ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ
Saturday, Apr 25, 2020 - 10:29 AM (IST)
ਜਲੰਧਰ (ਚੋਪੜਾ)— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਸਪੁੱਤਰ ਅਤੇ ਨਾਰਥ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਬਾਵਾ ਹੈਨਰੀ ਦੇ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ ਹੋ ਗਿਆ ਹੈ, ਜਿਸ ਦੇ ਉਪਰੰਤ ਹੈਨਰੀ ਪਰਿਵਾਰ ਹਲਕੇ ਦੀ ਜਨਤਾ ਦੀ ਸੇਵਾ 'ਚ ਉਤਰਨ ਨੂੰ ਫਿਰ ਤੋਂ ਤਿਆਰ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਹੈਨਰੀ ਦੇ ਨਜ਼ਦੀਕੀ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਨਿਕਲਣ ਅਤੇ ਉਨ੍ਹਾਂ ਦੇ ਪਿਤਾ ਪ੍ਰਵੀਨ ਕੁਮਾਰ ਸ਼ਰਮਾ ਦੀ ਇਸ ਕਾਰਨ ਮੌਤ ਕਾਰਨ ਹੈਨਰੀ ਪਰਿਵਾਰ ਨੇ ਖੁਦ ਨੂੰ 14 ਦਿਨ ਲਈ ਸੈਲਫ ਹੋਮ ਕੁਆਰੰਟਾਈਨ ਕਰ ਲਿਆ ਸੀ। ਕੁਆਰੰਟਾਈਨ ਦਾ ਸਮਾਂ ਪੂਰਾ ਹੋਣ ਉਪਰੰਤ ਹੈਨਰੀ ਨੇ ਦੱਸਿਆ ਕਿ ਉਨ੍ਹਾਂ ਦਾ ਕੁਆਰੰਟਾਈਨ ਸਿਰਫ ਜਨਤਾ ਦੇ ਹਿੱਤ 'ਚ ਸੀ ਕਿਉਂਕਿ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਲੋਕ ਵੱਡੇ ਪੱਧਰ ਉਤੇ ਰੋਜ਼ਾਨਾ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਿਲਦੇ ਹਨ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਉਨ੍ਹਾਂ ਨੇ ਅਹਿਤਿਆਤ ਵਜੋਂ ਖੁਦ ਨੂੰ ਕੁਆਰਨਟਾਈਨ ਕਰ ਲਿਆ ਸੀ ਤਾਂ ਕਿ ਕਿਸੇ ਵੀ ਹਾਲਾਤ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵਿਧਾਇਕ ਬਾਵਾ ਹੈਨਰੀ ਦੀ ਕੋਰੋਨਾ ਟੈਸਟ ਰਿਪੋਰਟ ਪਹਿਲਾਂ ਹੀ ਨੈਗਟਿਵ ਆ ਚੁੱਕੀ ਹੈ। ਹੈਨਰੀ ਨੇ ਕਿਹਾ ਕਿ ਹੁਣ ਉਹ ਇਕ ਵਾਰੀ ਫਿਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਫਰੰਟ ਫੁੱਟ 'ਤੇ ਆਉਣਗੇ। ਉਨ੍ਹਾਂ ਕਿਹਾ ਕਿ ਕੁਆਰੰਟਾਈਨ ਸਮੇਂ ਦੌਰਾਨ ਵੀ ਉਹ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ, ਕੌਂਸਲਰਾਂ ਅਤੇ ਇਲਾਕੇ ਦੀ ਜਨਤਾ ਨਾਲ ਸੰਪਰਕ ਵਿਚ ਸਨ ਅਤੇ ਜ਼ਰੂਰਤਮੰਦ ਲੋਕਾਂ ਅਤੇ ਕਮਜ਼ੋਰ ਵਰਗ ਨੂੰ ਸਰਕਾਰ ਵੱਲੋਂ ਭੇਜੇ ਰਾਸ਼ਨ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਿਰਤੋੜ ਯਤਨ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਹਰੇਕ ਦਿੱਕਤ ਦਾ ਨਿਦਾਨ ਉਨ੍ਹਾਂ ਦਾ ਪਰਿਵਾਰ ਕਰਵਾਵੇਗਾ ਪਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਘਰਾਂ 'ਚ ਰਹਿਣ ਅਤੇ ਬੇਵਜ੍ਹਾ ਸੜਕਾਂ 'ਤੇ ਨਾ ਘੁੰਮਣ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸਾਡੇ ਹਿੱਤਾਂ ਵਿਚ ਕੰਮ ਕਰ ਰਿਹਾ ਹੈ, ਇਸ ਕਾਰਨ ਉਨ੍ਹਾਂ ਦਾ ਪੂਰਾ ਸਹਿਯੋਗ ਦੇਣਾ ਵੀ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ।