ਜਲੰਧਰ 'ਚੋਂ ਕੋਰੋਨਾ ਦੇ 3 ਨਵੇਂ ਪਾਜ਼ੇਟਿਵ ਕੇਸ ਮਿਲੇ, ਅੰਕੜਾ 211 ਤੱਕ ਪੁੱਜਾ
Saturday, May 16, 2020 - 05:08 PM (IST)
ਜਲੰਧਰ (ਰੱਤਾ, ਵੈੱਬ ਡੈਸਕ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਨੇ ਹੁਣ ਦਸਤਕ ਸ਼ਹਿਰ ਦੀ ਪਾਸ਼ ਕਾਲੋਨੀ 'ਚ ਦੇ ਦਿੱਤੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਸ਼ਹਿਰ 'ਚੋਂ ਤਿੰਨ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 211 ਤੱਕ ਪਹੁੰਚ ਗਿਆ ਹੈ।
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ਨੀਵਾਰ ਨੂੰ ਜਿਨ੍ਹਾਂ 3 ਕੋਰੋਨਾ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ, ਉਨ੍ਹਾਂ 'ਚ ਰੇਲਵੇ ਰੋਡ ਭੋਗਪੁਰ ਦੀ 52 ਸਾਲਾ ਔਰਤ, ਈਸ਼ਵਰ ਕਾਲੋਨੀ ਕਾਲਾ ਸੰਘਿਆ ਰੋਡ ਦਾ 45 ਸਾਲਾ ਨੌਜਵਾਨ ਅਤੇ 24 ਸਾਲਾ ਨੌਜਵਾਨ ਗ੍ਰੇਟਰ ਕੈਲਾਸ਼ ਕਾਲੋਨੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਨਵੀਂ ਗਾਈਡਲਾਈਨ ਅਨੁਸਾਰ ਸ਼ਨੀਵਾਰ ਨੂੰ ਸਿਵਲ ਹਸਪਤਾਲ ਤੋਂ 23 ਹੋਰ ਅਜਿਹੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਹੁਣ ਤੱਕ 139 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ 6 ਦੀ ਮੌਤ ਹੋ ਚੁੱਕੀ ਹੈ।
ਕੁਲ ਸੈਂਪਲ == 5670
ਨੈਗੇਟਿਵ ਆਏ= 5013
ਪਾਜ਼ੇਟਿਵ ਆਏ= 211
ਹੁਣ ਤੱਕ ਡਿਸਚਾਰਜ ਹੋਏ= 139
ਮੌਤਾਂ ਹੋਈਆਂ =6
ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ = 66
ਬੈਂਕ ਅਤੇ ਨਿੱਜੀ ਹਸਪਤਾਲਾਂ ਵਿਚ ਮਿਲ ਰਹੇ ਕੋਰੋਨਾ ਪਾਜ਼ੇਟਿਵ
ਸਿਹਤ ਵਿਭਾਗ ਨੂੰ ਪਿਛਲੇ ਕੁਝ ਦਿਨਾਂ ਤੋਂ ਜੋ ਪਾਜ਼ੇਟਿਵ ਕੇਸ ਮਿਲੇ ਸਨ, ਉਨ੍ਹਾਂ ਵਿਚ ਕੁਝ ਕੇਸ ਸਥਾਨਕ ਕੂਲ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਸਨ, ਜਦ ਕਿ ਸ਼ਨੀਵਾਰ ਨੂੰ ਜੋ 3 ਨਵੇਂ ਕੇਸ ਮਿਲੇ ਹਨ, ਉਨ੍ਹਾਂ ਵਿਚੋਂ ਇਕ ਇਸੇ ਹਸਪਤਾਲ ਵਿਚੋਂ ਮਿਲੀ ਪਾਜ਼ੇਟਿਵ ਔਰਤ ਮਰੀਜ਼ ਦਾ ਬੇਟਾ ਹੈ। ਜਦਕਿ ਦੂਜਾ ਪਾਜ਼ੇਟਿਵ ਕੇਸ ਪਠਾਨਕੋਟ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੱਸੀ ਜਾ ਰਹੀ ਹੈ । ਤੀਜਾ ਪਾਜ਼ੇਟਿਵ ਆਇਆ ਕੇਸ ਬਸਤੀ ਸ਼ੇਖ ਰੋਡ 'ਤੇ ਸਥਿਤ ਇਕ ਬੈਂਕ ਦਾ ਅਧਿਕਾਰੀ ਹੈ ।
ਸਿਹਤ ਵਿਭਾਗ ਲਈ ਮੁਸ਼ਕਲ ਹੋ ਸਕਦੈ ਨਵੇਂ ਪਾਜ਼ੇਟਿਵ ਮਾਮਲਿਆਂ ਦੇ ਸੰਪਰਕਾਂ ਨੂੰ ਲੱਭਣਾ
ਹੁਣ ਜੋ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਮਿਲੇ ਹਨ, ਉਨ੍ਹਾਂ ਦੇ ਸੰਪਰਕ ਵਾਲੇ ਲੋਕਾਂ ਨੂੰ ਲੱਭਣਾ ਸਿਹਤ ਵਿਭਾਗ ਲਈ ਮੁਸ਼ਕਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੋ ਬੈਂਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਉਸ ਤੋਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋਵੇਗਾ ਕਿ ਉਸਨੂੰ ਇਹ ਵਾਇਰਸ ਕਿੱਥੋਂ ਹੋਇਆ ਕਿਉਂਕਿ ਉਹ ਡਿਊਟੀ ਦੌਰਾਨ ਕਈ ਗਾਹਕਾਂ ਨੂੰ ਮਿਲਿਆ ਹੋਵੇਗਾ । ਉਹ ਆਪਣੇ ਸਾਥੀਆਂ ਨਾਲ ਸੰਪਰਕ ਵਿਚ ਵੀ ਰਿਹਾ ਹੋਵੇਗਾ । ਇਸ ਲਈ ਇਹ ਲੱਭਣਾ ਬੜਾ ਮੁਸ਼ਕਲ ਹੋਵੇਗਾ ਕਿ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਕਿਵੇਂ ਆਇਆ ।
ਉਧਰ ਭੋਗਪੁਰ ਦੀ ਜੋ ਔਰਤ ਪਠਾਨਕੋਟ ਰੋਡ ਦੇ ਇਕ ਹਸਪਤਾਲ 'ਚ ਪੱਥਰੀ ਦਾ ਆਪਰੇਸ਼ਨ ਕਰਵਾਉਣ ਲਈ ਆਈ ਸੀ, ਡਾਕਟਰਾਂ ਨੇ ਉਸ ਦਾ ਇਹਤਿਆਤ ਦੇ ਤੌਰ 'ਤੇ ਕੋਰੋਨਾ ਟੈਸਟ ਕਰਵਾਇਆ ਸੀ। ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਕਤ ਔਰਤ ਪਿਛਲੇ 1 ਮਹੀਨੇ ਤੋਂ ਆਪਣੇ ਘਰ ਵਿਚੋਂ ਨਹੀਂ ਨਿਕਲੀ। ਅਜਿਹੀ ਸਥਿਤੀ 'ਚ ਸਵਾਲ ਇਹ ਵੀ ਉੱਠਦਾ ਹੈ ਕਿ ਆਖਿਰ ਉਕਤ ਔਰਤ ਨੂੰ ਵਾਇਰਸ ਕਿੱਥੋਂ ਮਿਲਿਆ ?