ਕੋਰੋਨਾ ਵਾਇਰਸ ਨੂੰ ਲੈ ਕੇ ਹੁਸ਼ਿਆਰਪੁਰ ਪ੍ਰਸ਼ਾਸਨ ਚੌਕਸ, ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼

03/17/2020 1:56:54 PM

ਹੁਸ਼ਿਆਰਪੁਰ (ਘੁੰਮਣ)— ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇ। ਉਹ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਐੱਸ. ਡੀ. ਐੱਮਜ਼ ਨੂੰ ਨਿਰਦੇਸ਼ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਹੁਸ਼ਿਆਰਪੁਰ ਜ਼ਿਲੇ 'ਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਗੇਤੇ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਸਮਾਂ ਰਹਿੰਦੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੋਰੋਨਾ ਗ੍ਰਸਤ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਲਈ ਵੱਖਰੇ ਤੌਰ 'ਤੇ ਵਾਰਡ ਬਣਾਏ ਜਾਣੇ ਹਨ, ਜਿਸ ਲਈ ਐੱਸ. ਡੀ. ਐੱਮਜ਼ ਤੁਰੰਤ ਯੋਗ ਥਾਵਾਂ ਦੀ ਚੋਣ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ ਨਾਲ ਕਿਸੇ ਵਿਅਕਤੀ ਨੇ ਹੱਥ ਮਿਲਾਇਆ ਹੈ ਜਾਂ ਹੋਰ ਤਰੀਕੇ ਨਾਲ ਉਸ ਦੇ ਸੰਪਰਕ 'ਚ ਆਇਆ ਹੈ ਤਾਂ ਅਹਿਤਿਆਤ ਵਜੋਂ ਅਜਿਹੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਅਰਬਨ ਏਰੀਆ ਵਿਚ ਇਕ ਹੋਰ ਮੌਕ ਡਰਿੱਲ ਕਰਵਾਉਣ ਦੀ ਵੀ ਹਦਾਇਤ ਕੀਤੀ, ਤਾਂ ਜੋ ਪ੍ਰਬੰਧਾਂ ਦੀ ਸਮੀਖਿਆ ਦੇ ਨਾਲ-ਨਾਲ ਜਾਗਰੂਕਤਾ ਵੀ ਫੈਲਾਈ ਜਾ ਸਕੇ। ਉਨ੍ਹਾਂ ਜਿੱਥੇ ਭੀੜ ਇਕੱਠੀ ਨਾ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਕਿਹਾ, ਉਥੇ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ, 64 ਸਾਲ ਦਾ ਸੀ ਬਜ਼ੁਰਗ

PunjabKesari

ਰਿਆਤ ਨੇ ਜ਼ਿਲਾ ਵਾਸੀਆਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਸਨ, ਉਹ ਮੌਕ ਡਰਿੱਲ ਦੀਆਂ ਸਨ। ਉਨ੍ਹਾਂ ਅਪੀਲ ਕੀਤੀ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਜਾਂਚ ਪੜਤਾਲ ਕਰਨ ਉਪਰੰਤ ਹੀ ਕੋਰੋਨਾ ਵਾਇਰਸ ਨਾਲ ਸਬੰਧਤ ਸਮੱਗਰੀ ਸ਼ੇਅਰ ਕੀਤੀ ਜਾਵੇ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 7,170 ਦੇ ਪਾਰ

ਜ਼ਿਲਾ ਵਾਸੀਆਂ ਨੂੰ ਵੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਜਾਗਰੂਕਤਾ ਹੀ ਬਚਾਅ ਹੈ, ਇਸ ਲਈ ਹਰੇਕ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖਾਂਸੀ, ਬੁਖਾਰ ਜਾਂ ਸਾਹ ਲੈਣ 'ਚ ਤਕਲੀਫ ਆਦਿ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਮਰੀਜ਼ ਸਾਹਮਣੇ ਆਉਂਦਾ ਹੈ, ਤਾਂ ਤੁਰੰਤ ਜ਼ਿਲਾ ਪੱਧਰੀ ਕੰਟਰੋਲ ਰੂਮ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ ਟੋਲ ਫਰੀ ਨੰਬਰ 104 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ।

PunjabKesari

ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਫ ਰੱਖੋ, ਹੱਥ ਸਮੇਂ-ਸਮੇਂ 'ਤੇ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਸਾਫ ਕਰਦੇ ਰਹੋ ਜਾਂ ਐਲਕੋਹਲ ਬੇਸਡ ਸੈਨੀਟਾਈਜ਼ਰ ਦੀ ਵਰਤੋਂ ਕਰੋ, ਖਾਂਸੀ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਨਾਲ ਮੂੰਹ ਢੱਕ ਕੇ ਰੱਖੋ ਅਤੇ ਜੇਕਰ ਰੁਮਾਲ ਨਹੀਂ ਹੈ ਤਾਂ ਆਪਣੀ ਕੂਹਣੀ ਨੂੰ ਇਕੱਠਾ ਕਰਕੇ ਮੂੰਹ ਢੱਕੋ, ਉਪਰੰਤ ਸਾਬਣ ਨਾਲ ਚੰਗੀ ਤਰ੍ਹਾਂ ਹੱਥਾਂ ਨੂੰ ਧੋਵੋ, ਭੀੜ ਵਾਲੀ ਜਗ੍ਹਾ 'ਤੇ ਨਾ ਜਾਓ। ਇਸ ਤੋਂ ਇਲਾਵਾ ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਨਾ ਛੂਹੋ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ 'ਚ ਕੋਵਿਡ-19 ਨਾਲ ਪ੍ਰਭਾਵਿਤ ਖੇਤਰ ਜਾਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ 'ਚ ਆਇਆ ਹੈ ਤਾਂ ਉਹ ਭੀੜ-ਭੜੱਕੇ ਵਾਲੀ ਜਗ੍ਹਾ 'ਚ ਨਾ ਜਾਵੇ ਅਤੇ ਉਹ ਆਪਣੇ ਆਪ ਨੂੰ 14 ਦਿਨਾਂ ਤੱਕ ਘਰ 'ਚ ਵੱਖਰਾ ਰੱਖੇ। ਮੀਟਿੰਗ ਉਪਰੰਤ ਇਕ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ, ਐੱਸ.ਡੀ.ਐੱਮ. ਹੁਸ਼ਿਆਰਪੁਰ ਅਮਿਤ ਮਹਾਜਨ, ਐੱਸ.ਡੀ.ਐੱਮ. ਦਸੂਹਾ ਜੋਤੀ ਬਾਲਾ, ਐੱਸ.ਡੀ.ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ, ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ, ਸਿਵਲ ਸਰਜਨ ਡਾ. ਜਸਵੀਰ ਸਿੰਘ, ਨੋਡਲ ਅਫਸਰ ਡਾ. ਸੈਲੇਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ

ਇਹ ਵੀ ਪੜ੍ਹੋ : ਨਸ਼ਿਆਂ ਨੇ ਉਜਾੜੇ ਕਈ ਘਰ, ਹੱਥਾਂ 'ਚ ਤਸਵੀਰਾਂ ਤੇ ਦਿਲਾਂ 'ਚ ਦਰਦ ਲੈ ਕੇ ਧਾਹਾਂ ਮਾਰ ਰੋਏ ਮਾਪੇ


shivani attri

Content Editor

Related News