1 ਵਿਚ 183 ਨੰਬਰ ਬੈੱਡ 'ਤੇ ਦਾਖਲ ਈਸ਼ਾਨ ਦੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਸੇ ਵੀ ਟੈਸਟ ਦੀ ਰਿਪੋਰਟ ਨਹੀਂ ਦੱਸੀ ਜਾ ਰਹੀ। ਖੂਨ ਦੇ ਸੈਂਪਲ ਜਾਂਚ ਲਈ ਲਏ ਜਾ ਰਹੇ ਹਨ ਪਰ ਇਹ ਨਹੀਂ ਦੱਸ ਰਹੇ ਕਿ ਰਿਪੋਰਟ ਨੈਗੈਟਿਵ ਹੈ ਜਾਂ ਪਾਜ਼ੇਟਿਵ। ਇਸ ਕਾਰਨ ਮਰੀਜ਼ ਨੂੰ ਹਮੇਸ਼ਾ ਆਪਣੀ ਸਿਹਤ ਬਾਰੇ ਚਿੰਤਾ ਲੱਗੀ ਰਹਿੰਦੀ ਹੈ, ਜਿਸ ਨਾਲ ਉਸ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ । ਮਰੀਜ਼ਾਂ ਨੇ ਕਿਹਾ ਕਿ ਟਾਇਲਟਾਂ ਅਤੇ ਬਾਥਰੂਮਾਂ ਦੀ ਹਾਲਤ ਬਹੁਤ ਮਾੜੀ ਹੈ। ਕਿਸੇ ਟਾਇਲਟ ਦਾ ਦਰਵਾਜ਼ਾ ਟੁੱਟਿਆ ਹੈ ਤਾਂ ਕਿਸੇ ਦਰਵਾਜ਼ੇ 'ਚ ਕੁੰਡੀ ਨਹੀਂ ਹੈ, ਜਿਸ ਕਾਰਨ ਮਹਿਲਾ ਮਰੀਜ਼ਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ 'ਜਗ ਬਾਣੀ' ਰਾਹੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ।
21 ਮਰਦ ਮਰੀਜ਼ਾਂ ਲਈ 1 ਬਾਥਰੂਮ, 18 ਮਹਿਲਾ ਮਰੀਜ਼ਾਂ ਲਈ 2 ਬਾਥਰੂਮ
ਮਰੀਜ਼ਾਂ ਨੇ ਦੱਸਿਆ ਕਿ ਡੀ-ਐਡੀਕਸ਼ਨ ਸੈਂਟਰ ਦੀ ਨਵੀਂ ਇਮਾਰਤ ਦੀ ਪਹਿਲੀ ਮੰਜ਼ਿਲ ਦੇ ਆਈਸੋਲੇਸ਼ਨ ਵਾਰਡ ਵਿਚ ਕੁੱਲ 39 ਮਰੀਜ਼ ਹਨ, ਜਿਨ੍ਹਾਂ 'ਚ 21 ਮਰਦ ਹਨ ਅਤੇ ਬਾਕੀ 18 ਮਰੀਜ਼ਾਂ 'ਚ ਔਰਤਾਂ ਅਤੇ ਬੱਚੇ ਸ਼ਾਮਲ ਹਨ । ਇੱਥੇ ਮਰਦਾਂ ਲਈ 2 ਬਾਥਰੂਮ ਹਨ, ਇਕ ਕੰਮ ਨਹੀਂ ਕਰ ਰਿਹਾ। ਉਸ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। 3 ਟਾਇਲਟਾਂ ਹਨ, ਜਿਨ੍ਹਾਂ ਵਿਚੋਂ 2 ਦੇ ਦਰਵਾਜ਼ੇ ਲਈ ਕੁੰਡੀਆਂ ਨਹੀਂ ਹਨ। ਤੀਜੀ ਟਾਇਲਟ ਦਾ ਦਰਵਾਜ਼ਾ ਟੁੱਟਿਆ ਹੋਇਆ ਹੈ। ਇਸ ਲਈ ਉਸ ਵਿਚ ਕੋਈ ਦਾਖਲ ਨਹੀਂ ਹੁੰਦਾ।
