ਜਲੰਧਰ 'ਚ 'ਕੋਰੋਨਾ' ਦਾ ਤਾਂਡਵ, ਇਕੋ ਪਰਿਵਾਰ ਦੇ 7 ਮੈਂਬਰਾਂ ਸਣੇ 10 ਨਵੇਂ ਕੇਸ ਮਿਲੇ (ਵੀਡੀਓ)

6/2/2020 11:37:38 AM

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਆਲਮ ਇਹ ਹੈ ਕਿ ਰੋਜ਼ਾਨਾ ਇਥੋਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਉਸ ਸਮੇਂ ਜਲੰਧਰ 'ਚ ਕੋਰੋਨਾ ਦਾ ਧਮਾਕਾ ਹੋ ਗਿਆ ਜਦੋਂ ਦਿਨ ਚੜ੍ਹਦੇ ਹੀ ਇਕੱਠੇ 10 ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ। ਇਨ੍ਹਾਂ 10 ਕੇਸਾਂ 'ਚ ਇਕੋ ਪਰਿਵਾਰ ਦੇ 7 ਮੈਂਬਰ ਸ਼ਾਮਲ ਹਨ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ 'ਚ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਹ ਸਾਰੇ ਮੈਂਬਰ ਬੀਤੇ ਦਿਨੀਂ ਡਿਫੈਂਸ ਕਾਲੋਨੀ ਦੇ ਪਾਜ਼ੇਟਿਵ ਪਾਏ ਗਏ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਪਰਿਵਾਰ ਦਾ ਨਕੋਦਰ ਰੋਡ 'ਤੇ ਇਕ ਸੈਨੇਟੇਸ਼ਨ ਨਾਂ ਦਾ ਸ਼ੋਅਰੂਮ ਹੈ ਅਤੇ ਬਾਕੀ ਦੇ 3 ਪਾਜ਼ੇਟਿਵ ਪਾਏ ਗਏ ਸ਼ੋਅਰੂਮ 'ਚ ਕੰਮ ਕਰਨ ਵਾਲੇ ਕਾਮੇ ਹਨ। ਇਸ ਦੀ ਇਲਾਵਾ ਵੀ ਦੋ ਕੇਸ ਸ਼ਾਮ ਨੂੰ ਪਾਜ਼ੇਟਿਵ ਪਾਏ ਗਏ ਸਨ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਉਕਤ ਸੈਨੀਟੇਸ਼ਨ ਸ਼ੋਅਰੂਮ ਦੇ ਮਾਲਕ ਸਥਾਨਕ ਡਿਫੈਂਸ ਕਾਲੋਨੀ 'ਚ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਇਕ ਦੀ ਰਿਪੋਰਟ ਐਤਵਾਰ ਨੂੰ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 14 ਲੋਕਾਂ ਨੇ ਸੋਮਵਾਰ ਨੂੰ ਆਪਣੇ ਸੈਂਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਦਿੱਤੇ ਸਨ ਅਤੇ ਇਨ੍ਹਾਂ 'ਚੋਂ 10 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚੋਂ 2 ਮਰੀਜ਼ ਹਿਮਾਚਲ ਦੇ ਰਹਿਣ ਵਾਲੇ ਹਨ ਜੋ ਕਿ ਉਕਤ ਸ਼ੋਅਰੂਮ 'ਚ ਕੰਮ ਕਰਦੇ ਹਨ। ਡਾ. ਸਿੰਘ ਨੇ ਦੱਸਿਆ ਕਿ ਬਾਕੀ ਜਿਨ੍ਹਾਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਇਕ ਨਾਹਲਾ ਪਿੰਡ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਕੁਵੈਤ ਤੋਂ ਪਰਤਿਆ ਸੀ ਅਤੇ ਦੂਜੀ 21 ਸਾਲਾ ਲੜਕੀ ਭਾਰਗੋ ਕੈਂਪ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਬੁੱਧਵਾਰ ਨੂੰ ਸੈਂਪਲ ਲਵੇਗਾ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਅੱਜ ਦੇ ਮਿਲੇ 10 ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਹੁਣ ਕੁੱਲ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 265 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 8 ਮਰੀਜ਼ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਅਤੇ 209 ਦੇ ਕਰੀਬ ਲੋਕ ਪੂਰੀ ਤਰ੍ਹਾਂ ਮਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਖੁਦ ਆਉਣਾ ਪਵੇਗਾ ਸਾਹਮਣੇ : ਡਾ. ਮਹਾਜਨ
ਕੋਰੋਨਾ ਵਾਇਰਸ ਭਾਵੇਂ ਅਜੇ ਖਤਮ ਨਹੀਂ ਹੋਇਆ ਪਰ ਵਧੇਰੇ ਲੋਕ ਇਸ ਸਬੰਧੀ ਲਾਪ੍ਰਵਾਹ ਜ਼ਰੂਰ ਹੋ ਗਏ ਹਨ। ਇਹੀ ਕਾਰਣ ਹੈ ਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਜਿਥੇ ਹਰ ਆਦਮੀ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਉਥੇ ਹੀ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਖੁਦ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਇਹ ਗੱਲ ਟੈਗੋਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਜੇ ਮਹਾਜਨ ਨੇ ਕਹੀ।

