ਜਲੰਧਰ 'ਚ ਮੁੜ 'ਕੋਰੋਨਾ' ਦਾ ਧਮਾਕਾ, 6 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
Monday, May 25, 2020 - 02:45 PM (IST)
ਜਲੰਧਰ (ਰੱਤਾ, ਵੈੱਬ ਡੈਸਕ)—ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ ਹੋ ਗਿਆ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ 'ਚ 6 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 228 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਪਾਜ਼ੇਟਿਵ ਪਾਏ ਗਏ ਕੇਸਾਂ 'ਚੋਂ 5 ਕੇਸ ਪਿਛਲੇ ਦਿਨੀਂ ਜਲੰਧਰ 'ਚ ਮਿਲੇ ਕੋਰੋਨਾ ਦੇ ਮਰੀਜ਼ ਵਰੁਣ ਵਾਸੀ ਦਾਦਾ ਕਾਲੋਨੀ ਦੇ ਸੰਪਰਕ ਵਾਲੇ ਹਨ ਜਦਕਿ ਇਕ ਮਰੀਜ਼ ਗੁਰੂ ਅਮਰਦਾਸ ਨਗਰ 'ਚੋਂ ਸਾਹਮਣੇ ਆਇਆ ਹੈ, ਜਿਸ ਨੂੰ ਸਾਹ ਸਬੰਧੀ ਸਮੱਸਿਆ ਹੋਣ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਹੁਣ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 228 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 7 ਮਰੀਜ਼ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਜਲੰਧਰ 'ਚ 200 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਜਾ ਚੁੱਕੇ ਘਰਾਂ ਨੂੰ
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾਕਟਰ ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਹੁਣ ਤੱਕ 6567 ਸ਼ੱਕੀ ਰੋਗੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਸਨ ਅਤੇ ਇਨ੍ਹਾਂ 'ਚੋਂ 5885 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ 228 ਮਰੀਜ਼ਾਂ 'ਚੋਂ 200 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ 7 ਰੋਗੀਆਂ ਦੀ ਮੌਤ ਹੋ ਚੁੱਕੀ ਹੈ। ਵੱਖ-ਵੱਖ ਹਸਪਤਾਲਾਂ ਵਿਚ ਐਤਵਾਰ ਰਾਤ ਤੱਕ ਸਿਰਫ 15 ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਲਾਜਪਤ ਨਗਰ ਦੇ ਜਿਸ ਨਾਗਰਿਕ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਵਿਭਾਗ ਨੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਸਮੇਤ ਕੁਲ 51 ਜਾਂ ਲੋਕਾਂ ਦੇ ਐਤਵਾਰ ਨੂੰ ਸੈਂਪਲ ਲਏ ਸਨ।
ਇਹ ਵੀ ਪੜ੍ਹੋ: ਕਪੂਰਥਲਾ 'ਚੋਂ ਮਿਲਿਆ 'ਕੋਰੋਨਾ' ਦਾ ਇਕ ਹੋਰ ਪਾਜ਼ੇਟਿਵ ਕੇਸ