ਔਰਤਾਂ ਲਈ ਬਣੇ ਸਾਂਝੇ ਬਾਥਰੂਮ 'ਚੋਂ 2 ਬਾਥਰੂਮ ਕੰਮ ਕਰ ਰਹੇ ਹਨ। ਉਥੇ ਦੋ ਟਾਇਲਟਾਂ ਹਨ, ਜਿਨ੍ਹਾਂ 'ਚੋਂ ਇਕ ਕੰਮ ਨਹੀਂ ਕਰਦੀ, ਉਸ ਦਾ ਪਾਣੀ ਵਾਲਾ ਸਿਸਟਮ ਖਰਾਬ ਹੈ। ਸਾਂਝੇ ਬਾਥਰੂਮ ਅੰਦਰ 3 ਵਾਸ਼ਵੇਸ਼ਨ ਹਨ, ਜੋ ਬਹੁਤ ਗੰਦੇ ਹਨ। ਮਰੀਜ਼ਾਂ ਨੇ ਬਾਥਰੂਮ ਦੀ ਸਫਾਈ ਸਬੰਧੀ ਸ਼ਿਕਾਇਤ ਕੀਤੀ ਹੈ।
ਆਈਸੋਲੇਸ਼ਨ ਵਾਰਡ ਦੀ ਦੂਜੀ ਮੰਜ਼ਿਲ 'ਤੇ ਲਗਭਗ 12 ਮਰੀਜ਼ ਦਾਖਲ ਹਨ, ਜਿਨ੍ਹਾਂ ਦੇ ਆਪਣੇ ਨਿੱਜੀ ਕਮਰੇ ਹਨ। ਆਈਸੋਲੇਸ਼ਨ ਵਾਰਡ ਦੀ ਤੀਜੀ ਮੰਜ਼ਿਲ 'ਤੇ ਕੁੱਲ 18 ਮਰੀਜ਼ ਹਨ, ਜਿੱਥੇ 4 ਔਰਤਾਂ ਅਤੇ 14 ਮਰਦ ਹਨ, ਜਿਨ੍ਹਾਂ ਲਈ ਸਾਂਝੇ ਬਾਥਰੂਮ ਵਿਚ ਸਿਰਫ ਇਕ ਇਸ਼ਨਾਨ ਘਰ ਹੈ, ਜੋ ਇਹ ਸਾਰੇ ਵਰਤਦੇ ਹਨ। ਇਥੇ 2 ਟਾਇਲਟਾਂ ਹਨ, ਜਿਨ੍ਹਾਂ 'ਚੋਂ ਇਕ ਟੁੱਟੀ ਹੋਈ ਹੈ ਅਤੇ ਸਿਰਫ ਇਕ ਟਾਇਲਟ ਕੰਮ ਕਰ ਰਹੀ ਹੈ। ਇਥੇ ਵੀ ਸਫਾਈ ਸਬੰਧੀ ਸਮੱਸਿਆ ਹੈ।
ਮਰੀਜ਼ ਖੁਦ ਸਫਾਈ ਕਰਨ ਲਈ ਤਿਆਰ ਪਰ ਹਾਰਪਿਕ ਤਕ ਨਹੀਂ ਦਿੱਤਾ ਜਾ ਰਿਹੈ
ਵਾਰਡ ਨੰਬਰ 1 ਵਿਚ ਦਾਖਲ ਲਖਬੀਰ ਕੁਮਾਰ ਨੇ ਦੱਸਿਆ ਕਿ ਬਾਥਰੂਮ ਦੀ ਹਾਲਤ ਤਰਸਯੋਗ ਹੈ। ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਹੈ। ਮਰੀਜ਼ਾਂ ਨੇ ਕਿਹਾ ਕਿ ਅਸੀਂ ਖੁਦ ਵਾਸ਼ਵੇਸਣ ਸਾਫ ਕਰਨ ਲਈ ਕਈ ਦਿਨਾਂ ਤੋਂ ਹਾਰਪਿਕ ਮੰਗ ਰਹੇ ਹਾਂ ਪਰ ਨਹੀਂ ਦਿੱਤਾ ਗਿਆ। ਵਾਰਡ 1 'ਚ ਦਾਖਲ ਅਸ਼ੋਕ ਕੁਮਾਰ ਨੇ ਵੀ ਬਾਥਰੂਮ ਦੀ ਸਮੱਸਿਆ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਪਹਿਲੇ ਦਿਨ ਹੀ ਕਹਿ ਦਿੱਤਾ ਗਿਆ ਸੀ ਕਿ ਕੱਪੜੇ ਟੰਗਣ ਲਈ ਇਕ ਹੈਂਗਰ ਬਾਥਰੂਮ 'ਚ ਲਗਾ ਦਿੱਤਾ ਜਾਵੇ ਪਰ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਨਹਾਉਂਦੇ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਮੰਜ਼ਿਲ 'ਤੇ ਵਾਰਡ ਨੰਬਰ 1 'ਚ ਦਾਖਲ ਤਰੁਣ ਨੇ ਵੀ ਕਿਹਾ ਕਿ ਬਾਥਰੂਮ ਦੀ ਸਮੱਸਿਆ ਹੈ।
ਮਰੀਜ਼ਾਂ ਲਈ ਪੀਣ ਦੇ ਗਰਮ ਪਾਣੀ ਦਾ ਕੋਈ ਪ੍ਰਬੰਧ ਨਹੀਂ
ਕੋਰੋਨਾ ਦੇ ਮਰੀਜ਼ਾਂ ਨੂੰ ਡਾਕਟਰਾਂ ਨੇ ਸਿਰਫ ਗਰਮ ਪਾਣੀ ਪੀਣ ਦੀ ਹਦਾਇਤ ਕੀਤੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਥੇ ਮਰੀਜ਼ਾਂ ਲਈ ਗਰਮ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਕੁਝ ਮਰੀਜ਼ ਜੋ ਆਪਣੇ ਨਾਲ ਗਰਮ ਪਾਣੀ ਲੈ ਕੇ ਆਏ ਹਨ, ਉਹੀ ਗਰਮ ਪਾਣੀ ਪੀ ਰਹੇ ਹਨ। ਕਈ ਦਿਨਾਂ ਤੋਂ ਸਿਹਤ ਅਫਸਰ ਕਸ਼ਮੀਰੀ ਲਾਲ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਹਿ ਰਹੇ ਹਨ ਪਰ ਉਹ ਵੀ ਟਾਲ-ਮਟੋਲ ਕਰ ਰਹੇ ਹਨ ।
ਮੂੰਹ ਨਾਲ ਪੈਕੇਟ ਕੱਟ ਕੇ ਮਰੀਜ਼ਾਂ ਨੂੰ ਦਿੱਤਾ ਜਾਂਦਾ ਸੀ ਦੁੱਧ, ਵਿਰੋਧ ਕਰਨ 'ਤੇ ਰੱਖੀ ਸਟੀਲ ਦੀ ਕੇਨ
ਇਕ ਮਰੀਜ਼ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 8.30 ਵਜੇ ਦੁੱਧ ਦਾ ਪੈਕੇਟ ਮੂੰਹ ਨਾਲ ਕੱਟ ਕੇ ਮਰੀਜ਼ ਨੂੰ ਪੀਣ ਲਈ ਦਿੱਤਾ ਗਿਆ। ਜਦੋਂ ਮਰੀਜ਼ ਨੇ ਵਿਰੋਧ ਕੀਤਾ ਤਾਂ ਉਸ ਨੇ ਕਿਹਾ, 'ਤੁਸੀਂ ਕੌਣ ਹੋ, ਸਾਨੂੰ ਆਪਣਾ ਕੰਮ ਕਰਨ ਦਿਓ।' ਇਸ ਤੋਂ ਬਾਅਦ ਜਦੋਂ ਹੋਰ ਮਰੀਜ਼ ਬੁਲਾਏ ਗਏ ਤਾਂ ਉਹ ਵਿਅਕਤੀ ਭੱਜ ਗਿਆ। ਉਸ ਨੇ ਨਾ ਤਾਂ ਕੋਈ ਡਰੈੱਸ ਪਾਈ ਹੋਈ ਸੀ ਅਤੇ ਨਾ ਹੀ ਮਾਸਕ ਪਾਇਆ ਹੋਇਆ ਸੀ।