ਮੰਗਲਵਾਰ ਨੂੰ ਪਾਜ਼ੇਟਿਵ ਆਏ ਮਰੀਜ਼
1. ਪ੍ਰੇਮ ਲਤਾ (73) ਡਿਫੈਂਸ ਕਾਲੋਨੀ
2. ਵਿਸ਼ਾਲ (45) ਡਿਫੈਂਸ ਕਾਲੋਨੀ
3. ਸੋਨੂੰ (43) ਡਿਫੈਂਸ ਕਾਲੋਨੀ
4. ਰੇਖਾ (48) ਡਿਫੈਂਸ ਕਾਲੋਨੀ
5. ਪ੍ਰਾਚੀ (27) ਡਿਫੈਂਸ ਕਾਲੋਨੀ
6. ਰਾਘਵ (24) ਡਿਫੈਂਸ ਕਾਲੋਨੀ
7. ਪਰਿਣਯ (20) ਡਿਫੈਂਸ ਕਾਲੋਨੀ
8. ਰੋਹਿਤ (24) ਭਾਰਗੋ ਕੈਂਪ
9. ਅਰੁਣ ਦੇਵ (39) ਹਿਮਾਚਲ ਪ੍ਰਦੇਸ਼
10. ਨੇਗੀ ਠਾਕੁਰ (35) ਹਿਮਾਚਲ ਪ੍ਰਦੇਸ਼
11. ਨਰਿੰਦਰ ਕਮਾਰ (27) ਪਿੰਡ ਨਾਹਲਾ
12. ਮੌਸਮ ਕੁਮਾਰੀ (21) ਭਾਰਗੋ ਕੈਂਪ

ਕੁਲ ਸੈਂਪਲ -8494
ਨੈਗੇਟਿਵ ਆਏ -7558
ਪਾਜ਼ੇਟਿਵ ਆਏ 265
ਡਿਸਚਾਰਜ ਹੋਏ ਮਰੀਜ਼-210
ਮੌਤਾਂ ਹੋਈਆਂ-8
ਇਲਾਜ ਅਧੀਨ-47

ਜ਼ਿਲ੍ਹੇ ਦੇ 47 ਕੋਰੋਨਾ ਪਾਜੇਟਿਵ ਕੇਸਾਂ 'ਚੋਂ 19 ਹਾਈ ਪ੍ਰੋਫਾਈਲ ਲੋਕ ਆਈ. ਐੱਮ. ਏ. ਦੇ ਹਸਪਤਾਲ 'ਚ ਦਾਖਲ ਜ਼ਿਲ੍ਹੇ 'ਚ ਇਸ ਸਮੇਂ ਕੋਰੋਨਾ ਦੇ 47 ਪਾਜ਼ੇਟਿਵ ਕੇਸਾਂ 'ਚੋਂ ਵਧੇਰੇ ਲੋਕ ਹਾਈ ਪ੍ਰੋਫਾਈਲ ਸੋਸਾਇਟੀ ਦੇ ਹਨ ਜੋ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਪੰਜਾਬ ਵਲੋਂ ਸ਼ਾਹਕੋਟ ਨੇੜੇ ਇਕ ਪਿੰਡ 'ਚ ਕੋਰੋਨਾ ਵਾਇਰਸ ਮਰੀਜ਼ਾਂ ਲਈ ਬਣਾਏ ਵਿਸ਼ੇਸ਼ ਹਸਪਤਾਲ 'ਚ ਇਲਾਜ ਅਧੀਨ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਤੱਕ ਜ਼ਿਲੇ ਦੇ 27 ਪਾਜ਼ੇਟਿਵ ਮਰੀਜ਼ ਸਿਵਲ ਹਸਪਤਾਲ ਜਲੰਧਰ 'ਚ, 19 ਹਾਈ ਪ੍ਰੋਫਾਈਲ ਮਰੀਜ਼ ਸ਼ਾਹਕੋਟ ਨੇੜੇ ਬਣੇ ਆਈ. ਐੱਮ. ਏ. ਹਸਪਤਾਲ ਵਿਚ ਅਤੇ ਇਕ ਮਰੀਜ਼ ਲੁਧਿਆਣਾ ਵਿਚ ਇਲਾਜ ਅਧੀਨ ਹੈ।

ਇਹ ਵੀ ਪੜ੍ਹੋ: ਦੋਸਤਾਂ ਨਾਲ ਨਹਾਉਣ ਗਿਆ ਡੈਮ 'ਚ ਡੁੱਬਿਆ ਮਾਪਿਆਂ ਦਾ ਇਕਲੌਤਾ ਪੁੱਤਰ


shivani attri

Content Editor shivani attri