ਹੁਸ਼ਿਆਰਪੁਰ: ਰਿਸ਼ਤਿਆਂ ਦੀ ਮਜ਼ਬੂਤ ਉਦਾਹਰਣ, ''ਕੋਰੋਨਾ'' ਪੀੜਤ ਦਾ ਪਰਿਵਾਰ ਨੇ ਕੀਤਾ ਸਸਕਾਰ
Wednesday, May 06, 2020 - 07:50 PM (IST)

ਹੁਸ਼ਿਆਰਪੁਰ (ਮਿਸ਼ਰਾ)— ਜ਼ਿਲਾ ਹੁਸ਼ਿਆਰਪੁਰ 'ਚ ਇਕ ਵਾਰ ਫਿਰ ਤੋਂ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਉਦਾਹਰਣ ਮਿਲੀ ਹੈ। ਜਿੱਥੇ ਕਈ ਸਥਾਨਾਂ 'ਤੇ ਕੋਰੋਨਾ ਪੀੜਤ ਵਿਅਕਤੀ ਦੇ ਸਸਕਾਰ ਦੌਰਾਨ ਪਰਿਵਾਰ ਵੱਲੋਂ ਅੱਗੇ ਨਾ ਆਉਣ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਪਰਿਵਾਰ ਨੂੰ ਲੈ ਕੇ ਪੁਖਤਾ ਪ੍ਰਬੰਧ ਯਕੀਨੀ ਕਰਦੇ ਹੋਏ ਕੋਰੋਨਾ ਪੀੜਤ ਦਾ ਅੰਤਿਮ ਸੰਸਕਾਰ ਕਰਵਾਇਆ। ਬੀਤੇ ਦਿਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਦੇ ਇਕ ਹੋਰ ਕੋਰੋਨਾ ਪੀੜਤ ਮਹੇਸ਼ ਸਾਹਨੀ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਐੱਸ. ਡੀ. ਐੱਮ. ਅਮਿਤ ਮਹਾਜਨ ਦੀ ਅਗਵਾਈ 'ਚ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਰੋਸ਼ਨ ਕੁਮਾਰ ਨੇ ਮਹੇਸ਼ ਨੂੰ ਮੁੱਖ ਅਗਨੀ ਦਿੱਤੀ।
ਇਸ ਮੌਕੇ ਐੱਸ. ਡੀ. ਐੱਮ. ਸ਼੍ਰੀ ਅਮਿਤ ਮਹਾਜਨ ਨੇ ਮ੍ਰਿਤਕ ਦੇਹ ਸਬੰਧੀ ਸਾਰੇ ਸ਼ੱਕ ਦੂਰ ਕਰਦੇ ਹੋਏ ਕਿਹਾ ਕਿ ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਨਾਲ ਕਿਸੇ ਤਰ੍ਹਾਂ ਦਾ ਵਾਇਰਸ ਨਹੀਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਰਿਵਾਰ ਅੰਤਿਮ ਰਸਮਾਂ ਨਿਭਾਉਣ ਲਈ ਅੱਗੇ ਆਇਆ ਹੈ, ਉਥੇ ਹੀ ਐੱਨ. ਜੀ. ਓ. ਵੱਲੋਂ ਅੰਤਿਮ ਰਸਮਾਂ 'ਚ ਸ਼ਮੂਲੀਅਤ ਕਰਕੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਪਹਿਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਵੱਲੋਂ ਕੋਰੋਨਾ ਪੀੜਤ ਮ੍ਰਿਤਕ ਦੀਆਂ ਅੰਤਿਮ ਰਸਮਾਂ 'ਚ ਯੋਗਦਾਨ ਪਾਇਆ ਗਿਆ ਹੈ, ਜੋਕਿ ਇਕ ਚੰਗੀ ਕੋਸ਼ਿਸ਼ ਹੈ। ਇਥੇ ਦੱਸ ਦੇਈਏ ਕਿ ਇਸ ਕੋਰੋਨਾ ਨਾਲ ਮਰੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੇ ਸਸਕਾਰ ਦੌਰਾਨ ਵੀ ਉਨ੍ਹਾਂ ਦੇ ਬੇਟੇ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਸਨ। ਐੱਸ.ਡੀ.ਐੱਮ. ਅਮਿਤ ਮਹਾਜਨ ਨੇ ਦੱਸਿਆ ਕਿ ਮਹੇਸ਼ ਸਾਹਨੀ ਆਪਣੇ ਪਿੱਛੇ ਪਤਨੀ, ਬੇਟਾ ਅਤੇ ਇਕ ਬੇਟੀ ਛੱਡ ਗਏ ਬਨ।
ਜ਼ਿਕਰਯੋਗ ਹੈ ਕਿ ਮਹੇਸ਼ ਸਾਹਨੀ (55) ਦੀ ਬੀਤੇ ਦਿਨੀਂ ਅੰਮ੍ਰਿਤਸਰ 'ਚ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਕਤ ਵਿਅਕਤੀ ਨੂੰ ਹੁਸ਼ਿਆਰਪੁਰ ਦੇ ਹਸਪਤਾਲ 'ਚ ਇਕ ਮਈ ਨੂੰ ਲਿਆਂਦਾ ਗਿਆ ਸੀ ਪਰ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ 'ਚ ਰੈਫਰ ਕਰ ਦਿੱਤਾ ਗਿਆ ਸੀ। ਕੋਵਿਡ-19 ਦੀ ਜਾਂਚ ਲਈ ਉਸ ਦਾ ਸੈਂਪਲ ਲਏ ਗਏ ਸਨ, ਜਿਸ 'ਚ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਇਸ ਮੌਕੇ ਡਾ. ਸ਼ੈਲੇਸ਼ ਤੋਂ ਇਲਾਵਾ ਐੱਨ. ਜੀ. ਓ. ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਤੋਂ ਡਾ. ਅਜੇ ਬਜਗਾ ਅਤੇ ਮਾਸਟਰ ਵਿਜੇ ਕੁਮਾਰ ਮੌਜੂਦ ਸਨ।