ਉਸ ਦੇ ਨਾਲ ਜੋ ਵਿਅਕਤੀ ਡਰੈੱਸ ਵਿਚ ਦੁੱਧ ਅਤੇ ਨਾਸ਼ਤਾ ਵੰਡ ਰਿਹਾ ਸੀ, ਦਾ ਨਾਮ ਪੁੱਛਿਆ ਗਿਆ, ਤਾਂ ਉਸਨੇ ਆਪਣਾ ਨਾਮ ਰਿੱਕੀ ਦੱਸਿਆ। ਸ਼ਨੀਵਾਰ ਨੂੰ ਮਰੀਜ਼ਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਨ ਤੋਂ ਬਾਅਦ ਐਤਵਾਰ ਨੂੰ ਇਸ ਦਾ ਅਸਰ ਹੋਇਆ ਅਤੇ ਮਰੀਜ਼ਾਂ ਨੂੰ ਬੁਲਾ ਕੇ ਕੇਨ ਰਾਹੀਂ ਗਲਾਸ ਵਿਚ ਦੁੱਧ ਪਾ ਕੇ ਦਿੱਤਾ ਗਿਆ। ਇਸ ਸਬੰਧੀ ਡਾ. ਕਸ਼ਮੀਰੀ ਲਾਲ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਾਂਚ ਕਰਦੇ ਹਾਂ ਪਰ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ ।
ਪਿਤਾ ਨੂੰ ਸਾਹ ਲੈਣ 'ਚ ਮੁਸ਼ਕਲ ਆ ਰਹੀ ਹੈ ਪਰ ਡਾਕਟਰ ਧਿਆਨ ਨਹੀਂ ਦੇ ਰਹੇ : ਕਾਲੀਆ
ਦਵਿੰਦਰ ਕਾਲੀਆ ਅਤੇ ਉਸ ਦੇ ਪਿਤਾ ਰਾਜਕੁਮਾਰ ਵੀ ਡੀ-ਐਡਿਕਸ਼ਨ ਸੈਂਟਰ ਦੀ ਨਵੀਂ ਇਮਾਰਤ ਵਿਚ ਤੀਜੀ ਮੰਜ਼ਲ 'ਤੇ ਦਾਖਲ ਹਨ। ਸ੍ਰੀ ਕਾਲੀਆ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਛਾਤੀ ਵਿਚ ਸਮੱਸਿਆ ਸੀ। ਉਨ੍ਹਾਂ ਦਾ ਐਕਸ-ਰੇ ਕੀਤਾ ਗਿਆ ਸੀ, ਜਿਸ ਵਿਚ ਕੁਝ ਡਾਟ ਦਿਖੇ ਸਨ। ਚੱਲਣ ਅਤੇ ਪੌੜੀਆਂ ਚੜਦਿਆਂ ਉਨ੍ਹਾਂ ਦਾ ਸਾਹ ਫੁੱਲ ਜਾਂਦਾ ਹੈ। ਉਨ੍ਹਾਂ ਨੇ ਇਸ ਸਬੰਧੀ ਸਿਹਤ ਅਧਿਕਾਰੀ ਕਸ਼ਮੀਰੀ ਲਾਲ ਨੂੰ ਜਾਣੂ ਕਰਵਾਇਆ ਸੀ ਅਤੇ ਚੈਸਟ ਸਪੈਸ਼ਲਿਸਟ ਤੋਂ ਚੈਕ ਕਰਵਾਉਣ ਦੀ ਮੰਗ ਕੀਤੀ ਸੀ। ਕਈ ਦਿਨ ਬੀਤ ਗਏ ਪਰ ਕੋਈ ਵੀ ਚੈਸਟ ਸਪੈਸ਼ਲਿਸਟ ਚੈੱਕ ਕਰਨ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦੀ ਸਮੱਸਿਆ ਵੱਧਦੀ ਜਾ ਰਹੀ ਹੈ।
ਕਈ ਦਿਨਾਂ ਤੋਂ ਪੈਰਾਂ 'ਚ ਸੋਜ ਹੈ ਪਰ ਡਾਕਟਰ ਦਵਾਈ ਨਹੀਂ ਦੇ ਰਹੇ : ਪੂਨਮ ਦੇਵੀ
ਡੀ-ਐਡਿਕਸ਼ਨ ਸੈਂਟਰ ਦੀ ਨਵੀਂ ਇਮਾਰਤ ਦੀ ਪਹਿਲੀ ਮੰਜ਼ਲ 'ਤੇ ਵਾਰਡ ਨੰਬਰ 3 ਵਿਚ ਦਾਖਲ ਹੋਈ 65 ਸਾਲਾ ਪੂਨਮ ਦੇਵੀ ਨੇ ਦੱਸਿਆ ਕਿ ਉਸ ਦੇ ਪੈਰ ਕਈ ਦਿਨਾਂ ਤੋਂ ਸੁੱਜੇ ਹੋਏ ਹਨ, ਜਿਸ ਕਾਰਨ ਉਸ ਨੂੰ ਚੱਲਣ ਵਿਚ ਮੁਸ਼ਕਲ ਆ ਰਹੀ ਹੈ। ਉਸਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਡਾਕਟਰਾਂ ਨੂੰ ਦੱਸਿਆ ਹੈ ਪਰ ਅਜੇ ਤੱਕ ਉਸਨੂੰ ਕੋਈ ਦਵਾਈ ਨਹੀਂ ਦਿੱਤੀ ਗਈ। ਪੂਨਮ ਦੇਵੀ ਦੇ ਪੁੱਤਰ ਵਿਕਾਸ ਮਿਸ਼ਰਾ ਨੇ ਦੱਸਿਆ ਕਿ ਡਾਕਟਰ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਉਸ ਦੀ ਮਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਸ ਨੇ ਆਪਣੀ ਮਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।
ਪਾਣੀ ਦੀਆਂ ਟੈਂਕੀਆਂ ਦੇ ਢੱਕਣ ਗਾਇਬ, ਵਾਟਰ ਕੂਲਰ ਟੈਂਕੀਆਂ ਨਾਲ ਕੀਤੇ ਅਟੈਚ
ਪਾਣੀ ਦੀ ਸਥਿਤੀ ਇਹ ਹੈ ਕਿ ਛੱਤ ਉੱਤੇ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਗਾਇਬ ਹਨ. ਜੇਕਰ ਇਨ੍ਹਾਂ ਟੈਂਕੀਆਂ 'ਚ ਕੋਈ ਜ਼ਹਿਰੀਲੀ ਚੀਜ਼ ਜਾਂ ਕੋਈ ਜਾਨਵਰ ਡਿੱਗਦਾ ਹੈ ਤਾਂ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ। ਸਿਰਫ ਇਹ ਹੀ ਨਹੀਂ, ਦੂਜੀ ਮੰਜ਼ਲ 'ਤੇ ਲਗਾਏ ਗਏ ਵਾਟਰ ਕੂਲਰ ਨੂੰ ਇਸ ਖੁੱਲੀ ਪਈ ਟੈਂਕੀ ਨਾਲ ਅਟੈਚ ਕੀਤਾ ਗਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ।
21 ਅਪ੍ਰੈਲ ਤੋਂ ਦਾਖਲ ਰਾਜਿੰਦਰ ਨੂੰ ਅਜੇ ਤੱਕ ਨਹੀਂ ਦੱਸੀ ਗਈ ਰਿਪੋਰਟ
ਬਸੰਤ ਵਿਹਾਰ ਦਾ ਵਸਨੀਕ ਰਾਜਿੰਦਰ ਪ੍ਰਸਾਦ ਵੀ ਡਾਕਟਰਾਂ ਦੀ ਅਣਗਹਿਲੀ ਕਾਰਨ ਪ੍ਰੇਸ਼ਾਨ ਹੈ। ਉਹ 21 ਅਪ੍ਰੈਲ ਤੋਂ ਇੱਥੇ ਹਸਪਤਾਲ ਵਿਚ ਹੈ ਅਤੇ ਉਸ ਨੂੰ ਅਜੇ ਤਕ ਉਸ ਦੇ ਟੈਸਟ ਦਾ ਨਤੀਜਾ ਨਹੀਂ ਦੱਸਿਆ ਗਿਆ ਹੈ। ਉਸ ਦਾ ਸੈਂਪਲ 29 ਅਪ੍ਰੈਲ ਨੂੰ ਦੋਬਾਰਾ ਲਿਆ ਗਿਆ ਸੀ, ਜਿਸ ਦਾ ਨਤੀਜਾ ਅਜੇ ਤਕ ਉਸ ਨੂੰ ਦਸਿਆ ਨਹੀਂ ਗਿਆ । ਸਿਰਫ ਇਹੀ ਨਹੀਂ ਕਈ ਮਰੀਜ਼ਾਂ ਦੀ ਰਿਪੋਰਟ ਹੀ ਪੈਂਡਿੰਗ ਪਈ ਹੈ। ਕੁਝ ਮਰੀਜ਼ਾਂ ਦੇ 23 ਅਪ੍ਰੈਲ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਦਾ ਅਜੇ ਤੱਕ 'ਅਤਾ-ਪਤਾ' ਹੀ ਨਹੀਂ ਹੈ
ਵਾਰਡ ਨੂੰ ਨਹੀਂ ਕੀਤਾ ਜਾ ਰਿਹੈ ਸੈਨੇਟਾਈਜ਼ : ਸ਼ਾਹਿਦ
ਵਾਰਡ ਨੰਬਰ 1 ਵਿਚ ਦਾਖਲ ਸ਼ਾਹਿਦ ਨੇ ਕਿਹਾ ਕਿ ਸਾਨੂੰ ਹਸਪਤਾਲ 'ਚ ਦਾਖਲ ਹੋਏ ਇਕ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜਦੋਂ ਮੈਂ ਪਹਿਲੇ ਦਿਨ ਹਸਪਤਾਲ ਆਇਆ ਤਾਂ ਉਸ ਦਿਨ ਇਨ੍ਹਾਂ ਨੇ ਵਾਰਡ ਨੂੰ ਸੈਨੇਟਾਈਜ਼ ਕੀਤਾ। ਉਸ ਤੋਂ ਬਾਅਦ ਅਜੇ ਤੱਕ ਮੁੜ ਸੈਨੇਟਾਈਜ਼ ਨਹੀਂ ਕੀਤਾ ਗਿਆ। ਸਟਾਫ ਨੂੰ ਇਸ ਬਾਰੇ ਕਈ ਵਾਰ ਕਿਹਾ ਗਿਆ ਸੀ ਪਰ ਉਨ੍ਹਾਂ ਇਸ ਪਾਸੇ ਧਿਆਨ ਨਹੀਂ ਦਿੱਤਾ।