ਹੁਸ਼ਿਆਰਪੁਰ ''ਚ ਬਣ ਰਹੀ ਹੈ ''ਕੋਰੋਨਾ'' ਦੀ ਚੇਨ, ਟਾਂਡਾ ''ਚ ਮੁੜ ਮਿਲੇ 4 ਪਾਜ਼ੇਟਿਵ ਕੇਸ

Tuesday, May 26, 2020 - 01:23 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਮੋਮੀ, ਜਸਵਿੰਦਰ) — ਹੁਸ਼ਿਆਰਪੁਰ 'ਚ ਹੁਣ ਕੋਰੋਨਾ ਵਾਇਰਸ ਦੀ ਚੇਨ ਲਗਾਤਾਰ ਬਣਦੀ ਜਾ ਰਹੀ ਹੈ। ਇਥੋਂ ਦੇ ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) 'ਚੋਂ ਅੱਜ ਫਿਰ 4 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ 'ਚ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 111 ਤੱਕ ਪਹੁੰਚ ਚੁੱਕਾ ਹੈ। ਅੱਜ 4 ਹੋਰ ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਉਣ ਨਾਲ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਦਾ ਹਾਟ ਸਪਾਟ ਬਣਦਾ ਜਾ ਰਿਹਾ ਹੈ।

ਬੀਤੇ ਦਿਨ ਕੋਰੋਨਾ ਨਾਲ ਮਰੇ ਲਖਵਿੰਦਰ ਸਿੰਘ ਅਤੇ ਉਸ ਦੇ ਸੰਪਰਕ 'ਚ ਆਏ 6 ਹੋਰ ਮਰੀਜ਼ਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਸੰਪਰਕ 'ਚ ਆਏ 4 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਕੱਲੇ ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) 'ਚ ਹੁਣ ਕੁੱਲ ਗਿਣਤੀ 10 ਤੱਕ ਪਹੁੰਚ ਗਈ ਹੈ। ਅੱਜ ਲਏ ਗਏ 22 ਸੈਂਪਲਾ 'ਚੋਂ ਆਈ 12 ਟੈਸਟਾਂ ਦੀਆਂ ਰਿਪੋਰਟਾਂ 'ਚੋਂ 8 ਦੀ ਰਿਪੋਰਟ ਨੈਗੇਟਿਵ ਆਈ ਹੈ।

ਅੱਜ ਦੇ ਪਾਜ਼ੇਟਿਵ ਕੇਸਾਂ 'ਚ ਲਖਵਿੰਦਰ ਸਿੰਘ ਦੇ 3 ਪਰਿਵਾਰਕ ਮੈਂਬਰਾਂ ਅਤੇ ਇਕ ਹੋਰ ਪਿੰਡ ਵਾਸੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਲਖਵਿੰਦਰ ਸਿੰਘ ਦੇ 5 ਪਰਿਵਾਰਕ ਮੈਂਬਰਾਂ ਅਤੇ ਇਕ ਹੋਰ ਪਿੰਡ ਵਾਸੀ ਦੇ ਨਾਲ-ਨਾਲ ਉਸ ਦੇ ਸੰਪਰਕ 'ਚ ਆਏ ਉਸ ਦੇ ਪਾਰਿਕਾ (ਮੁਕੇਰੀਆਂ ) ਰਹਿੰਦੇ ਤਿੰਨ ਰਿਸ਼ਤੇਦਾਰਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।

ਇਸ ਗੱਲ ਦੀ ਪੁਸ਼ਟੀ ਕਰਦੇ ਐੱਸ. ਐੱਮ. ਓ. ਟਾਂਡਾ ਕੇ. ਆਰ. ਬਾਲੀ ਨੇ ਕਰਦੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ਨੂੰ ਹੁਸ਼ਿਆਰਪੁਰ ਦੇ ਇਕਾਂਤਵਾਸ ਸੈਂਟਰ 'ਚ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ 10 ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਪਿੰਡ 'ਚੋਂ ਮਿਲ ਰਹੇ ਲਗਾਤਾਰ ਪਾਜ਼ੇਟਿਵ ਕੇਸਾਂ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।


shivani attri

Content Editor

Related News