ਕੋਰੋਨਾ ਪੀੜਤ ਦੇ ਸਸਕਾਰ ਮੌਕੇ ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ, ਪਈਆਂ ਭਾਜੜਾਂ

Wednesday, Jul 22, 2020 - 07:04 PM (IST)

ਕੋਰੋਨਾ ਪੀੜਤ ਦੇ ਸਸਕਾਰ ਮੌਕੇ ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਲਾਪਰਵਾਹੀ, ਪਈਆਂ ਭਾਜੜਾਂ

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਇਕ ਵਿਅਕਤੀ ਦੀ ਕੋਰੋਨਾ ਕਾਰਨ ਬੀਤੀ ਰਾਤ ਹੋਈ ਮੌਤ ਉਪਰੰਤ ਸਿਹਤ ਮਹਿਕਮੇ ਦੇ ਅਮਲੇ ਦੀ ਨਿਗਰਾਨੀ ਹੇਠ ਉਸ ਦਾ ਅੰਤਿਮ ਸੰਸਕਾਰ ਅੱਜ ਇਥੇ ਕਰ ਦਿੱਤਾ ਗਿਆ। ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ ਕਾਰਨ ਸੀਮਤ ਵਿਅਕਤੀਆਂ ਨੂੰ ਹੀ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਦਿੱਤਾ ਗਿਆ। ਮ੍ਰਿਤਕ ਨੂੰ ਅਗਨ ਭੇਂਟ ਉਸ ਦੇ ਪੁੱਤਰ ਪਾਹੁਲ ਸੇਖੜੀ ਵੱਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਮ੍ਰਿਤਕ ਦੀ ਬੇਟੀ ਵੀ ਕੋਰੋਨਾ ਵਾਇਰਸ ਤੋਂ ਗ੍ਰਸਤ ਹੋਣ ਕਾਰਨ ਜ਼ੇਰੇ ਇਲਾਜ ਹੈ।

ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਪੀ. ਪੀ. ਈ. ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕਰਵਾਇਆ ਅਤੇ ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਪੀ. ਪੀ. ਈ. ਕਿੱਟਾਂ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ। ਦੱਸਣਯੋਗ ਹੈ ਕਿ ਪਵਨ ਸੇਖੜੀ ਦਾ ਇਲਾਜ ਫੋਰਟਿਸ ਹਸਪਤਾਲ ਮੋਹਾਲੀ 'ਚ ਚੱਲ ਰਿਹਾ ਸੀ, ਜਿਸ ਦੀ ਕਿ ਉੱਥੇ ਜ਼ੇਰੇ ਇਲਾਜ ਬੀਤੀ ਰਾਤ ਮੌਤ ਹੋ ਗਈ ਸੀ।

PunjabKesari

ਸਾਹਮਣੇ ਆਈ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਨਾਲਾਇਕੀ
ਮੋਹਾਲੀ ਤੋਂ ਪਵਨ ਸੇਖੜੀ ਦੀ ਮ੍ਰਿਤਕ ਦੇਹ ਲੈ ਕੇ ਆਉਣ ਵਾਲੀ ਐਂਬੂਲੈਂਸ ਦੇ ਡਰਾਈਵਰ ਦੀ ਵੱਡੀ ਨਲਾਇਕੀ ਸ਼ਮਸ਼ਾਨ ਭੂਮੀ 'ਚ ਵੇਖਣ ਨੂੰ ਮਿਲੀ। ਮ੍ਰਿਤਕ ਦੇਹ ਨੂੰ ਐਂਬੂਲੈਂਸ 'ਚੋਂ ਬਾਹਰ ਕੱਢਣ ਉਪਰੰਤ ਜਦ ਡਰਾਈਵਰ ਵਾਪਸ ਜਾਣ ਲੱਗਾ ਤਾਂ ਉਸ ਨੇ ਵਾਪਸ ਜਾਣ ਤੋਂ ਪਹਿਲਾਂ ਖੁਦ ਨੂੰ ਸੈਨੇਟਾਈਜ਼ ਕਰਨ ਉਪਰੰਤ ਆਪਣੀ ਪੀ .ਪੀ. ਈ. ਕਿੱਟ ਤਾਂ ਉਤਾਰ ਕੇ ਪੈਕ ਕਰਕੇ ਗੱਡੀ 'ਚ ਰੱਖ ਲਈ ਪਰ ਆਪਣੇ ਹੱਥਾਂ 'ਚ ਪਾਏ ਹੋਏ ਦਸਤਾਨੇ ਉਹ ਜਾਂਦੇ ਸਮੇਂ ਸ਼ਮਸ਼ਾਨ ਭੂਮੀ 'ਚ ਹੀ ਖੁੱਲ੍ਹੇ 'ਚ ਸੁੱਟ ਗਏ। ਉੱਥੇ ਖੜ੍ਹੇ ਕੁਝ ਲੋਕਾਂ ਦੀ ਨਜ਼ਰ ਤੁਰੰਤ ਇਸ ਹਰਕਤ 'ਤੇ ਪੈ ਗਈ ਤਾਂ ਇਸ ਪਾਸੇ ਹਾਜ਼ਰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਦੇ ਅਮਲੇ ਦਾ ਧਿਆਨ ਲਿਆਂਦਾ ਗਿਆ, ਜਿਸ 'ਤੇ ਫ਼ੌਰੀ ਕਾਰਵਾਈ ਕਰਦੇ ਸਿਹਤ ਕਾਮਿਆਂ ਨੇ ਪੂਰੇ ਧਿਆਨ ਨਾਲ ਇਨ੍ਹਾਂ ਦਸਤਾਨਿਆਂ ਨੂੰ ਚੁੱਕ ਕੇ ਡਿਸਪੋਜ਼ ਕਰਨ ਲਈ ਵੱਖ ਤੋਂ ਪੈਕ ਕਰ ਲਿਆ।

PunjabKesari

ਨਗਰ ਕੌਂਸਲ ਵੱਲੋਂ ਮੁਹੱਲੇ ਨੂੰ ਸੈਨੇਟਾਈਜ਼ ਕੀਤਾ ਗਿਆ

ਮ੍ਰਿਤਕ ਪਵਨ ਸੇਖੜੀ ਦੇ ਕਾਰੋਬਾਰੀ ਸਥਾਨ ਅਤੇ ਘਰ ਦੇ ਨੇੜਲੇ ਵਾਲੇ ਇਲਾਕੇ ਨੂੰ ਨਗਰ ਕੌਂਸਲ ਵੱਲੋਂ ਅੱਜ ਸਵੇਰੇ ਸੈਨੇਟਾਈਜ਼ ਕੀਤਾ ਗਿਆ। ਨਗਰ ਕੌਂਸਲ ਨੇ ਇਹ ਕਦਮ ਅਹਿਤਿਆਤ ਵਜੋਂ ਚੁੱਕੇ ਹਨ।

PunjabKesari

ਗੜ੍ਹਸ਼ੰਕਰ 'ਚ ਜ਼ਿਆਦਾਤਰ ਦੁਕਾਨਾਂ ਨੇ ਆਪਣੇ ਕਾਰੋਬਾਰ ਰੱਖੇ ਬੰਦ
ਸ਼ਹਿਰ ਅੰਦਰ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ ਉਪਰੰਤ ਦੁਕਾਨਦਾਰਾਂ ਨੇ ਹਮਦਰਦੀ ਵਜੋਂ ਅੱਜ ਆਪਣੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖੇ। ਆਮ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਸੀ ਕਿ ਜਿਸ ਤਰ੍ਹਾਂ ਗੜ੍ਹਸ਼ੰਕਰ 'ਚ ਲਗਾਤਾਰ ਕੋਰੋਨਾ ਵਾਇਰਸ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਵੇਖਣ ਨੂੰ ਮਿਲ ਰਹੀ ਹੈ। ਉਸ ਨੂੰ ਮੁੱਖ ਰੱਖਦੇ ਇਲਾਕੇ ਨੂੰ ਕੁਝ ਦਿਨਾਂ ਲਈ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਣਾ ਚਾਹੀਦਾ ਹੈ।

ਕੋਰੋਨਾ ਮਰੀਜ਼ਾਂ ਨੂੰ ਹੁਸ਼ਿਆਰਪੁਰ ਭੇਜਿਆ, ਕੁਝ ਘਰਾਂ 'ਚ ਆਈਸੋਲੇਟ ਹੋਏ
ਗੜ੍ਹਸ਼ੰਕਰ 'ਚ ਬੀਤੇ ਕੱਲ੍ਹ 9 ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਆ ਜਾਣ ਉਪਰੰਤ ਜ਼ਿਆਦਾਤਰ ਮਰੀਜ਼ਾਂ ਨੂੰ ਸਿਹਤ ਮਹਿਕਮੇ ਨੇ ਹੁਸ਼ਿਆਰਪੁਰ ਸਥਾਪਤ ਕੀਤੇ ਆਈਸੋਲੇਸ਼ਨ ਸੈਂਟਰ 'ਚ ਭੇਜ ਦਿੱਤਾ। ਦੋ ਵਿਅਕਤੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਹੋ ਗਏ ਅਤੇ ਇਕ ਜੋੜੇ ਨੇ ਆਪਣੇ ਘਰ 'ਚ ਹੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ।


author

shivani attri

Content Editor

Related News