ਸਵੈ-ਘੋਸ਼ਣਾ ਪੱਤਰ ਦੇਣ ਵਾਲੇ ਘੱਟ ਜਾਂ ਬਿਨਾਂ ਲੱਛਣ ਵਾਲੇ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਦੀ ਮਨਜ਼ੂਰੀ : ਡੀ. ਸੀ.

Thursday, Aug 27, 2020 - 03:03 PM (IST)

ਸਵੈ-ਘੋਸ਼ਣਾ ਪੱਤਰ ਦੇਣ ਵਾਲੇ ਘੱਟ ਜਾਂ ਬਿਨਾਂ ਲੱਛਣ ਵਾਲੇ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਦੀ ਮਨਜ਼ੂਰੀ : ਡੀ. ਸੀ.

ਜਲੰਧਰ (ਚੋਪੜਾ)— ਪੰਜਾਬ ਸਰਕਾਰ ਨੇ ਹੋਮ ਕੁਆਰੰਟਾਈਨ ਦੇ ਅਧੀਨ ਰਹਿ ਰਹੇ ਬਿਨਾਂ ਲੱਛਣ ਜਾਂ ਘੱਟ ਲੱਛਣ ਵਾਲੇ ਮਰੀਜ਼ਾਂ, 60 ਸਾਲ ਦੀ ਉਮਰ ਅਤੇ ਗੰਭੀਰ ਰੋਗਾਂ ਵਾਲੇ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਦੀ ਮੈਡੀਕਲ ਫਿੱਟਨੈੱਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਅਜਿਹੇ ਮਰੀਜ਼ਾਂ ਨੂੰ ਕੁਝ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਮ ਕੁਆਰੰਟਾਈਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹੇ ਸਾਰੇ ਮਰੀਜ਼ ਟੈਸਟ ਲਈ ਸੈਂਪਲ ਦੇਣ ਦੇ ਸਮੇਂ ਘਰ 'ਚ ਹੀ ਇਕਾਂਤਵਾਸ ਰਹਿਣ ਸਬੰਧੀ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ ਅਤੇ ਜੇਕਰ ਉਹ ਬਾਅਦ 'ਚ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਹ ਘਰ 'ਚ ਹੀ ਕੁਆਰੰਟਾਈਨ ਰਹਿਣ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਹੋਮ ਕੁਆਰੰਟਾਈਨ ਸਬੰਧੀ ਇਹ ਦਿਸ਼ਾ-ਨਿਰਦੇਸ਼ ਸਿਰਫ ਬਿਨਾਂ ਲੱਛਣ ਵਾਲੇ ਅਤੇ ਹਲਕੇ ਲੱਛਣ ਵਾਲੇ ਕੋਵਿਡ-19 ਟੈਸਟ ਪਾਜ਼ੇਟਿਵ ਮਰੀਜ਼ਾਂ 'ਤੇ ਹੀ ਲਾਗੂ ਹੋਣਗੇ। ਘਨਸ਼ਾਮ ਥੋਰੀ ਨੇ ਦੱਸਿਆ ਕਿ ਪਰ ਇਹ ਜ਼ਰੂਰੀ ਹੈ ਕਿ ਅਜਿਹੇ ਸਾਰੇ ਮਰੀਜ਼ ਪਹਿਲਾਂ ਇਕ ਕਿੱਟ ਖਰੀਦਣਗੇ, ਜਿਸ 'ਚ ਥਰਮਾਮੀਟਰ ਪਲਸ, ਓਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਸ਼ਾਮਲ ਹੋਣਗੀਆਂ ਅਤੇ ਕਿਸੇ ਵੀ ਲੱਛਣ ਨੂੰ ਲੈ ਕੇ ਬਕਾਇਦਾ ਖੁਦ ਦੀ ਨਿਗਰਾਨੀ ਕਰਨਗੇ।

ਇਹ ਵੀ ਪੜ੍ਹੋ​​​​​​​: ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ

ਜੇਕਰ ਹੋਮ ਕੁਆਰੰਟਾਈਨ ਹੋਏ ਮਰੀਜ਼ ਨੂੰ ਕੋਈ ਲੱਛਣ ਦਿਖਾਈ ਦਿੰਦਾ ਹੈ ਜਾਂ ਸਿਹਤ ਵਿਗੜ ਜਾਣ ਦੀ ਹਾਲਤ ਵਿਚ ਉਹ ਤੁਰੰਤ ਸਿਹਤ ਵਿਭਾਗ ਨੂੰ ਰਿਪੋਰਟ ਕਰੇਗਾ। ਉਨ੍ਹਾਂ ਦੱਸਿਆ ਕਿ ਘਰਾਂ 'ਚ ਕੁਆਰੰਟਾਈਨ ਕੀਤੇ ਮਰੀਜ਼ਾਂ ਦਾ ਫਾਲੋਅਪ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਮਰੀਜ਼ ਟਰੈਕਿੰਗ ਟੀਮ ਵੱਲੋਂ ਕੀਤਾ ਜਾਵੇਗਾ। ਇਹ ਟੀਮਾਂ ਘਰਾਂ ਵਿਚ ਇਕਾਂਤਵਾਸ ਹੋਣ ਵਾਲੇ ਮਰੀਜ਼ਾਂ ਦਾ ਫੋਨ ਰਾਹੀਂ ਫਾਲੋਅਪ ਕਰਨ ਤੋਂ ਇਲਾਵਾ ਘੱਟ ਤੋਂ ਘੱਟ 3 ਦੌਰੇ ਕਰਨਾ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪ੍ਰੋਟੋਕੋਲ ਅਨੁਸਾਰ ਜੇਕਰ ਮਰੀਜ਼ ਵਲੋਂ ਸਵੈ-ਘੋਸ਼ਣਾ ਪੱਤਰ ਵਿਚ ਦਿੱਤੀ ਗਈ ਜਾਣਕਾਰੀ ਗਲਤ ਪਾਈ ਜਾਂਦੀ ਹੈ ਤਾਂ ਅਜਿਹੇ ਮਰੀਜ਼ਾਂ ਨੂੰ ਕੁਆਰੰਟਾਈਨ ਸੈਂਟਰਾਂ 'ਚ ਸ਼ਿਫਟ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ​​​​​​​: ​​​​​​​ਅੰਮ੍ਰਿਤਧਾਰੀ ਮਾਂ-ਪੁੱਤ ਨੂੰ ਰਸਤੇ 'ਚ ਘੇਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਿਹਤ ਦੇਖਭਾਲ ਕੇਂਦਰਾਂ ਨੂੰ ਉਕਤ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਬਿਨਾਂ ਲੱਛਣ ਜਾਂ ਘੱਟ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ 'ਚ ਰੱਖਣ ਲਈ ਨਿੱਜੀ ਮੈਡੀਕਲ ਮਾਹਿਰ ਅਤੇ ਹਸਪਤਾਲ ਵਲੋਂ ਸਰਟੀਫਾਈਡ ਹੋਣਾ ਜ਼ਰੂਰੀ ਹੈ ਅਤੇ ਜੇਕਰ ਮਰੀਜ਼ ਘਰ ਵਿਚ ਰਹਿਣ ਲਈ ਫਿੱਟ ਹਨ ਤਾਂ ਸਬੰਧਤ ਮਾਹਿਰ ਅਤੇ ਹਸਪਤਾਲ ਸਮੇਂ 'ਤੇ ਇਲਾਜ ਲਈ ਉਸ ਮਰੀਜ਼ ਦੀ ਸਥਿਤੀ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਘੱਟ ਅਤੇ ਹਲਕੇ ਲੱਛਣ ਵਾਲੀਆਂ ਪਾਜ਼ੇਟਿਵ ਗਰਭਵਤੀ ਔਰਤਾਂ ਜੋ ਘੱਟ ਜੋਖਮ ਵਾਲੀ ਗਰਭ ਅਵਸਥਾ ਵਿਚ ਹਨ ਅਤੇ ਜਿਨ੍ਹਾਂ ਦੀ ਅਗਲੇ 3 ਹਫਤਿਆਂ 'ਚ ਡਲਿਵਰੀ ਹੋਣ ਦੀ ਸੰਭਾਵਨਾ ਨਹੀਂ ਹੈ, ਜਿਹੜੀਆਂ ਔਰਤਾਂ ਨੂੰ ਕਿਸੇ ਗਾਇਨਾਕੋਲੋਜਿਸਟ ਵਲੋਂ ਸਰਟੀਫਾਈਡ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਮ ਕੁਆਰੰਟਾਈਨ ਕੀਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਤੁਰੰਤ 104 ਜਾਂ ਜ਼ਿਲ੍ਹਾ ਹੈਲਪਲਾਈਨ ਨੰਬਰ 'ਤੇ ਫੋਨ ਕਰ ਸਕਦੇ ਹਨ।


author

shivani attri

Content Editor

Related News